ਮੁੱਖ ਮੰਤਰੀ ਚੰਨੀ ਦੀ ਫੇਰੀ ਨੇ ਬਲਬੀਰ ਸਿੱਧੂ ਨੂੰ ਦਿੱਤੀ ਸਿਆਸੀ ਤਾਕਤ, 2 ਘੰਟੇ ਤੱਕ ਚੱਲੀ ਮੀਟਿੰਗ
Wednesday, Oct 06, 2021 - 10:06 AM (IST)
ਮੋਹਾਲੀ (ਨਿਆਮੀਆਂ, ਪਰਦੀਪ) : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੀਤੀ ਦੇਰ ਰਾਤ ਅਚਾਨਕ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਦੋ ਘੰਟੇ ਤੱਕ ਕੀਤੀ ਗਈ ਲੰਬੀ ਮੀਟਿੰਗ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਸਿੱਧੂ ਨਾਲ ਦੂਰੀਆਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਵੀ ਸ਼ਾਮਲ ਹੋਏ ਸਨ। ਮੁੱਖ ਮੰਤਰੀ ਦੇ ਬੇਟੇ ਦਾ ਵਿਆਹ ਨੇੜੇ ਆ ਰਿਹਾ ਹੈ, ਜਿਸ ਕਰਕੇ ਉਹ ਨਿੱਜੀ ਤੌਰ ’ਤੇ ਆਪਣੇ ਸਾਥੀਆਂ ਨੂੰ ਜਾ ਕੇ ਵਿਆਹ ਦਾ ਸੱਦਾ ਦੇ ਰਹੇ ਹਨ।
ਇੱਥੇ ਵੀ ਉਹ ਇਕ ਪੰਥ ਦੋ ਕਾਜ ਕਰਨ ਲਈ ਆਏ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਬਾਗੀ ਤੇਵਰਾਂ ਕਾਰਨ ਉਨ੍ਹਾਂ ਦੇ ਨਜ਼ਦੀਕੀ ਰਹੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਾਰਟੀ ਵਿਚ ਹੀ ਰਹਿਣ ਲਈ ਮਨਾਉਣ ਲਈ ਕੀਤੀ ਜਾ ਰਹੀ ਕਵਾਇਦ ਦੇ ਹਿੱਸੇ ਵਜੋਂ ਹੀ ਇਹ ਮੀਟਿੰਗ ਹੋਈ ਹੈ। ਅਸਲੀਅਤ ਕੁੱਝ ਵੀ ਹੋਵੇ ਪਰ ਮੁੱਖ ਮੰਤਰੀ ਵੱਲੋਂ ਬਲਬੀਰ ਸਿੰਘ ਸਿੱਧੂ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਲਗਭਗ ਦੋ ਘੰਟੇ ਤੱਕ ਕੀਤੀ ਗਈ ਇਸ ਮੀਟਿੰਗ ਤੋਂ ਇਹ ਸਪੱਸ਼ਟ ਸੰਕੇਤ ਮਿਲ ਰਿਹਾ ਹੈ ਕਿ ਬਲਬੀਰ ਸਿਘ ਸਿੱਧੂ ਨੂੰ ਮੰਤਰੀ ਦੀ ਕੁਰਸੀ ਭਾਵੇਂ ਨਾ ਮਿਲੀ ਹੋਵੇ ਪਰ ਹਲਕੇ ਵਿਚ ਉਨ੍ਹਾਂ ਦੀ ਹੀ ਚੱਲੇਗੀ ਅਤੇ ਇਸ ਦੇ ਨਾਲ ਹੀ ਸਿੱਧੂ ਦੇ ਮੰਤਰੀ ਨਾ ਰਹਿਣ ਕਾਰਨ ਉਨ੍ਹਾਂ ਦੇ ਛੋਟੇ ਭਰਾ ਅਤੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੁਰਸੀ ਬਾਰੇ ਚੱਲ ਰਹੀਆਂ ਕਿਸਾਸਅਰਾਈਆਂ ਦਾ ਵੀ ਭੋਗ ਪੈ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ਦੇ ਸਨੌਰ ਕਸਬੇ 'ਚ ਵੱਡੀ ਵਾਰਦਾਤ, ਯੂਥ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ
ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲਾਂ ਸ਼ਾਮ 7 ਵਜੇ ਦੇ ਕਰੀਬ ਬਲਬੀਰ ਸਿੰਘ ਸਿੱਧੂ ਦੇ ਫੇਜ਼-7 ਵਿਚਲੇ ਘਰ ਪਹੁੰਚੇ ਸਨ ਪਰ ਉਸ ਘਰ ਦੀ ਮੁਰੰਮਤ ਚੱਲਦੀ ਹੋਣ ਕਾਰਨ ਅਤੇ ਬਲਬੀਰ ਸਿੰਘ ਸਿੱਧੂ ਦੇ ਸੈਕਟਰ-78 ਵਿਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਨਾਲ ਰਹਿੰਦੇ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ ਸੀ। ਬਾਅਦ ਵਿਚ ਚਰਨਜੀਤ ਸਿੰਘ ਚੰਨੀ ਰਾਤ ਸਾਢੇ 9 ਵਜੇ ਦੇ ਕਰੀਬ ਬਲਬੀਰ ਸਿੱਧੂ ਦੀ ਸੈਕਟਰ-78 ਵਿਚਲੀ ਰਿਹਾਇਸ਼ ’ਤੇ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਚਰਨਜੀਤ ਸਿੰਘ ਚੰਨੀ ਵੱਲੋਂ ਬਲਬੀਰ ਸਿੰਘ ਨੂੰ ਆਪਣੇ ਪੁੱਤਰ ਦੇ ਵਿਆਹ ਦਾ ਸੱਦਾ ਪੱਤਰ ਵੀ ਦਿੱਤਾ ਅਤੇ ਹਲਕੇ ਵਿਚ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ