ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਜਲੰਧਰ 'ਚ ਬਣੇਗਾ ਸਪੋਰਟਸ ਹੱਬ
Friday, Dec 17, 2021 - 06:27 PM (IST)
ਜਲੰਧਰ (ਵੈੱਬ ਡੈਸਕ, ਚੋਪੜਾ)— ਜਲੰਧਰ ਦੇ ਕੈਂਟ ਹਲਕੇ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਕਾਂਗਰਸ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ | ਇਸ ਦੌਰਾਨ ਉਨ੍ਹਾਂ ਜਲੰਧਰ 'ਚ ਕਈ ਵੱਡੇ ਐਲਾਨ ਵੀ ਕੀਤੇ | ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਦੌਰਾਨ ਬੋਲਦੇ ਹੋਏ ਜਲੰਧਰ 'ਚ ਸਪੋਰਟਸ ਹੱਬ ਬਣਾਉਣ ਦਾ ਐਲਾਨ ਕੀਤਾ | ਇਸ ਦੇ ਨਾਲ ਹੀ ਬੂਟਾ ਮੰਡੀ 'ਚ ਡਾ. ਬੀ. ਆਰ. ਅੰਬੇਡਕਰ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ | ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ 120 ਫੁੱਟੀ ਰੋਡ 'ਤੇ ਕਬੀਰ ਭਵਨ ਬਣਾਇਆ ਜਾਵੇਗਾ | ਕਰਤਾਰਪੁਰ ਅਤੇ ਆਦਮਪੁਰ ਨੂੰ ਸਬ ਡਿਵੀਜ਼ਨ ਬਣਾਉਣ ਦਾ ਵੀ ਐਲਾਨ ਕੀਤਾ | ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਦੋਆਬਾ ਇਲਾਕੇ ਦੇ ਉਨ੍ਹਾਂ ਲੋਕਾਂ, ਜਿਹੜੇ ਖ਼ੁਦ ਆਪਣੇ ਫੰਡਾਂ ਨਾਲ ਸਹਿਕਾਰੀ ਸਭਾਵਾਂ ਚਲਾਉਂਦੇ ਹਨ, ਨੂੰ ਵੱਡੀ ਰਾਹਤ ਦਿੰਦਿਆਂ ਇਨ੍ਹਾਂ ਸੋਸਾਇਟੀਆਂ ਦੀ 64 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਵੱਲੋਂ ਮੁਆਫ਼ ਕਰ ਦਿੱਤੀ ਹੈ। ਸ੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਦੀ ਸਥਾਪਤੀ ਸਬੰਧੀ ਐਲਾਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਿੰਡ ਬੱਲਾਂ ਵਿਚ 100 ਏਕੜ ਰਕਬੇ ਵਿਚ ਇਹ ਕੇਂਦਰ ਸਥਾਪਤ ਕੀਤਾ ਜਾਵੇਗਾ। ਇਸੇ ਤਰ੍ਹਾਂ ਪਟਿਆਲਾ ਵਿਚ ਸ਼੍ਰੀਮਦ ਭਗਵਤ ਗੀਤਾ ਅਧਿਐਨ ਕੇਂਦਰ ਦੀ ਸਥਾਪਤੀ ਦਾ ਵੀ ਐਲਾਨ ਕੀਤਾ।
ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ 'ਆਪ' 'ਤੇ ਚੁੱਕੇ ਸਵਾਲ, ਕਿਹਾ-ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ਼ ਨਾ ਸਮਝਣ
ਮੁੱਖ ਮੰਤਰੀ ਚੰਨੀ ਨੇ ਕਰਤਾਰਪੁਰ ਅਤੇ ਆਦਮਪੁਰ ਹਲਕਿਆਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਸਥਾਨਾਂ ਨੂੰ ਸਬ-ਡਿਵੀਜ਼ਨ ਦਾ ਦਰਜਾ ਦਿੱਤਾ ਜਾ ਰਿਹਾ ਹੈ ਅਤੇ ਆਦਮਪੁਰ ਵਿਚ ਡਿਗਰੀ ਕਾਲਜ ਸਥਾਪਤ ਕਰਨ ਦੇ ਨਾਲ-ਨਾਲ ਬਾਬਾ ਸੈਣ ਜੀ ਅਤੇ ਬਾਬਾ ਨਾਮਦੇਵ ਜੀ ਦੀ ਚੇਅਰ ਵੀ ਸਥਾਪਤ ਕੀਤੀ ਜਾਵੇਗੀ। ਇਸ ਮੌਕੇ ਮੇਅਰ ਜਗਦੀਸ਼ ਰਾਜਾ, ਸਰਵਣ ਸਿੰਘ ਫਿਲੌਰ, ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਕਾਕੂ ਆਹਲੂਵਾਲੀਆ, ਜ਼ਿਲਾ ਕਾਂਗਰਸ ਸ਼ਹਿਰੀ ਦੇ ਕਾਰਜਕਾਰੀ ਪ੍ਰਧਾਨ ਵਿਜੇ ਦਕੋਹਾ, ਹਰਜਿੰਦਰ ਲਾਡਾ, ਨਿਰਮਲ ਸਿੰਘ ਨਿੰਮਾ, ਰਾਜੇਸ਼ ਭੱਟੀ, ਰਸ਼ਪਾਲ ਸਿੰਘ ਪਾਲ, ਰਾਜੇਸ਼ ਜਿੰਦਲ ਅਤੇ ਹੋਰ ਆਗੂ ਸ਼ਾਮਲ ਸਨ।
ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ 'ਤੇ ਤਿੱਖੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਜਾਤ, ਧਰਮ ਇਕ ਹੀ ਹੈ | ਇਨ੍ਹਾਂ ਦੀ ਜਾਤ ਵੀ ਅਮੀਰੀ ਸੀ ਅਤੇ ਧਰਮ ਵੀ ਅਮੀਰੀ ਹੈ | ਇਨ੍ਹਾਂ ਨੇ ਸਿਸਟਮ ਨੂੰ ਬਣਾਇਆ ਹੋਇਆ ਸੀ ਕਿ ਇਕ ਸੱਤਾ ਤੋਂ ਜਾਂਦਾ ਹੈ ਤਾਂ ਦੂਜਾ ਆਉਂਦਾ ਹੈ | ਇਨ੍ਹਾਂ ਦੇ ਖ਼ਰੀਦੇ ਜਹਾਜ਼ ਹੀ ਹੁਣ ਇਸ ਗ਼ਰੀਬ ਦੇ ਕੰਮ ਆ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕੀ ਪਤਾ ਕਿ ਗ਼ਰੀਬੀ ਕੀ ਹੁੰਦੀ ਹੈ | ਕਿਵੇਂ ਮਿਡਲ ਕਲਾਸ ਦਾ ਨੌਜਵਾਨ ਪੜ੍ਹ-ਲਿਖ ਕੇ ਅੱਗੇ ਵੱਧਣਾ ਚਾਹੁੰਦਾ ਹੈ? ਉਥੇ ਹੀ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਨ੍ਹਾਂ ਦੇ ਆਪਣੇ ਲੀਡਰਾਂ ਨੂੰ ਹੀ ਇਨ੍ਹਾਂ 'ਤੇ ਭਰੋਸਾ ਨਹੀਂ ਹੈ ਤਾਂ ਪੰਜਾਬ ਦੇ ਲੋਕ ਇਨ੍ਹਾਂ 'ਤੇ ਕਿਵੇਂ ਭਰੋਸਾ ਕਰਨ | ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਨੂੰ ਕਿਹਾ ਸੀ ਕਿ ਅੰਗਰੇਜ਼ ਜਦੋਂ ਆਏ ਸਨ ਤਾਂ ਵਪਾਰਕ ਕੰਪਨੀ ਬਣਾ ਕੇ ਆਏ ਸਨ ਫਿਰ ਉਨ੍ਹਾਂ ਨੇ ਹਿੰਦੂਸਤਾਨ 'ਤੇ ਕਬਜ਼ਾ ਕੀਤਾ | ਹੁਣ ਕੇਜਰੀਵਾਲ ਦਿੱਲੀ ਤੋਂ ਆਉਂਦੇ ਹਨ ਤਾਂ ਲੋਕ ਲੁਭਾਉ ਨੀਤੀਆਂ ਦੀ ਗੱਲਾਂ ਕਰਕੇ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ | ਮੈਂ ਇਨ੍ਹਾਂ ਨੂੰ ਜਦੋਂ ਕਾਲਾ ਅੰਗਰੇਜ਼ ਕਿਹਾ ਤਾਂ ਇਨ੍ਹਾਂ ਨੇ ਕਿਹਾ ਕਿ ਕਾਲਾ ਅੰਗਰੇਜ਼ ਕਿਉਂ ਕਹਿੰਦੇ ਹੋ, ਹੁਣ ਮੈਂ ਇਨ੍ਹਾਂ ਨੂੰ ਚਿੱਟਾ ਅੰਗਰੇਜ਼ ਕਹਿ ਦਿੰਦਾ ਹਾਂ ਜੋ ਬਾਹਰੋਂ ਆ ਕੇ ਇਥੇ ਕਬਜ਼ਾ ਕਰਨਾ ਚਾਹੁੰਦੇ ਹਨ |
ਇਹ ਵੀ ਪੜ੍ਹੋ: ਟਾਂਡਾ 'ਚ ਗਰਜੇ ਸੁਖਬੀਰ ਸਿੰਘ ਬਾਦਲ, ਪੰਜਾਬ ਸਰਕਾਰ ਸਣੇ ਅਰਵਿੰਦ ਕੇਜਰੀਵਾਲ 'ਤੇ ਸਾਧੇ ਤਿੱਖੇ ਨਿਸ਼ਾਨੇ
ਅਰਵਿੰਦ ਕੇਜਰੀਵਾਲ ਨੂੰ ਦੱਸਿਆ ਚਿੱਟਾ ਅੰਗਰੇਜ਼
ਉਥੇ ਹੀ ਬੀਤੇ ਦਿਨੀਂ ਅਰਵਿੰਦ ਕੇਜੀਵਾਲ ਵੱਲੋਂ ਜਲੰਧਰ 'ਚ ਕੱਢੀ ਗਈ ਤਿਰੰਗਾ ਯਾਤਰਾ 'ਤੇ ਸਵਾਲ ਚੁੱਕਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਸਾਡੇ 'ਚ ਦੇਸ਼ ਭਗਤੀ ਦੀ ਭਾਵਨਾ ਨੂੰ ਚੈਲੰਜ ਕਰ ਰਹੇ ਹਨ ਜੋ ਇਹ ਤਿਰੰਗਾ ਮਾਰਚ ਕਰ ਰਹੇ ਹਨ | ਪੰਜਾਬ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ, ਉਹ ਕਿਸੇ ਨੇ ਨਹੀਂ ਦਿੱਤੀਆਂ | ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਤਿਰੰਗਾ ਮਾਰਚ ਕਿਉਂ ਕੱਢ ਰਹੇ ਹਨ | ਤਿਰੰਗਾ ਮਾਰਚ ਤਾਂ ਪੁਲਸ ਉਦੋਂ ਕੱਢਦੀ ਹੈ ਜਦੋਂ ਹਾਲਾਤ ਵਿਗੜ ਜਾਣ ਪਰ ਸਾਡੇ ਇਥੇ ਬਿਲਕੁਲ ਅਮਨ ਸ਼ਾਂਤੀ ਹੈ ਤਾਂ ਫਿਰ ਇਹ ਕਿਉਂ ਤਿੰਰਗਾ ਮਾਰਚ ਕੱਢ ਰਹੇ ਹਨ | ਪੰਜਾਬ ਨੇ ਹਮੇਸ਼ਾ ਹੀ ਦੇਸ਼ ਭਗਤੀ ਦੀ ਗੱਲ ਕੀਤੀ ਹੈ ਅਤੇ ਦੇਸ਼ ਲਈ ਕਾਂਗਰਸ ਨੇ ਜਾਨਾਂ ਦਿੱਤੀਆਂ ਹਨ |
ਮੋਦੀ ਦੀ ਗੋਦੀ 'ਚ ਬੈਠੇ ਸੀ ਕੈਪਟਨ ਅਮਰਿੰਦਰ ਸਿੰਘ: ਹਰੀਸ਼ ਚੌਧਰੀ
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪੁਰਾ ਦੇਸ਼ ਸਵਾਲ ਕਰ ਰਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਕਿਉਂ ਬਦਲਿਆ ਗਿਆ। ਮੁੱਖ ਮੰਤਰੀ ਨੂੰ ਇਸ ਲਈ ਬਦਲਿਆ ਕਿਉਂਕਿ ਕੈਪਟਨ ਅਮਰਿੰਦਰ ਅੰਦਰ ਖਾਤੇ ਭਾਜਪਾ ਨਾਲ ਮਿਲੇ ਹੋਏ ਸਨ। ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਦੇ ਰਹੇ ਸਨ ਤਾਂ ਉਦੋਂ ਕੈਪਟਨ ਮੋਦੀ ਅਤੇ ਅਮਿਤ ਸ਼ਾਹ ਨਾਲ ਗੁਪਤ ਮੀਟਿੰਗਾਂ ਕਰਦੇ ਸਨ। ਹਰੀਸ਼ ਚੌਧਰੀ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਮੋਦੀ ਦੀ ਗੋਦੀ ਵਿਚ ਬੈਠੇ ਸਨ ਇਸ ਲਈ ਕਾਂਗਰਸ ਨੇ ਮੁੱਖ ਮੰਤਰੀ ਬਦਲਿਆ।
ਇਹ ਵੀ ਪੜ੍ਹੋ: ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆਂ 'ਚੋਂ ਅਗਵਾ ਹੋਇਆ 9 ਸਾਲਾ ਬੱਚਾ ਬਰਾਮਦ, ਲੀਕ ਹੋਈ ਆਡੀਓ ਨੇ ਖੋਲ੍ਹੇ ਕਈ ਰਾਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ