ਮੁੱਖ ਮੰਤਰੀ ਬਣਨ ਤੋਂ ਪਹਿਲਾਂ ਚਰਨਜੀਤ ਚੰਨੀ ਨੂੰ ਆਇਆ ਸੀ ਰਾਹੁਲ ਗਾਂਧੀ ਦਾ ਫ਼ੋਨ, ਜਾਣੋ ਕੀ ਹੋਈ ਸੀ ਗੱਲਬਾਤ
Wednesday, Sep 22, 2021 - 06:56 PM (IST)
ਜਲੰਧਰ (ਵੈੱਬ ਡੈਸਕ, ਰਾਹੁਲ)— ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਦੀ ਫੇਰੀ ਦੌਰਾਨ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਜਿੱਥੇ ਚਰਨਜੀਤ ਚੰਨੀ ਨੇ ਵੱਡੇ ਐਲਾਨ ਕੀਤੇ, ਉਥੇ ਹੀ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਰਾਹੁਲ ਗਾਂਧੀ ਨਾਲ ਹੋਈ ਫ਼ੋਨ ਦੀ ਗੱਲਬਾਤ ਵੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਖ਼ੁਲਾਸਾ ਕਰਦੇ ਹੋਏ ਚਰਨਜੀਤ ਸਿੰਘ ਨੇ ਕਿਹਾ ਕਿ ਮੈਨੂੰ ਰਾਹੁਲ ਗਾਂਧੀ ਜੀ ਦਾ ਫੋਨ ਆਇਆ ਸੀ ਅਤੇ ਕਿਹਾ ਕਿ ਮੈਂ ਤੁਹਾਨੂੰ ਮੁੱਖ ਮੰਤਰੀ ਬਣਾਉਣ ਲੱਗਾ ਹਾਂ ਤਾਂ ਮੈਂ ਕਿਹਾ ਕਿ ਇਹ ਕੀ ਕਰਨ ਲੱਗੇ ਹੋ ਤੁਸੀਂ, ਮੈਂ ਇਸ ਦੇ ਕਾਬਿਲ ਨਹੀਂ ਹਾਂ ਤਾਂ ਫਿਰ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਕਾਬਿਲ ਹੋ ਅਤੇ ਜੋ ਫ਼ੈਸਲਾ ਅਸੀਂ ਕੀਤਾ ਹੈ ਉਹ ਸੋਚ ਸਮਝ ਕੇ ਕੀਤਾ ਹੈ। ਇਹ ਸੁਣ ਕੇ ਮੈਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਯਾਦ ਆ ਗਈ ਕਿ ਗ਼ਰੀਬ ਦੇ ਵੀ ਮੱਥੇ ’ਤੇ ਛੱਤਰ ਧਰਿਆ ਜਾ ਸਕਦਾ ਹੈ। ਕਾਂਗਰਸ ਪਾਰਟੀ ਨੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਕਿ ਕਾਂਗਰਸ ਨੇ ਇਕ ਆਮ ਆਦਮੀ ਦੇ ਬੱਚੇ ਨੂੰ ਬਹੁਤ ਹੀ ਵੱਡੇ ਅਹੁਦੇ ’ਤੇ ਬਿਠਾਇਆ ਹੈ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ‘ਡੇਰਾ ਸੱਚਖੰਡ ਬੱਲਾਂ’ ਵਿਖੇ ਹੋਏ ਨਤਮਸਤਕ
ਇਸ ਦੇ ਇਲਾਵਾ ਵੱਡੇ ਐਲਾਨ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 100 ਕਰੋੜ ਦੀ ਲਾਗਤ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਮਿਊਜ਼ੀਅਮ ਬਣਾਇਆ ਜਾਵੇਗਾ, ਜਿਸ ’ਚ ਬਾਬਾ ਸਾਹਿਬ ਦਾ ਜੀਵਨ, ਸੋਚ ਨੂੰ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਥੇ ਇਕ ਮੈਨੇਜਮੈਂਟ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਡੇਰੇ ਨਾਲ ਲੱਗਦੀ 101 ਏਕੜ ਜ਼ਮੀਨ ਖ਼ਰੀਦ ਕੇ ਗੁਰੂ ਸਾਹਿਬ ਜੀ ਦੀ ਚੇਅਰ ਸਥਾਪਿਤ ਕੀਤੀ ਜਾਵੇਗੀ ਅਤੇ 10 ਸਾਲ ਤੱਕ ਖ਼ਰਚਾ ਸਰਕਾਰ ਕਰੇਗੀ। ਗੁਰੂ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ-ਪ੍ਰਸਾਰ ਰਿਸਰਚ ਸੈਂਟਰ ਵਿਚ ਹੋਵੇਗਾ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਵਿਖੇ ਵਾਪਰੇ ਸੜਕ ਹਾਦਸੇ ਨੇ ਵਿਛਾਏ ਦੋ ਘਰਾਂ 'ਚ ਸੱਥਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਮਿਡਲ ਕਲਾਸ ਪੰਜਾਬ ਦਾ ਪਰਿਵਾਰ ਇਹ ਗੱਲ ਸਮਝ ਲਵੇ ਕਿ ਤੁਹਾਡਾ ਗ਼ਰੀਬ ਭਰਾ ਮੁੱਖ ਮੰਤਰੀ ਬਣ ਗਿਆ ਹੈ ਤਾਂ ਤੁਹਾਡੇ ਹੁਣ ਸਾਰੇ ਕੰਮ ਕੀਤੇ ਜਾਣਗੇ। ਪੰਜਾਬ ਦੀ ਤਰੱਕੀ ਸਾਰੀਆਂ ਜਾਤਾਂ ਅਤੇ ਧਰਮ ਦੇ ਲੋਕ ਕਰਨਗੇ। ਉਨ੍ਹਾਂ ਕਿਹਾ ਕਿ ਆਟਾ ਦਾਲ ਸਾਡੀ ਕੋਈ ਮੰਗ ਨਹੀਂ, ਅਸੀਂ ਆਟਾ ਜੋਗੇ ਨਹੀਂ ਰਹਿ ਗਏ ਹਾਂ। ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾ ਕੇ ਕਾਬਿਲ ਇਨਸਾਨ ਬਣਾਵਾਂਗੇ। ਅੱਜ ਜੇਕਰ ਗਰੀਬ ਦਾ ਬੱਚਾ ਮੁੱਖ ਮੰਤਰੀ ਬਣਿਆ ਹੈ ਤਾਂ ਹਰ ਕੰਮ ਕਰੇਗਾ। ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਉਪਰੰਤ ਤੋਂ ਚਰਨਜੀਤ ਸਿੰਘ ਡੀ. ਏ. ਵੀ. ਯੂਨੀਵਰਸਿਟੀ ਅਤੇ ਖੱਟਕੜ ਕਲਾਂ ਲਈ ਰਵਾਨਾ ਹੋ ਗਏ।
ਇਹ ਵੀ ਪੜ੍ਹੋ: ਪੰਜਾਬ ’ਚ ਸਿਆਸੀ ਸਮੀਕਰਨ ਬਦਲਣ ਮਗਰੋਂ ਅਫ਼ਸਰਸ਼ਾਹੀ ’ਚ ਵੀ ਹਲਚਲ ਹੋਈ ਤੇਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ