ਪੰਜਾਬ ਕਾਂਗਰਸ ਦੇ ਸਭ ਤੋਂ ਮਸਰੂਫ਼ ਪ੍ਰਚਾਰਕ ਬਣੇ ''ਚਰਨਜੀਤ ਸਿੰਘ ਚੰਨੀ''

02/13/2022 10:07:44 AM

ਚੰਡੀਗੜ੍ਹ (ਰਮਨਜੀਤ) : ਕਾਂਗਰਸ ਹਾਈਕਮਾਨ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਦੇ ਬਾਅਦ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਢਿਆਂ ’ਤੇ ਬੋਝ ਵੱਧ ਗਿਆ ਹੈ। ਖ਼ੁਦ ਹੀ ਦੋ ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਰਹੇ ਚਰਨਜੀਤ ਸਿੰਘ ਚੰਨੀ ਨੂੰ ਆਪਣੀਆਂ ਦੋਵੇਂ ਸੀਟਾਂ ’ਤੇ ਚੋਣ ਪ੍ਰਚਾਰ ਲਈ ਸਮਾਂ ਕੱਢਣਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਸੂਬੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਦੇ ਹੋਰ ਉਮੀਦਵਾਰਾਂ ਲਈ ਵੀ ਚਰਨਜੀਤ ਸਿੰਘ ਚੰਨੀ ਦੇ ਪ੍ਰਚਾਰ ਦੀ ਮੰਗ ਲਗਾਤਾਰ ਵੱਧ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਹਲਕਿਆਂ ਤੋਂ ਇਲਾਵਾ ਰੋਜ਼ਾਨਾ ਚਾਰ-ਪੰਜ ਹੋਰ ਨੇਤਾਵਾਂ ਦੇ ਵਿਧਾਨ ਸਭਾ ਹਲਕਿਆਂ ਵਿਚ ਵੱਡੀਆਂ ਰੈਲੀਆਂ ਅਤੇ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਹਨ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਵੱਡਾ ਬਿਆਨ, 'CM ਚੰਨੀ ਦੇ ਭਾਣਜੇ ਨੂੰ ਬੋਰੀਆਂ 'ਚ ਪਾ-ਪਾ ਕੁੱਟਿਆ ਗਿਆ'  

ਪੰਜਾਬ ਕਾਂਗਰਸ ਦੇ ਮੌਜੂਦਾ ਨੇਤਾਵਾਂ ਵਿਚੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਇਕਲੌਤਾ ਅਜਿਹਾ ਚਿਹਰਾ ਕਹੇ ਜਾ ਸਕਦੇ ਹਨ, ਜੋ ਕਿ ਅਸਲੀਅਤ ਵਿਚ ਸਟਾਰ ਪ੍ਰਚਾਰਕ ਵਾਲੀ ਭੂਮਿਕਾ ਨਿਭਾਅ ਰਹੇ ਹਨ। ਨਾ ਸਿਰਫ ਆਪਣੀਆਂ ਦੋਵੇਂ ਸੀਟਾਂ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਵਿਚ ਚੰਨੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਸਗੋਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੋਂ ਲੈ ਕੇ ਮੌਜੂਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਕਾਂਗਰਸ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿਚ ਸ਼ਾਮਲ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਨਵਾਂ ਅਲਰਟ ਜਾਰੀ, ਜਾਣੋ ਅਗਲੇ 3 ਦਿਨ ਕਿਹੋ ਜਿਹਾ ਰਹੇਗਾ
ਦੂਜੇ ਸੂਬਿਆਂ ਲਈ ਵੀ ਸਟਾਰ ਪ੍ਰਚਾਰਕ
ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਚਰਨਜੀਤ ਸਿੰਘ ਚੰਨੀ ਨੂੰ ਨਾ ਸਿਰਫ ਪੰਜਾਬ ਵਿਚ ਕਾਂਗਰਸ ਉਮੀਦਵਾਰਾਂ ਲਈ ਪ੍ਰਚਾਰ ਦੀ ਜ਼ਿੰਮੇਵਾਰੀ ਨਿਭਾਉਣੀ ਪੈ ਰਹੀ ਹੈ, ਸਗੋਂ ਚੰਨੀ ਪੰਜਾਬ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਵਿਚ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕਾਂਗਰਸ ਹਾਈਕਮਾਨ ਵੱਲੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। ਖ਼ਾਸ ਗੱਲ ਇਹ ਵੀ ਹੈ ਕਿ ਪਹਿਲਾਂ ਅਜਿਹੀ ਹੀ ਚੋਣ ਸਟਾਰ ਪ੍ਰਚਾਰਕਾਂ ਦੀਆਂ ਸੂਚੀਆਂ ਵਿਚ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਲ ਰਹਿੰਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਹੈ। ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣਾ ਹਲਕਾ ਮਜੀਠੀਆ ਛੱਡ ਕੇ ਸਿੱਧੂ ਖ਼ਿਲਾਫ਼ ਅੰਮ੍ਰਿਤਸਰ ਈਸਟ ਤੋਂ ਚੋਣ ਲੜਨ ਕਾਰਨ ਸਿੱਧੂ ਨੂੰ ਸਿਰਫ ਆਪਣੇ ਹਲਕੇ ਵਿਚ ਹੀ ਪ੍ਰਚਾਰ ਦਾ ਕੰਮ ਸੰਭਾਲਣਾ ਪੈ ਰਿਹਾ ਹੈ। ਇਸ ਤਰ੍ਹਾਂ ਚੰਨੀ ਸਰਕਾਰ ਦੇ ਹੋਰ ਕੈਬਨਿਟ ਮੰਤਰੀ ਵੀ ਆਪਣੇ-ਆਪਣੇ ਹਲਕਿਆਂ ਤੱਕ ਹੀ ਸੀਮਤ ਰਹਿ ਕੇ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ। ਦੋ ਸੀਟਾਂ ’ਤੇ ਖ਼ੁਦ ਲਈ ਪ੍ਰਚਾਰ ਅਤੇ ਹੋਰ ਉਮੀਦਵਾਰਾਂ ਲਈ ਵੀ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੇ ਜਾਣ ਸਬੰਧੀ ਪੁੱਛਣ ’ਤੇ ਕਾਂਗਰਸ ਦੇ ਕੌਮੀ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਇਹ ਹਰ ਵੱਡੇ ਨੇਤਾ ਲਈ ਹੁੰਦਾ ਹੀ ਹੈ। ਮੁੱਖ ਮੰਤਰੀ ਚੰਨੀ ਇੱਕ ਅਜਿਹੇ ਵਰਗ ਦੀ ਤਰਜ਼ਮਾਨੀ ਕਰਦੇ ਹਨ ਜਿਸ ਨੂੰ ਸਾਲਾਂ ਤੱਕ ਵਾਂਝੇ ਰਹਿਣਾ ਪਿਆ ਹੈ ਅਤੇ ਕਾਂਗਰਸ ਹਰ ਉਸ ਵਰਗ ਨੂੰ ਤਾਕਤ ਦੇਣ ਵਿਚ ਭਰੋਸਾ ਰੱਖਦੀ ਹੈ, ਜਿਸ ਨੂੰ ਕੁੱਝ ਤਾਕਤਾਂ ਕਮਜ਼ੋਰ ਰੱਖਣ ਦੀ ਕੋਸ਼ਿਸ਼ ਵਿਚ ਰਹਿੰਦੀਆਂ ਹਨ। ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਦੇ ਸਮੇਂ ਰਾਹੁਲ ਗਾਂਧੀ ਨੇ ਵੀ ਇਹੀ ਕਿਹਾ ਸੀ ਕਿ ਚੰਨੀ ਲੋਕਾਂ ਦੀ ਰਾਏ ਰਾਹੀਂ ਬਹੁਮਤ ਨਾਲ ਚੁਣੇ ਗਏ ਹਨ। ਇਹੀ ਕਾਰਨ ਹੈ ਕਿ ਹਰ ਉਮੀਦਵਾਰ ਉਨ੍ਹਾਂ ਨੂੰ ਆਪਣੇ ਇੱਥੇ ਚੋਣ ਪ੍ਰਚਾਰ ਲਈ ਸੱਦ ਰਿਹਾ ਹੈ। ਲੋਕਾਂ ਦੀ ਮੰਗ ਸਪੱਸ਼ਟ ਕਰ ਰਹੀ ਹੈ ਕਿ ਮੁੱਖ ਮੰਤਰੀ ਦੇ ਤੌਰ 'ਤੇ 111 ਦਿਨਾਂ ਦਾ ਚਰਨਜੀਤ ਸਿੰਘ ਚੰਨੀ ਦਾ ਕਾਰਜਕਾਲ ਬਿਲਕੁਲ ਉਹੋ ਜਿਹਾ ਰਿਹਾ ਹੈ, ਜਿਹੋ ਜਿਹਾ ਲੋਕ ਚਾਹੁੰਦੇ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ    


Babita

Content Editor

Related News