... ਤੇ CM ਚੰਨੀ ਨੇ ਇਸ਼ਾਰਿਆਂ-ਇਸ਼ਾਰਿਆਂ ''ਚ ਨਵਜੋਤ ਸਿੱਧੂ ਬਾਰੇ ਆਖ ਦਿੱਤੀ ਇਹ ਗੱਲ

Friday, Dec 03, 2021 - 09:46 AM (IST)

... ਤੇ CM ਚੰਨੀ ਨੇ ਇਸ਼ਾਰਿਆਂ-ਇਸ਼ਾਰਿਆਂ ''ਚ ਨਵਜੋਤ ਸਿੱਧੂ ਬਾਰੇ ਆਖ ਦਿੱਤੀ ਇਹ ਗੱਲ

ਚੰਡੀਗੜ੍ਹ (ਅਸ਼ਵਨੀ) : ਆਪਣੀ ਸਰਕਾਰ ਦਾ ਰਿਪੋਰਟ ਕਾਰਡ ਦੇਣ ਆਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ਼ਾਰਿਆਂ-ਇਸ਼ਾਰਿਆਂ ’ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਵੀ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਚੰਨੀ ਸਰਕਾਰ ਦੇ ਮਾਡਲ ਤੋਂ ਸੰਤੁਸ਼ਟ ਕਿਉਂ ਨਹੀਂ ਹੋ ਪਾ ਰਹੇ, ਉਹ ਆਪਣਾ ਵੱਖਰਾ ਮਾਡਲ ਪੇਸ਼ ਕਰ ਰਹੇ ਹਨ? ਇਸ ’ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਕਾਰ ਨੇ ਬੇਹੱਦ ਘੱਟ ਸਮੇਂ ’ਚ ਕਾਫ਼ੀ ਕੁੱਝ ਕਰਕੇ ਵਿਖਾਇਆ ਹੈ। ਸਿੱਧੂ ਨੇ ਜੋ ਹੁਣ ਤੱਕ ਨਹੀਂ ਵੇਖਿਆ ਹੈ, ਉਹ ਵੀ ਵੇਖ ਲੈਣਗੇ। ਬਾਕੀਆਂ ਨੂੰ ਵਿਸ਼ਵਾਸ ਆ ਜਾਵੇਗਾ ਤਾਂ ਉਨ੍ਹਾਂ ਨੂੰ ਵੀ ਵਿਸ਼ਵਾਸ ਆ ਜਾਵੇਗਾ। ਇਸ ਦੇ ਨਾਲ ਚੰਨੀ ਨੇ ਕਿਸਾਨੀ ਕਰਜ਼ੇ ਤੋਂ ਲੈ ਕੇ ਬੇਅਦਬੀ, ਖ਼ਾਲੀ ਖਜ਼ਾਨਾ, ਨਸ਼ੇ ਦੇ ਮਸਲੇ ’ਤੇ ਵੀ ਆਪਣੀ ਗੱਲ ਰੱਖੀ। ਹਾਲਾਂਕਿ ਨਸ਼ੇ ਦੇ ਮੁੱਦੇ ਨੂੰ ਸੰਵੇਦਨਸ਼ੀਲ ਦੱਸਦਿਆਂ ਉਨ੍ਹਾਂ ਇਕ ਵਾਰ ਫਿਰ ਇਸ਼ਾਰਿਆਂ-ਇਸ਼ਾਰਿਆਂ ’ਚ ਸਿੱਧੂ ’ਤੇ ਨਿਸ਼ਾਨਾ ਸਾਧ ਦਿੱਤਾ। ਜਦੋਂ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਡਰੱਗ ਮਾਮਲੇ ’ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਧਿਕਾਰੀਆਂ ਦਾ ਇਕ ਪੈਨਲ ਗਠਿਤ ਕੀਤਾ ਹੈ? ਸੱਤ ਦਿਨਾਂ ’ਚ ਰਿਪੋਰਟ ਮੰਗੀ ਹੈ? ਸਰਕਾਰ ਵੱਲੋਂ ਇਹ ਪੂਰਾ ਪ੍ਰੋਸੈੱਸ ਕਦੋਂ ਤੱਕ ਮੁਕੰਮਲ ਕੀਤਾ ਜਾਵੇਗਾ? ਇਸ ’ਤੇ ਚੰਨੀ ਨੇ ਕਿਹਾ ਕਿ ਇਹ ਸਵਾਲ ਜਨਤਕ ਤੌਰ ’ਤੇ ਨਹੀਂ ਆਉਣਾ ਚਾਹੀਦਾ ਕਿਉਂਕਿ ਇਸ ਮਸਲੇ ਦੇ ਜਨਤਕ ਤੌਰ ’ਤੇ ਸਾਹਮਣੇ ਆਉਣ ਨਾਲ ਅਦਾਲਤ ’ਤੇ ਅਸਰ ਪੈ ਰਿਹਾ ਹੈ। ਇਸ ਲਈ ਦਿਲ ਦੀਆਂ ਡੂੰਘਾਈਆਂ ’ਚੋਂ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ। ਪਾਰਟੀ ਦੇ ਆਪਣੇ ਨੇਤਾ ਵੀ ਇਸ ਮਸਲੇ ’ਤੇ ਜੇਕਰ ਬਿਆਨ ਦਿੰਦੇ ਹਨ ਤਾਂ ਉਸ ਨਾਲ ਅਦਾਲਤ ’ਤੇ ਅਸਰ ਪੈਂਦਾ ਹੈ। ਉੱਥੇ ਹੀ ਬੇਅਦਬੀ ਮਾਮਲੇ ’ਚ ਇਨਸਾਫ਼ ਮਿਲਣ ਦੇ ਸਵਾਲ ’ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਨਤਾ ਨੂੰ ਹਰ ਪਾਸੇ ਦਾ ਇਨਸਾਫ਼ ਮਿਲੇਗਾ। ਪਿਛਲੀ ਸਰਕਾਰ ਨੇ ਬੇਹੱਦ ਉਲਝਣਦਾਰ ਸਿਸਟਮ ਦਿੱਤਾ ਸੀ, ਜਿਸ ਦੇ ਤਾਣੇ-ਬਾਣੇ ਨੂੰ ਸੁਲਝਾ ਕੇ ਸਿੱਧਾ ਕਰਕੇ ਹਰ ਚੀਜ਼ ਦਾ ਇਨਸਾਫ਼ ਮਿਲੇਗਾ।

ਇਹ ਵੀ ਪੜ੍ਹੋ : CM ਚੰਨੀ ਨੇ ਪੇਸ਼ ਕੀਤਾ 70 ਦਿਨਾਂ ਦਾ ਰਿਪੋਰਟ ਕਾਰਡ, ਬੋਲੇ-ਮੈਂ ਐਲਾਨਜੀਤ ਨਹੀਂ ਵਿਸ਼ਵਾਸਜੀਤ ਸਿੰਘ ਚੰਨੀ' (ਵੀਡੀਓ)
ਸਿੱਧੇ ਸਵਾਲਾਂ ’ਤੇ ਚੰਨੀ ਦਾ ਇਹ ਰਿਹਾ ਜਵਾਬ
ਸਵਾਲ : ਕਰਜ਼ਾ-ਕੁਰਕੀ ਮੁਆਫ਼ੀ ਦੇ ਨਾਅਰੇ ’ਤੇ ਕਾਂਗਰਸ ਨੇ 2017 ’ਚ ਸੱਤਾ ਪ੍ਰਾਪਤ ਕੀਤੀ, ਹੁਣ ਪੰਜਾਬ ਸਰਕਾਰ ਇਸ ਵਾਅਦੇ ਦੀ ਪੂਰਤੀ ਲਈ ਕੇਂਦਰ ਸਰਕਾਰ ਵੱਲ ਨਜ਼ਰਾਂ ਕਿਉਂ ਟਿਕਾ ਕੇ ਬੈਠੀ ਹੈ?
ਜਵਾਬ : ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2 ਲੱਖ ਰੁਪਏ ਤੱਕ ਕਰਜ਼ਾ ਮੁਆਫ਼ ਕੀਤਾ ਹੈ। ਸਰਕਾਰ ਚਾਹੁੰਦੀ ਹੈ ਕਿ ਹੁਣ ਪੂਰਨ ਰੂਪ ਤੋਂ ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਹੋਵੇ। ਟੈਕਸ ਪੰਜਾਬ ਨੂੰ ਵੀ ਆਉਂਦਾ ਹੈ ਅਤੇ ਕੇਂਦਰ ਸਰਕਾਰ ਨੂੰ ਵੀ ਜਾਂਦਾ ਹੈ। ਟੈਕਸ ਨਾਲ ਹੀ ਸਰਕਾਰਾਂ ਚੱਲਦੀਆਂ ਹਨ। ਇਸ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਪੂਰੀ ਦੇਸ਼ ਲਈ ਇਕ ਮਾਡਲ ਲੈ ਕੇ ਆਓ। ਜਿਸ ਤਰ੍ਹਾਂ ਪਹਿਲਾਂ ਸਾਰੀ ਐੱਸ. ਸੀ. ਸਕਾਲਰਸ਼ਿਪ ਕੇਂਦਰ ਸਰਕਾਰ ਦਿੰਦੀ ਸੀ ਅਤੇ ਹੁਣ ਕੇਂਦਰ ਨੇ 60:40 ਦੀ ਰੇਸ਼ੋ ਬਣਾ ਦਿੱਤੀ ਹੈ। ਇਸ ਤਰਜ਼ ’ਤੇ ਹੁਣ ਕੇਂਦਰ ਨੂੰ ਕਿਹਾ ਗਿਆ ਹੈ ਕਿ ਪੂਰੇ ਦੇਸ਼ ਲਈ ਮਾਡਲ ਲਿਆਓ, ਜਿਸ ਦੇ ਤਹਿਤ ਪੂਰੇ ਦੇਸ਼ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਾ ਮੁਆਫ਼ੀ ਦੀ ਗੱਲ ਹੋਵੇ। ਰਾਜ ਦਾ ਜਿੰਨਾ ਸ਼ੇਅਰ ਬਣਦਾ ਹੈ, ਉਹ ਰਾਜ ਸਰਕਾਰ ਸਹਿਣ ਕਰੇਗੀ, ਬਾਕੀ ਕੇਂਦਰ ਸਰਕਾਰ ਸਹਿਣ ਕਰੇ।

ਇਹ ਵੀ ਪੜ੍ਹੋ : PGI 'ਚ ਆਉਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਕੋਵਿਡ ਦੇ ਵੱਧਦੇ ਕੇਸਾਂ ਦੌਰਾਨ ਲਿਆ ਗਿਆ ਅਹਿਮ ਫ਼ੈਸਲਾ
ਸਵਾਲ : ਕੀ ਚਰਨਜੀਤ ਸਿੰਘ ਚੰਨੀ 2022 ’ਚ ਖ਼ੁਦ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ’ਤੇ ਵੇਖਦੇ ਹਨ?
ਜਵਾਬ : ਮੈਂ ਤਾਂ ਪਹਿਲਾਂ ਵੀ ਖ਼ੁਦ ਨੂੰ ਮੁੱਖ ਮੰਤਰੀ ਦੇ ਤੌਰ ’ਤੇ ਨਹੀਂ ਵੇਖਦਾ ਸੀ। ਇਹ ਤਾਂ ਜਨਤਾ ਨੇ ਅਤੇ ਉਨ੍ਹਾਂ ਦੀ ਪਾਰਟੀ ਨੇ ਬਣਾ ਦਿੱਤਾ ਹੈ। ਮੈਂ ਨਾ ਤਾਂ ਪਹਿਲਾਂ ਅਤੇ ਨਾ ਹੁਣ ਮੁੱਖ ਮੰਤਰੀ ਦੇ ਦਾਅਵੇਦਾਰ ਹਾਂ। ਜੋ ਹੁੰਦਾ ਹੈ ਉਹ ਜਨਤਾ ਅਤੇ ਪਾਰਟੀ ਦੀ ਸਹਿਮਤੀ ਨਾਲ ਹੁੰਦਾ ਹੈ। ਮੈਂ ਬੇਹੱਦ ਸੰਤੁਸ਼ਟ ਵਿਅਕਤੀ ਹਾਂ, ਪਰਿਵਾਰ ਦਾ ਰੋਟੀ-ਪਾਣੀ ਚੰਗਾ ਚੱਲਦਾ ਹੈ। ਮੈਂ ਮਿਊਂਸੀਪਲ ਕਮੇਟੀ ਖਰੜ ਦਾ ਪ੍ਰਧਾਨ ਰਿਹਾ, ਜਨਤਾ ਤੋਂ ਪੁੱਛੋ ਕਿ ਮੇਰਾ ਮਾਡਲ ਕੀ ਹੈ। ਉੱਥੇ ਸਕੂਲ ’ਚ 3 ਹਜ਼ਾਰ ਬੱਚਾ ਪੜ੍ਹਦਾ ਹੈ। ਇਹੀ ਸਾਡਾ ਵਿਕਾਸ ਦਾ ਮਾਡਲ ਹੈ। ਮੈਂ ਵਿਰੋਧੀ ਧਿਰ ਦਾ ਨੇਤਾ ਰਿਹਾ, ਮੰਤਰੀ ਰਿਹਾ। ਸੈਰ-ਸਪਾਟਾ ਮੰਤਰੀ ਦੇ ਤੌਰ ’ਤੇ ਵਧੀਆ ਕੰਮ ਕੀਤਾ। ਪੰਜਾਬ 14ਵੇਂ ਨੰਬਰ ਤੋਂ ਪਹਿਲੇ ਨੰਬਰ ’ਤੇ ਆ ਗਿਆ। ਜੇਕਰ ਮੈਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਤਾਂ ਮੇਰੇ ਕੰਮਾਂ ਕਰਕੇ ਬਣਾਇਆ ਗਿਆ ਹੈ। ਇਸ ਲਈ ਪਾਰਟੀ ਜੋ ਜ਼ਿੰਮੇਵਾਰੀ ਦੇਵੇਗੀ, ਉਸ ਨੂੰ ਨਿਭਾਵਾਂਗਾ। ਕਿਸੇ ਚੀਜ਼ ਦੀ ਚਾਹਤ ਨਹੀਂ ਹੈ।
ਸਵਾਲ : ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ, ਪੰਜਾਬ ਸਰਕਾਰ ਦੀ ਕੀ ਰਾਏ ਹੈ?
ਜਵਾਬ : ਘੱਟੋ-ਘੱਟ ਸਮਰਥਨ ਮੁੱਲ ਤਾਂ ਲੈਣਾ ਹੀ ਹੈ। ਅਸਲੀ ਗਾਰੰਟੀ ਦਿੰਦੇ ਹਾਂ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਚੁੱਕਣ ਦੀ ਹੈ। ਕਈ ਸੂਬਿਆਂ ’ਚ ਕੇਂਦਰ ਸਰਕਾਰ ਪੂਰਾ ਅਨਾਜ ਨਹੀਂ ਚੁੱਕਦੀ ਹੈ। ਇਸ ਲਈ ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਕਿਹਾ ਹੈ ਕਿ ਦਾਣਾ-ਦਾਣਾ ਚੁੱਕਣ ਦੀ ਗਾਰੰਟੀ ’ਤੇ ਗੱਲ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕੇਂਦਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਝਟਕਾ, ਰੋਕਿਆ RDF ਦਾ ਪੈਸਾ
ਸਵਾਲ : ਅਕਤੂਬਰ ਤੱਕ ਪੰਜਾਬ ਸਰਕਾਰ ਨੇ 11,113 ਕਰੋੜ ਰੁਪਏ ਦਾ ਕਰਜ਼ਾ ਲਿਆ। ਸਰਕਾਰ ਖ਼ਰਚਾ ਅਤੇ ਆਮਦਨ ’ਚ ਸੰਤੁਲਨ ਬਿਠਾਉਣ ਲਈ ਕਰਜ਼ਾ ਲੈ ਰਹੀ ਹੈ। ਪੰਜਾਬ ’ਤੇ ਹੁਣ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਹੈ? ਇਸ ਕਰਜ਼ੇ ਨੂੰ ਕੌਣ ਉਤਰੇਗਾ।
ਜਵਾਬ : ਮੈਨੂੰ ਤਾਂ ਕੇਵਲ ਦੋ-ਤਿੰਨ ਮਹੀਨੇ ਹੀ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅਗਲੀ ਸਰਕਾਰ ਬਣਨ ’ਤੇ ਇਕ ਲੌਂਗ ਟਰਮ ਪਾਲਿਸੀ ਲਿਆਂਦੀ ਜਾਵੇਗੀ, ਜਿਸ ਦੇ ਨਾਲ ਇਹ ਸਭ ਮਸਲੇ ਹੱਲ ਹੋ ਜਾਣਗੇ। ਮੇਰਾ ਧਿਆਨ ਐਜੂਕੇਸ਼ਨ ਅਤੇ ਹੈਲਥ ਸਿਸਟਮ ਵੱਲ ਹੈ। ਇਹ ਉਦੋਂ ਸੰਭਵ ਹੋਵੇਗਾ, ਜਦੋਂ ਸਰਕਾਰ ਨੂੰ ਵਕਤ ਮਿਲੇਗਾ।
ਸਵਾਲ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੰਨੀ ਸਰਕਾਰ ਦੇ ਵਾਅਦਿਆਂ ਅਤੇ ਐਲਾਨਾਂ ਨੂੰ ਲੈ ਕੇ ਲਗਾਤਾਰ ਹਮਲੇ ਕਰ ਰਹੇ ਹਨ, ਇਸ ਨਾਲ ਪਾਰਟੀ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ?
ਜਵਾਬ : ਅੱਜ ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਦਾ ਬਿਓਰਾ ਦੇਣ ਨਾਲ ਕਾਫ਼ੀ ਗੱਲਾਂ ਸਪੱਸ਼ਟ ਹੋ ਗਈਆਂ ਹਨ, ਸਿੱਧੂ ਨੂੰ ਸਾਰੀਆਂ ਗੱਲਾਂ ਸਪੱਸ਼ਟ ਹੋ ਜਾਣਗੀਆਂ। ਨਵਜੋਤ ਸਿੰਘ ਸਿੱਧੂ ਵੱਡੇ ਭਰਾ ਹਨ। ਪਾਰਟੀ ਪ੍ਰਧਾਨ ਹਨ। ਸਰਕਾਰ ਪਾਰਟੀ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਅਤੇ ਜਨਹਿਤੈਸ਼ੀ ਫ਼ੈਸਲੇ ਲੈ ਰਹੀ ਹੈ। ਮੈਂ ਪਟਾਕੇ ਵੇਚਦਾ ਰਿਹਾ ਹਾਂ। ਇਸ ਵਾਰ ਦੀਵਾਲੀ ’ਤੇ ਸਿੱਧੇ ਨਿਰਦੇਸ਼ ਦਿੱਤੇ ਸਨ ਕਿ ਕਿਸੇ ਵਿਕ੍ਰੇਤਾ ਨੂੰ ਤੰਗ ਨਾ ਕੀਤਾ ਜਾਵੇ। ਇਸ ਦਾ ਨਤੀਜਾ ਹੈ ਕਿ ਪੰਜਾਬ ’ਚ ਧੂਮ ਮਚੀ ਹੋਈ ਹੈ। ਜਨਤਾ ਕਹਿੰਦੀ ਹੈ ਕਿ ਅਜਿਹੀ ਦੀਵਾਲੀ ਕਦੇ ਵੇਖੀ ਨਹੀਂ। ਇਕ ਵੀ ਦੁਕਾਨਦਾਰ ਨੂੰ ਤੰਗ ਨਹੀਂ ਕਰਨ ਦਿੱਤਾ।
ਸਵਾਲ : ਪੰਜਾਬ ਪੁਲਸ ’ਚ ਬਾਹਰੀ ਸੂਬਿਆਂ ਦੇ ਬਾਸ਼ਿੰਦਿਆਂ ਦੀ ਭਰਤੀ ਕੀਤੀ ਗਈ ਹੈ, ਇਸ ’ਤੇ ਕੀ ਪੰਜਾਬ ਸਰਕਾਰ ਕੋਈ ਫ਼ੈਸਲਾ ਲੈ ਰਹੀ ਹੈ?
ਜਵਾਬ : ਮੇਰੇ ਕੋਲ ਲੱਖਾ ਸਿਧਾਣਾ ਜੀ ਆਏ ਸਨ, ਉਨ੍ਹਾਂ ਇਸ ਮਸਲੇ ’ਤੇ ਪੂਰੀ ਗੱਲ ਦੱਸੀ ਹੈ। ਮੈਂ ਫਾਈਲ ਮੰਗਵਾ ਲਈ ਹੈ, ਦੋ-ਚਾਰ ਦਿਨਾਂ ’ਚ ਮਸਲਾ ਹੱਲ ਕਰ ਦਿੱਤਾ ਜਾਵੇਗਾ। ਪੰਜਾਬ ’ਚ ਸਿਰਫ਼ ਪੰਜਾਬੀਆਂ ਨੂੰ ਹੀ ਨੌਕਰੀ ਮਿਲੇਗੀ। ਅਜਿਹਾ ਕਾਨੂੰਨ ਬਣਾਵਾਂਗੇ ਕਿ ਬਾਹਰੀ ਲੋਕਾਂ ਨੂੰ ਨੌਕਰੀ ਨਹੀਂ ਮਿਲੇਗੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਧਰ-ਉਧਰ ਤੋਂ ਲਿਆ ਕੇ ਜੋ ਭਰਤੀਆਂ ਕੀਤੀਆਂ ਹਨ, ਉਨ੍ਹਾਂ ਦੀ ਫਾਈਲ ਮੰਗਵਾ ਲਈ ਹੈ, ਸਭ ਦੀ ਛੁੱਟੀ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News