ਧਮਾਕੇਦਾਰ ਸ਼ੁਰੂਆਤ ਮਗਰੋਂ ਅੱਧ-ਵਿਚਾਲੇ ਰੁਕੀ ਮੁੱਖ ਮੰਤਰੀ ਚੰਨੀ ਦੀ ਮੁਹਿੰਮ
Saturday, Oct 09, 2021 - 02:06 PM (IST)
ਅੰਮ੍ਰਿਤਸਰ (ਜਗ ਬਾਣੀ ਟੀਮ) - ਸੂਬੇ ਵਿਚ ਸੱਤਾ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਰ ਕੰਮਾਂ ਵਿਚ ਇੰਨੇ ਰੁੱਝ ਗਏ ਹਨ ਕਿ ਉਨ੍ਹਾਂ ਨੂੰ ਪੰਜਾਬ ਦੀ ਸੁਧ-ਬੁਧ ਹੀ ਨਹੀਂ ਰਹੀ। ਖ਼ਾਸ ਤੌਰ ’ਤੇ ਪੰਜਾਬ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਚੰਨੀ ਨੇ ਜਿਸ ਤਰ੍ਹਾਂ ਸ਼ੁਰੂ ਵਿਚ ਮੁਹਿੰਮ ਚਲਾਈ ਸੀ, ਉਹ ਹੁਣ ਅੱਧ ਵਿਚਾਲੇ ਹੀ ਰੁਕ ਗਈ ਹੈ।
ਪੰਜਾਬ ਕਾਂਗਰਸ ਤੋਂ ਲੈ ਕੇ ਪੰਜਾਬ ਸਰਕਾਰ ਤਕ ਦੇ ਲੋਕ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਇੰਨੇ ਜ਼ਿਆਦਾ ਰੁੱਝ ਗਏ ਹਨ ਕਿ ਪੰਜਾਬ ਨੂੰ ਭੁੱਲ ਗਏ। ਖੁਦ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀ ਕਾਂਗਰਸ ਨੂੰ ਇਸ ਗੱਲ ਨੂੰ ਲੈ ਕੇ ਜੋ ਚਿਤਾਵਨੀ ਦਿੱਤੀ ਹੈ, ਉਹ ਕਿਤੇ ਨਾ ਕਿਤੇ ਸਹੀ ਹੈ। ਲਖੀਮਪੁਰ ਖੀਰੀ ਬੇਸ਼ੱਕ ਇਕ ਗੰਭੀਰ ਮਾਮਲਾ ਹੈ ਪਰ ਇਸ ਪੂਰੇ ਮਾਮਲੇ ਵਿਚ ਕਾਂਗਰਸ ਇੰਨੀ ਰੁੱਝ ਗਈ ਹੈ ਕਿ ਉਹ ਪੰਜਾਬ ਨੂੰ ਹੀ ਭੁੱਲ ਗਈ। ਰਾਹੁਲ ਗਾਂਧੀ ਤੇ ਪ੍ਰਿਯੰਕਾ ਕਾਰਨ ਪੰਜਾਬ ਕਾਂਗਰਸ ਦੇ ਨੇਤਾਵਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਜਿਵੇਂ-ਤਿਵੇਂ ਹਾਈਕਮਾਨ ਦੇ ਸਾਹਮਣੇ ਨੰਬਰ ਬਣਾ ਲਏ ਜਾਣ।
ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਕਾਰਨਾਮਿਆਂ ਤੋਂ ਦੁਖੀ 'ਆਪ' ਆਗੂ ਦੀ ਮੰਤਰੀ ਰੰਧਾਵਾ ਨੂੰ ਚਿਤਾਵਨੀ, ਕਾਰਵਾਈ ਨਾ ਹੋਈ ਤਾਂ ਕਰਾਂਗਾ ਆਤਮਦਾਹ
ਲਖੀਮਪੁਰ ਖੀਰੀ ਇਕੋ-ਇਕ ਸਮੱਸਿਆ ਨਹੀਂ ਹੈ, ਸਗੋਂ ਪੰਜਾਬ ਦੀਆਂ ਆਪਣੀਆਂ ਅਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਸਮੇਂ ’ਤੇ ਕੱਢਣਾ ਜ਼ਰੂਰੀ ਹੈ। ਸਰਕਾਰ ਕੋਲ ਰੋਜ਼ ਦੇ ਰੋਜ਼ ਦਿਨ ਘੱਟ ਹੋ ਰਹੇ ਹਨ। ਕਿਸਾਨਾਂ ਦਾ ਮਸਲਾ ਇਕ ਅਹਿਮ ਮਸਲਾ ਹੈ ਪਰ ਕਾਂਗਰਸ ਇਸ ਮਸਲੇ ਦੀ ਆੜ ’ਚ ਬਾਕੀ ਮੁੱਦਿਆਂ ਵਲੋਂ ਬੇਪ੍ਰਵਾਹ ਹੋ ਰਹੀ ਹੈ। ਕਾਂਗਰਸ ਦੀ ਇਹ ਬੇਪ੍ਰਵਾਹੀ ਆਮ ਲੋਕਾਂ ਵਿਚ ਰੋਸ ਦਾ ਕਾਰਨ ਬਣ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਇੰਡਸਟਰੀ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ
ਪੰਜਾਬ ਵਿਚ ਉਦਯੋਗਾਂ ਤੋਂ ਲੈ ਕੇ ਵਿਕਾਸ ਤਕ ਦੀਆਂ ਵੱਡੀਆਂ ਸਮੱਸਿਆਵਾਂ ਹਨ, ਜਿਨ੍ਹਾਂ ਵੱਲ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ। ਲੁਧਿਆਣਾ, ਜਲੰਧਰ, ਮੰਡੀ ਗੋਬਿੰਦਗੜ੍ਹ ਸਮੇਤ ਪੰਜਾਬ ਵਿਚ ਚੱਲ ਰਹੀ ਇੰਡਸਟ੍ਰੀ ਹਰ ਮਹੀਨੇ ਕਰੋੜਾਂ ਰੁਪਏ ਮਾਲੀਏ ਦੇ ਤੌਰ ’ਤੇ ਸਰਕਾਰ ਨੂੰ ਦੇ ਰਹੀ ਹੈ ਪਰ ਇਨ੍ਹਾਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਦਾ ਧਿਆਨ ਨਹੀਂ ਹੈ। ਮੰਨਿਆ ਕਿ ਪੰਜਾਬ ਵਿਚ ਖੇਤੀਬਾੜੀ ਮੁੱਖ ਕਿੱਤਾ ਹੈ ਪਰ ਸੂਬੇ ਦੇ ਵਿਕਾਸ ਵਿਚ ਉਦਯੋਗਾਂ, ਕਾਰੋਬਾਰੀਆਂ ਦੀ ਭੂਮਿਕਾਂ ਨੂੰ ਬੇਧਿਆਨ ਨਹੀਂ ਕੀਤਾ ਜਾ ਸਕਦਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)
ਵਿਕਾਸ ਨੂੰ ਤਰਸ ਰਹੇ ਹਨ ਲੋਕ
ਪੰਜਾਬ ਵਿਚ ਪਿਛਲੇ ਕੁਝ ਸਾਲਾਂ ਵਿਚ ਸ਼ਹਿਰਾਂ ਦੀ ਹਾਲਤ ਬਹੁਤ ਖਰਾਬ ਹੋਈ ਹੈ। ਸ਼ਹਿਰੀ ਮੰਤਰਾਲਾ ਸੰਭਾਲ ਰਹੇ ਨੇਤਾਵਾਂ ਨੇ ਅਜਿਹਾ ਕੋਈ ਖਾਸ ਕੰਮ ਨਹੀਂ ਕੀਤਾ ਜਿਸ ਤੋਂ ਲੱਗੇ ਕਿ ਸੂਬੇ ਵਿਚ ਕੋਈ ਸਰਕਾਰ ਹੈ। ਟੁੱਟੀਆਂ ਸੜਕਾਂ, ਖਸਤਾ ਹਾਲਤ ਪਾਰਕ, ਆਵਾਜਾਈ ਦਾ ਗੜਬੜਾਉਂਦਾ ਸਿਸਟਮ, ਇਹ ਕੁਝ ਉਦਾਹਰਣਾਂ ਹਨ, ਜਿਨ੍ਹਾਂ ਤੋਂ ਸੂਬੇ ਦੇ ਹਾਲਾਤ ਆਸਾਨੀ ਨਾਲ ਪਤਾ ਲੱਗ ਰਹੇ ਹਨ। ਅਜਿਹੀ ਸਥਿਤੀ ’ਚ ਸਰਕਾਰ ਜਦੋਂ ਜਨਤਾ ਵਿਚਕਾਰ ਜਾ ਕੇ ਆਪਣੀ ਗੱਲ ਰੱਖੇਗੀ ਤਾਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਕੌਣ ਦੇਵੇਗਾ, ਜੋ ਜਨਤਾ ਦੇ ਦਿਮਾਗ ਵਿਚ ਘੁੰਮ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ,ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਫਲਾਈਟ