CM ਚੰਨੀ ਦਾ ਵੱਡਾ ਬਿਆਨ, ਅਕਾਲੀ ਦਲ ਅਤੇ ਭਾਜਪਾ ਅੰਦਰ ਖ਼ਾਤੇ ਨੇ ਇਕ, ਬਸਪਾ ਨਾਲ ਕੀਤਾ ਜਾ ਰਿਹੈ ਧੋਖਾ

Wednesday, Jan 26, 2022 - 05:09 PM (IST)

CM ਚੰਨੀ ਦਾ ਵੱਡਾ ਬਿਆਨ, ਅਕਾਲੀ ਦਲ ਅਤੇ ਭਾਜਪਾ ਅੰਦਰ ਖ਼ਾਤੇ ਨੇ ਇਕ, ਬਸਪਾ ਨਾਲ ਕੀਤਾ ਜਾ ਰਿਹੈ ਧੋਖਾ

ਫਗਵਾੜਾ( ਵੈੱਬ ਡੈਸਕ,ਜਲੋਟਾ)— ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਗਵਾੜਾ ਵਿਖੇ ਪਰੈੱਸ ਕਾਨਫ਼ਰੰਸ ਕਰਦੇ ਹੋਏ ਵਿਰੋਧੀ ਧਿਰਾਂ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲੈਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਹਨ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਅਤੇ ਕਾਂਗਰਸੀ ਵੀ ਵੇਖ ਲਏ ਹਨ ਅਤੇ ਹੁਣ ਇਕ ਮੌਕਾ ‘ਆਪ’ ਨੂੰ ਦੇ ਕੇ ਵੇਖਿਆ ਜਾਵੇ। ਚੰਨੀ ਨੇ ਕਿਹਾ ਕਿ ਸਾਨੂੰ ਸਿਰਫ਼ 111 ਦਿਨ ਹੀ ਮਿਲੇ ਹਨ, ਪਹਿਲਾਂ ਸਾਨੂੰ ਤਾਂ ਵੇਖ ਲੈਣ ਦਿਓ। ਅਕਾਲੀਆਂ 'ਤੇ ਵੱਡੇ ਦੋਸ਼ ਲਾਉਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਅੰਦਰੋਂ ਖ਼ਾਤੇ ਇਕ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਬਹੁਤ ਹੀ ਚਲਾਕੀ ਨਾਲ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਬਸਪਾ ਕਾਰਕੁਨਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਸੋਚ ਦੇ ਉਲਟ ਬਸਪਾ ਪੰਜਾਬ ਵਿਚ ਕਾਰਜ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਖ਼ੁਦ ਬਹੁਜਨ ਸਮਾਜ ਪਾਰਟੀ ਦੇ ਵੱਡੇ ਨੇਤਾ ਇਹ ਆਖਦੇ ਰਹੇ ਹਨ ਕਿ ਪੰਜਾਬ ਵਿਚ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗਾਂ ਦੀ ਗਿਣਤੀ 35 ਫ਼ੀਸਦੀ ਹੈ ਪਰ ਜੋ ਗਠਜੋੜ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦਰਮਿਆਨ ਹੋਇਆ ਹੈ, ਉਸ ਵਿੱਚ ਬਸਪਾ ਨੂੰ ਸਿਰਫ਼ 20 ਵਿਧਾਨ ਸਭਾ ਸੀਟਾਂ ਹੀ ਦਿੱਤੀਆਂ ਗਈਆਂ ਹਨ, ਜੋਕਿ ਅਨੁਸੂਚਿਤ ਸਮਾਜ ਦੀ ਹਿੱਸੇਦਾਰੀ ਦੇ ਕੀਤੇ ਜਾਂਦੇ 35 ਫ਼ੀਸਦੀ ਦਾਅਵੇ ਤੋਂ ਬਹੁਤ ਘੱਟ ਹਨ। ਇੰਝ ਭਲਾ ਕਿਉਂ ਹੋਇਆ ਹੈ? ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਸਪਾ ਨੂੰ ਉਹ ਵਿਧਾਨ ਸਭਾ ਸੀਟਾਂ ਦਿੱਤੀਆਂ ਗਈਆਂ ਹਨ, ਜਿੱਥੇ ਪਾਰਟੀ ਦਾ ਕੋਈ ਜ਼ਿਆਦਾ ਆਧਾਰ ਹੀ ਨਹੀਂ ਹੈ ਅਤੇ ਇਨ੍ਹਾਂ 'ਤੇ ਵੀ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਆਪਣੇ ਕੁਝ ਖ਼ਾਸ ਲੀਡਰ ਨੂੰ ਚੋਣਾਂ ਲੜੀਆਂ ਜਾ ਰਹੀਆਂ ਹਨ। ਅੱਜ ਫਗਵਾੜਾ ਵਿਖੇ ਕਾਂਗਰਸੀ ਉਮੀਦਵਾਰ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ ਕਾਂਗਰਸ ਰੈਲੀ ਚ ਸ਼ਾਮਲ ਹੋਏ ਮੁੱਖ ਮੰਤਰੀ ਸਰਦਾਰ ਚੰਨੀ ਨੇ ਕਿਹਾ ਕਿ ਉਹ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ’ਚ ਲਹਿਰਾਇਆ ਤਿਰੰਗਾ (ਤਸਵੀਰਾਂ)

PunjabKesari

ਅਰਵਿੰਦ ਕੇਜਰੀਵਾਲ ਉਤੇ ਤੰਜ ਕੱਸਦੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਕੇਜਰੀਵਾਲ ਨੇ ਆਪਣੇ ਇਸ਼ਤਿਹਾਰਾਂ ’ਤੇ ਹੀ ਕਰੀਬ 400 ਕਰੋੜ ਰੁਪਇਆ ਖ਼ਰਚ ਦਿੱਤਾ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਲੋਕਾਂ ਨੂੰ ਜਾ ਕੇ ਦੱਸਦੇ ਹਨ ਕਿ ਉਹ ਆਮ ਲੋਕਾਂ ਨਾਲ ਜੁੜੇ ਹੋਏ ਹਨ ਜਦਕਿ ਸੱਚਾਈ ਇਹ ਹੈ ਇਸ ਪਾਰਟੀ ਨੂੰ ਨਾ ਤਾਂ ਆਮ ਆਦਮੀ ਦੇ ਹਿੱਤਾਂ ਦੀ ਕੋਈ ਫ਼ਿਕਰ ਹੈ ਅਤੇ ਨਾ ਹੀ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਸਬੰਧੀ ਉਲੀਕੀ ਗਈ ਪਲੈਨਿੰਗ ਹੈ। 

ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਪੇਟੇ ’ਚ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ 4 ਵਜੇ ਹੀ ਦੁਕਾਨ ਬੰਦ ਕਰ ਦਿੰਦੇ ਸਨ। ਫਿਰ ‘ਅਭੀ ਤੋਂ ਪਾਰਟੀ ਸ਼ੁਰੂ ਹੁਈ ਹੈ’ ਵਾਲਾ ਕੰਮ ਸ਼ੁਰੂ ਹੋ ਜਾਂਦਾ ਹੈ। ਕਿਸੇ ਨੂੰ ਮਿਲਦੇ ਨਹੀਂ ਹਨ। ਕੈਪਟਨ ਦੀ ਦੁਕਾਨ ਬੰਦ ਕਰਨ ਦਾ ਸਮੇਂ ਦਾ ਭਗਵੰਤ ਮਾਨ ਨਾਲ ਸਿਰਫ਼ ਦੋ ਘੰਟਿਆਂ ਦਾ ਫਰਕ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਵਾਂਗ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਂ ਦੀ ਪਾਰਟੀ ਸ਼ਾਮ4 ਵਜੇ ਦੀ ਥਾਂ 6 ਵਜੇ ਸ਼ੁਰੂ ਹੁੰਦੀ ਹੈ ਅਤੇ ਇਸ ਤੋਂ ਬਾਅਦ ਉਸ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਹੈ ਕਿਉਂਕਿ ਸਭ ਜਾਣਦੇ ਹਨ ਕਿ ਸ਼ਰਾਬ ਦੇ ਨਸ਼ੇ ਤੋਂ ਬਾਅਦ ਬੰਦੇ ਦੀ ਕੀ ਹਾਲਤ ਹੋ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਕ ਦਿਨ ਇਨ੍ਹਾਂ ਦੀ ਹੀ ਗੱਡੀ ਪਲਟੀ ਸੀ ਤਾਂ ਸਾਰੇ ਸ਼ਰਾਬੀ ਹੀ ਗੱਡੀ ’ਚੋਂ ਕੱਢੇ ਸਨ। ਰਾਤ ਦੇ ਸਮੇਂ ਤਾਂ ਇਨ੍ਹਾਂ ਨਾਲ ਕੋਈ ਗੱਲ ਨਹੀਂ ਕਰ ਸਕਦਾ। ਮੁੱਖ ਮੰਤਰੀ ਬਣਨਾ ਸਟੇਜ ਚਲਾਉਣ ਦਾ ਕੰਮ ਨਹੀਂ ਹੈ। ਬਹੁਤੇ ਕਲਾਕਾਰ ਅਜਿਹੇ ਹਨ, ਜਿਹੜੇ ਦਾਰੂ ਨਹੀਂ ਪੀਂਦੇ ਹਨ।  ਉਨ੍ਹਾਂ ਲੋਕਾਂ ਨੂੰ ਸਵਾਲ ਕਰਦਿਆਂ ਪੁੱਛਿਆ ਕੀ ਉਹ ਪੰਜਾਬ ਇਕ ਇਹੋ ਜਿਹਾ ਮੁੱਖ ਮੰਤਰੀ ਨੂੰ ਪਸੰਦ ਕਰਨਗੇ, ਜਿਸ ਨੂੰ ਲੈ ਕੇ ਉਨ੍ਹਾਂ ਦੀ ਹੀ ਪਾਰਟੀ ਦੇ ਇਕ ਐੱਮ. ਪੀ. ਵੱਲੋਂ ਲਿਖਤੀ ਤੌਰ ਉਤੇ ਲੋਕ ਸਭਾ ਦੇ ਸਪੀਕਰ ਨੂੰ ਇਹ ਗੱਲ ਆਖੀ ਗਈ ਹੋਵੇ ਕਿ ਉਹ ਉਸ ਨਾਲ ਬੈਠਣਾ, ਇਸ ਲਈ ਪਸੰਦ ਨਹੀਂ ਕਰਦਾ ਹੈ ਕਿਉਂਕਿ ਉਸ ਨੇ ਹਰ ਵੇਲੇ ਰੱਜ ਕੇ ਸ਼ਰਾਬ ਪੀਤੀ ਹੋਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਿਚ ਜਾ ਕੇ ਇਹੋ ਗੱਲ ਆਖਦੇ ਨੇ ਕਿ ਸਰਦਾਰ ਚੰਨੀ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੁਣਗੇ ਕਿ ਨਾ ਤਾਂ ਉਹ ਸ਼ਰਾਬ ਪੀਂਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਐਬ ਹੈ, ਇਸ ਲਈ ਉਨ੍ਹਾਂ ਦੇ ਘਰ ਦੇ ਦਰਵਾਜ਼ੇ 24 ਘੰਟੇ ਲੋਕਾਂ ਲਈ ਖੁੱਲ੍ਹੇ ਹਨ ਅਤੇ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਸਬੰਧੀ ਉਨ੍ਹਾਂ ਨੂੰ ਇਸ ਦੌਰਾਨ ਆ ਕੇ ਸੱਦਾ ਮਿਲ ਸਕਦਾ ਹੈ। 
ਇਹ ਵੀ ਪੜ੍ਹੋ: ਵੱਡੀ ਖ਼ਬਰ: ਮੁੜ ਚੋਣ ਮੈਦਾਨ ’ਚ ਉਤਰਨਗੇ ਪ੍ਰਕਾਸ਼ ਸਿੰਘ ਬਾਦਲ, ਇਸ ਹਲਕੇ ਤੋਂ ਲੜਨਗੇ ਚੋਣ

111 ਦਿਨ ਨਾ ਤਾਂ ਸੁੱਤਾ ਹਾਂ ਤੇ ਨਾ ਅਫ਼ਸਰਾਂ ਨੂੰ ਸੌਣ ਦਿੱਤਾ

ਅੱਗੇ ਬੋਲਦੇ ਹੋਏ ਚੰਨੀ ਨੇ ਕਿਹਾ ਕਿ ਮੇਰੇ ਬਾਰੇ ਇਹ ਗੱਲ ਚੱਲੀ ਕਿ ਇਹ ਆਖ਼ਿਰ ਸੌਂਦਾ ਕਦੋ ਹੈ। ਮੈਂ 111 ਦਿਨ ਨਾ ਤਾਂ ਸੁੱਤਾ ਹਾਂ ਅਤੇ ਨਾ ਹੀ ਕਿਸੇ ਨੂੰ ਸੌਣ ਦਿੱਤਾ ਹੈ। ਅਫ਼ਸਰ ਮੇਰੇ ਨਾਲ ਤਿੰਨ-ਤਿੰਨ ਸ਼ਿਫ਼ਟਾਂ ’ਚ ਕੰਮ ਕਰਦੇ ਰਹੇ ਹਨ।  ਆਪਣੀ ਕਾਰਗੁਜ਼ਾਰੀ ਵੇਲੇ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਸਾਡਾ 111 ਦਿਨ ਦਾ ਕੰਮ ਪਸੰਦ ਆਇਆ ਹੈ ਤਾਂ ਫਿਰ ਲੋਕ ਸਾਨੂੰ ਮੌਕਾ ਦੇਣ ਕਿਉਂਕਿ ਅਸੀਂ ਉਹ ਸਮੱਸਿਆਵਾਂ ਨੂੰ ਹੱਲ ਕੀਤਾ ਹੈ, ਜੋ ਲੋਕਾਂ ਦੀਆਂ ਸਮੱਸਿਆਵਾਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਰਹਿੰਦਾ ਬਿਜਲੀ ਦਾ ਬਕਾਇਆ ਮੁਆਫ਼ ਕੀਤਾ ਹੈ, ਜੋਕਿ ਆਮ ਲੋਕਾਂ ਵੱਲ 1500 ਕਰੋੜ ਰੁਪਏ ਖੜ੍ਹਾ ਸੀ। ਪਾਣੀ ਦੇ ਪੁਰਾਣੇ ਬਕਾਏ ਪਿੰਡਾਂ ਅਤੇ ਸ਼ਹਿਰਾਂ ’ਚ ਵੀ ਮੁਆਫ਼ ਕੀਤੇ ਗਏ ਹਨ। ਕਰੀਬ 1200 ਕਰੋੜ ਰੁਪਏ ਮੁਆਫ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦਾ ਪੈਸਾ ਹੀ ਲੋਕਾਂ ਨੂੰ ਦੇ ਰਿਹਾ ਸੀ। ਇਸ ਦੇ ਇਲਾਵਾ ਪੈਟਰੋਲ ਦੀਆਂ ਕੀਮਤਾਂ 10 ਰੁਪਏ ਇਕੱਠੇ ਘੱਟ ਕੀਤੇ ਹਨ। 111 ਦਿਨਾਂ ’ਚ ਅਸੀਂ ਹਰ ਵਰਗ ਲਈ ਕੰਮ ਕੀਤਾ ਹੈ। ਹਰ ਵਰਗ 111 ਦਿਨ ਦੀ ਸਰਕਾਰ ਦੇ ਗੁਣ ਗਾ ਰਿਹਾ ਹੈ। ਅਸੀਂ ਇਸ ਤਰੀਕੇ ਨਾਲ ਕੰਮ ਕੀਤਾ ਹੈ ਕਿ ਹਰ ਵਰਗ ਨੂੰ ਫਾਇਦਾ ਮਿਲਿਆ ਹੈ। ਚੰਗਾ ਪ੍ਰਸ਼ਾਸਨ ਦੇਣਾ ਸਰਕਾਰ ਦੀ ਜ਼ਰੂਰਤ ਹੈ ਅਤੇ ਹਰ ਵਰਗ ਨੂੰ ਸਹਾਇਤਾ ਦੇਣੀ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਡੀ ਪੜ੍ਹਾਈ ਦਾ ਪਟਿਆਲਾ ਯੂਨੀਵਰਸਿਟੀ ’ਤੇ 150 ਕਰੋੜ ਦਾ ਕਰਜ਼ਾ ਖੜ੍ਹਾ ਸੀ, ਜਿਸ ਨੂੰ ਮੈਂ ਆਪ ਉਥੇ ਜਾ ਕੇ ਖ਼ਤਮ ਕੀਤਾ ਹੈ ਤਾਂਕਿ ਨੌਜਵਾਨ ਚੰਗੀ ਪੜ੍ਹਾਈ ਕਰ ਸਕਣ। ਸਰਕਾਰ ਗਾਰੰਟੀ ਲੈ ਕੇ ਆਈ ਹੈ ਕਿ ਨੌਜਵਾਨਾਂ ਨੂੰ ਸਰਕਾਰ ਨੌਕਰੀ ਦਿਵਾਇਆ ਕਰੇਗੀ। ਇਹ ਕੋਈ ਕੇਜਰੀਵਾਲ ਦਾ ਗਾਰੰਟੀ ਨਹੀਂ ਹੈ। ਇਸ ਤਰੀਕੇ ਨਾਲ ਕੰਮ ਕੀਤਾ ਹੈ ਕਿ ਹਰ ਵਰਗ ਨੂੰ ਫਾਇਦਾ ਹੋਇਆ ਹੈ। 

ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਕਾਂਗਰਸ ’ਤੇ ਵੱਡਾ ਇਲਜ਼ਾਮ, CM ਚੰਨੀ ਲਈ ਅਪਣਾਈ ‘ਯੂਜ਼ ਐਂਡ ਥਰੋ’ ਦੀ ਪਾਲਿਸੀ
ਮੁੜ ਸਰਕਾਰ ਆਉਣ 'ਤੇ ਫਗਵਾੜਾ ਨੂੰ ਐਲਾਨਿਆ ਜਾਵੇਗਾ ਜ਼ਿਲ੍ਹਾ
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੜ ਸਰਕਾਰ ਆਉਣ 'ਤੇ ਫਗਵਾੜਾ ਨੂੰ ਹਰ ਹਾਲਤ ਵਿਚ ਜ਼ਿਲ੍ਹਾ ਐਲਾਨ ਕੀਤਾ ਜਾਵੇਗਾ। ਚੰਨੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ  ਪੰਜਾਬ ਚ ਸਨਅਤੀ ਸ਼ਹਿਰ ਦੇ ਨਾਮ ਨਾਲ ਮਸ਼ਹੂਰ ਸਨਅਤੀ ਨਗਰੀ ਫਗਵਾੜਾ ਨੂੰ ਅੱਜ ਤੱਕ ਜ਼ਿਲ੍ਹਾ ਨਹੀਂ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਫਗਵਾੜਾ ਦੇ ਲੋਕਾਂ ਨੂੰ ਜ਼ਿਲ੍ਹਾ ਜਲੰਧਰ ਤੋਂ ਹੁੰਦੇ ਹੋਏ ਕਪੂਰਥਲਾ ਜਾਣਾ ਪੈਂਦਾ ਹੈ ਅਤੇ ਉਨ੍ਹਾਂ ਦਾ ਕੀਮਤੀ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਫਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰੱਜ ਕੇ ਤਾਰੀਫ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਫਗਵਾੜਾ ਦੇ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਬਤੌਰ ਸੇਵਾਦਾਰ ਬਲਵਿੰਦਰ ਸਿੰਘ ਧਾਲੀਵਾਲ ਵਰਗਾ ਇਕ ਸੂਝਵਾਨ ਅਤੇ ਨੇਕ ਦਿਲ ਇਨਸਾਨ , ਜਿਸ ਦੇ ਦਿਲ ਵਿਚ ਲੋਕਾਂ ਦੀ ਸੇਵਾ ਕਰਨ ਦਾ ਭਰਪੂਰ ਜਜ਼ਬਾ ਹੈ, ਕਾਂਗਰਸ ਉਮੀਦਵਾਰ ਵਜੋਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਦਾਰ ਧਾਲੀਵਾਲ ਦੇ ਯਤਨਾਂ ਸਦਕੇ ਫਗਵਾੜਾ ਦੇ ਲੋਕਾਂ ਦੀ ਹਰ ਸਮੱਸਿਆ ਦਾ ਪੱਕਾ ਹੱਲ ਹੋਵੇਗਾ ਅਤੇ ਪੰਜਾਬ ਵਿਚ ਮੁੜ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਫਗਵਾੜਾ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਫਗਵਾੜਾ ਦੇ ਵਿਧਾਇਕ ਸ ਬਲਵਿੰਦਰ ਸਿੰਘ ਧਾਲੀਵਾਲ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ,ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਪੀ. ਪੀ. ਸੀ. ਸੀ. ਸਕੱਤਰ ਮਨੀਸ਼ ਭਾਰਦਵਾਜ, ਬਲਾਕ ਕਾਂਗਰਸ ਫਗਵਾੜਾ ਦੇ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਕੌਂਸਲਰ ਰਾਮਪਾਲ ਉੱਪਲ, ਤਰਨਜੀਤ ਵਾਲੀਆ, ਮਨੀਸ਼ ਪ੍ਰਭਾਕਰ, ਸਤੀਸ਼ ਸਲਹੋਤਰਾ, ਕਰਨ ਪ੍ਰਭਾਕਰ, ਤੁਲਸੀ ਰਾਮ ਖੋਸਲਾ, ਗੁਲਾਬ ਸਰਬਰ ਸੱਬਾ, ਪਦਮ ਦੇਵ ਸੁਧੀਰ ਨਿੱਕਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਰੰਧਾਵਾ ਦਾ ਸੁਖਬੀਰ 'ਤੇ ਵੱਡਾ ਹਮਲਾ, ਕਿਹਾ-ਲਾਲ ਡਾਇਰੀ ਤੋਂ ਨਹੀਂ ਘਬਰਾਉਂਦਾ, ਅਧਿਕਾਰੀਆਂ ਨੂੰ ਧਮਕੀਆਂ ਦੇਣਾ ਕਰਨ ਬੰਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News