CM ਚੰਨੀ ਨੇ ਆਟੋ ਚਾਲਕਾਂ ਨੂੰ ਦਿੱਤੀ ਵੱਡੀ ਰਾਹਤ, ਚਲਾਨਾਂ ਦੇ ਜੁਰਮਾਨੇ ਹੋਣਗੇ ਮੁਆਫ਼
Monday, Nov 22, 2021 - 01:56 PM (IST)
ਲੁਧਿਆਣਾ (ਹਿਤੇਸ਼, ਰਿੰਕੂ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਟੋ ਚਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸੋਮਵਾਰ ਨੂੰ ਇੱਥੇ ਕਾਂਗਰਸ ਦੀ ਰੈਲੀ 'ਚ ਸ਼ਾਮਲ ਹੋਣ ਲਈ ਲੁਧਿਆਣਾ ਪੁੱਜੇ ਮੁੱਖ ਮੰਤਰੀ ਚੰਨੀ ਗਿੱਲ ਰੋਡ 'ਤੇ ਰੁਕੇ, ਜਿੱਥੇ ਆਟੋ ਰਿਕਸ਼ਾ ਯੂਨੀਅਨ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਗਿਣਵਾਈਆਂ। ਉਨ੍ਹਾਂ ਨੇ ਮੁੱਖ ਤੌਰ 'ਤੇ ਚਲਾਨ ਕੱਟਣ ਦਾ ਮੁੱਦਾ ਚੁੱਕਿਆ, ਜਿਸ ਤਹਿਤ ਭਾਰੀ ਜੁਰਮਾਨੇ ਦੇਣ ਲਈ ਉਨ੍ਹਾਂ ਨੂੰ ਕਰਜ਼ਾ ਚੁੱਕਣਾ ਪੈ ਰਿਹਾ ਹੈ ਅਤੇ ਕਰਜ਼ੇ ਦੀ ਵਾਪਸੀ ਲਈ ਆਟੋ ਵੇਚਣ ਦੀ ਨੌਬਤ ਤੱਕ ਆ ਜਾਂਦੀ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਚੰਨੀ ਨੇ ਹੁਣ ਤੱਕ ਦੇ ਸਾਰੇ ਚਲਾਨਾਂ ਦੇ ਜੁਰਮਾਨੇ ਮੁਆਫ਼ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਪਠਾਨਕੋਟ ਤੋਂ ਵੱਡੀ ਖ਼ਬਰ : ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਕੋਲ ਗ੍ਰਨੇਡ ਧਮਾਕਾ, ਹਾਈ ਅਲਰਟ 'ਤੇ ਪੁਲਸ
ਉਨ੍ਹਾਂ ਨੇ ਕਿਹਾ ਕਿ ਇਕ ਰੁਪਏ ਜੁਰਮਾਨਾ ਦੇਣ ਨਾਲ ਚਲਾਨ ਖ਼ਤਮ ਹੋ ਜਾਵੇਗਾ ਅਤੇ ਬੰਦ ਪਏ ਆਟੋ ਛੁੱਟ ਸਕਦੇ ਹਨ। ਜਿੱਥੋਂ ਤੱਕ ਅੱਗੇ ਤੋਂ ਪੁਲਸ ਦੀ ਚੈਕਿੰਗ ਤੋਂ ਬਚਣ ਦਾ ਸਵਾਲ ਹੈ, ਉਸ ਦੇ ਲਈ ਸਰਕਾਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਦੇ ਚੱਲਦਿਆਂ ਲਾਈਸੈਂਸ ਲੈਣ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ ਮੁੱਖ ਮੰਤਰੀ ਚੰਨੀ ਨੇ ਆਟੋ ਰਿਕਸ਼ਾ ਚਾਲਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਦੀ ਹਦਾਇਤ ਕੀਤੀ ਅਤੇ ਉਨ੍ਹਾਂ ਦੀ ਮੰਗ 'ਤੇ ਯੈਲੋ ਲਾਈਨ ਲਾਉਣ ਅਤੇ ਸਟੈਂਡ ਲਈ ਜਗ੍ਹਾ ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਏਅਰਟੈੱਲ ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਮਹਿੰਗੇ ਕੀਤੇ 'ਪ੍ਰੀਪੇਡ' ਪਲਾਨ
ਕੇਜਰੀਵਾਲ ਨੂੰ ਦਿੱਤੀ ਰਿਕਸ਼ੇ 'ਤੇ ਰੇਸ ਲਾਉਣ ਦੀ ਚੁਣੌਤੀ
ਮੁੱਖ ਮੰਤਰੀ ਚੰਨੀ ਦੇ ਆਟੋ ਚਾਲਕਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੀ ਸਿਆਸੀ ਡਿਪਲੋਮੈਸੀ ਵੀ ਦਿਖਾਈ ਦਿੱਤੀ ਕਿਉਂਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਵੀ ਸੋਮਵਾਰ ਨੂੰ ਹੀ ਆਟੋ ਚਾਲਕਾਂ ਨਾਲ ਮੀਟਿੰਗ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ।
ਇਸ ਤੋਂ ਪਹਿਲਾਂ ਚੰਨੀ ਉਨ੍ਹਾਂ ਕੋਲ ਪਹੁੰਚ ਗਏ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਟੈਂਟ ਹਾਊਸ 'ਚ ਰਿਕਸ਼ਾ ਚਲਾਉਂਦੇ ਰਹੇ ਹਨ। ਇਸ ਲਈ ਰਿਕਸ਼ੇ ਵਾਲੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬਾਹਰੋਂ ਆ ਕੇ ਰਿਕਸ਼ੇ ਵਾਲਿਆਂ ਦੇ ਹਮਦਰਦ ਬਣਨ ਦਾ ਨਾਟਕ ਕਰ ਰਹੇ ਹਨ, ਉਹ ਉਨ੍ਹਾਂ ਨਾਲ ਰਿਕਸ਼ੇ 'ਤੇ ਰੇਸ ਲਾ ਕੇ ਦਿਖਾਉਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ