ਜਾਣੋ ਕੌਣ ਹਨ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਚਰਨਜੀਤ ਅਟਵਾਲ
Sunday, Mar 17, 2019 - 05:10 PM (IST)
ਜਲੰਧਰ— 19 ਮਈ ਨੂੰ ਪੰਜਾਬ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੌਲੀ-ਹੌਲੀ ਹਰ ਇਕ ਪਾਰਟੀ ਨੇ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਪਾਸੇ ਜਿੱਥੇ 'ਆਪ' ਵੱਲੋਂ ਹੁਣ ਤੱਕ 6 ਉਮੀਦਵਾਰ ਐਲਾਨੇ ਗਏ ਹਨ, ਉਥੇ ਹੀ ਅਕਾਲੀ ਦਲ ਦੋ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ। ਲੋਕ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਖਡੂਰ ਸਾਹਿਬ ਦੀ ਸੀਟ ਤੋਂ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਵਜੋਂ ਐਲਾਨਿਆ ਗਿਆ ਅਤੇ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਦੇ ਤੌਰ 'ਤੇ ਐਲਾਨਿਆ।
ਜਾਣੋ ਕੌਣ ਹਨ ਚਰਨਜੀਤ ਸਿੰਘ ਅਟਵਾਲ
ਚਰਨਜੀਤ ਸਿੰਘ ਅਟਵਾਲ ਦਾ ਜਨਮ 15 ਮਾਰਚ 1937 ਨੂੰ ਪਾਕਿਸਤਾਨ ਦੇ ਸਹੀਵਾਲ 'ਚ ਹੋਇਆ। ਅਟਵਾਲ ਨੇ ਲੁਧਿਆਣਾ ਦੇ ਜੀ. ਜੀ. ਐੱਨ. ਖਾਲਸਾ ਕਾਲਜ ਤੋਂ ਗਰੈਜੂਏਸ਼ਨ ਕੀਤੀ ਅਤੇ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਤੋਂ ਵਕਾਲਤ ਵੀ ਪਾਸ ਕੀਤੀ। ਆਪਣੇ 40 ਸਾਲਾਂ ਦੇ ਸਿਆਸੀ ਜੀਵਨ ਦੌਰਾਨ ਉਹ 20 ਸਾਲ ਭਾਰਤੀ ਸੰਸਦ ਦੇ ਮੈਂਬਰ ਰਹੇ ਹਨ।
ਕੀ ਹੈ ਚਰਨਜੀਤ ਸਿੰਘ ਦਾ ਸਿਆਸੀ ਪਿਛੋਕੜ
82 ਸਾਲਾ ਅਟਵਾਲ 1957 'ਚ ਸਿਆਸਤ 'ਚ ਸਰਗਰਮ ਹੋਏ। ਚਰਨਜੀਤ ਸਿੰਘ ਅਟਵਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੋਣ ਦੇ ਨਾਲ-ਨਾਲ 14ਵੀਂ ਲੋਕ ਸਭਾ 'ਚ ਸਾਲ 2004 ਤੋਂ 2009 ਤੱਕ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਅਟਵਾਲ 14ਵੀਂ ਲੋਕ ਸਭਾ 'ਚ ਫਿਲੌਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ 'ਚ ਦੋ ਵਾਰ ਸਪੀਕਰ ਵੀ ਰਹਿ ਚੁੱਕੇ ਹਨ। ਚਰਨਜੀਤ ਸਿੰਘ ਸਿੰਘ ਅਟਵਾਲ ਤਿੰਨ ਵਾਰ ਵਿਧਾਇਕ ਅਤੇ ਦੋ ਵਾਰ ਪਾਰਲੀਮੈਂਟ ਮੈਂਬਰ ਰਹੇ ਹਨ। ਅਟਵਾਲ 1969 'ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲਈ ਲੁਧਿਆਣਾ ਪੱਛਮੀ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ। ਇਸ ਤੋਂ ਬਾਅਦ 1977 'ਚ ਮੁੱਲਾਂਪੁਰ ਦਾਖਾ ਤੋਂ ਵੀ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਪਾਰਟੀ ਨੂੰ ਜਿੱਤ ਦਵਾਈ। ਇਸ ਤੋਂ ਬਾਅਦ 1997 'ਚ ਕੁਮਕਲਾ (ਲੁਧਿਆਣਾ) ਤੋਂ ਵਿਧਾਨ ਸਭਾ ਚੋਣਾਂ ਜਿੱਤੇ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣੇ। ਅਟਵਾਲ ਸਾਲ 2002 'ਚ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਲੜੇ ਅਤੇ 2700 ਵੋਟਾਂ ਨਾਲ ਹਾਰ ਗਏ ਸਨ। ਇਸ ਦੇ ਨਾਲ ਹੀ 2002 'ਚ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਰਿੰਕੂ ਅਟਵਾਲ ਕੁਮਕਲਾ (ਲੁਧਿਆਣਾ) ਤੋਂ ਵਿਧਾਨ ਸਭਾ ਚੋਣ ਜਿੱਤੇ ਸਨ। ਚਰਨਜੀਤ ਸਿੰਘ ਅਟਵਾਲ 1985 'ਚ ਰੋਪੜ ਅਤੇ 2004 'ਚ ਫਿਲੌਰ ਲੋਕ ਸਭਾ ਚੋਣਾਂ ਜਿੱਤ ਕੇ ਲੋਕ ਸਭਾ 'ਚ ਪਹੁੰਚੇ ਸਨ।
ਅਟਵਾਲ ਪਹਿਲੀ ਵਾਰ 1997 ਤੋਂ ਲੈ ਕੇ 2002 ਅਤੇ ਦੂਜੀ ਵਾਰ 2012 ਤੋਂ 2017 ਤੱਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਅਟਵਾਲ ਖੁਦ ਚੋਣ ਨਹੀਂ ਲੜੇ ਸਨ। ਉਨ੍ਹਾਂ ਦੇ ਵੱਡੇ ਬੇਟੇ ਇੰਦਰ ਇਕਬਾਲ ਸਿੰਘ ਲੁਧਿਆਣਾ ਦੀ ਰਾਏਕੋਟ ਸੀਟ ਤੋਂ ਚੋਣ ਲੜੇ ਜੋ ਤੀਜੇ ਨੰਬਰ 'ਤੇ ਰਹੇ ਸਨ। ਅਕਾਲੀ ਦਲ ਦੇ ਸੀਨੀਅਰ ਲੀਡਰਾਂ 'ਚੋਂ ਇਕ 82 ਸਾਲ ਦੇ ਚਰਨਜੀਤ ਅਟਵਾਲ ਦਲਿਤ ਭਾਈਚਾਰੇ ਨਾਲ ਸਬੰਧਤ ਹਨ ਅਤੇ 1975-77 ਦੇ ਐਮਰਜੈਂਸੀ ਦੇ ਦਿਨਾਂ 'ਚ ਜੇਲ ਵੀ ਕੱਟ ਚੁੱਕੇ ਹਨ। ਪਿਛਲੀਆਂ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਪਵਨ ਕੁਮਾਰ ਟੀਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਪਰ ਉਹ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਤੋਂ 71 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਅਕਾਲੀ ਦਲ ਵੱਲੋਂ ਹੁਣ ਇਕ ਵਾਰ ਫਿਰ ਤੋਂ ਅਟਵਾਲ ਨੂੰ ਦੇਸ਼ ਕੌਮੀ ਸਿਆਸਤ 'ਚ ਮੌਕਾ ਦਿੱਤਾ ਗਿਆ ਹੈ। ਚਰਨਜੀਤ ਅਟਵਾਲ ਇਸ ਵਾਰ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਕਾਂਗਰਸ ਵਲੋਂ ਹਾਲਾਂਕਿ ਅਜੇ ਤਕ ਆਪਣੇ ਉਮੀਦਵਾਰ ਦਾ ਅੇਲਾਨ ਨਹੀਂ ਕੀਤਾ ਗਿਆਂ ਹੈ ਪਰ ਸੰਭਾਵਨਾ ਇਹ ਹੀ ਜਤਾਈ ਜਾ ਰਹੀ ਹੈ ਕਾਂਗਰਸ ਆਪਣੇ ਪਿਛਲੀ ਵਾਰ ਦੇ ਜੇਤੂ ਰਹੇ ਸੰਤੋਸ਼ ਚੌਧਰੀ ਨੂੰ ਹੀ ਮੂੜ ਤੋਂ ਮੈਦਾਨ ਚ ਭੇਜੇਗੀ।
ਮਿਲ ਚੁੱਕਿਆ ਹੈ ਸਵੱਛ ਸਿਆਸਤਦਾਨ ਦਾ ਸਨਮਾਨ
ਪੰਜਾਬ ਵਿਧਾਨ ਸਭਾ ਦੇ ਮਾਨਯੋਗ ਡਾਕਟਰ ਚਰਨਜੀਤ ਸਿੰਘ ਅਟਵਾਲ ਨੂੰ ਉੱਤਰਾਖੰਡ ਦੇ ਪਹਿਲੇ ਮੁੱਖ ਮੰਤਰੀ ਸਵ. ਨਿਤਆਨੰਦ ਸੁਆਮੀ ਦੀ ਯਾਦ 'ਚ ਨਿਤਆਨੰਦ ਸੁਆਮੀ ਕਮੇਟੀ ਵੱਲੋਂ ਸਵੱਛ ਸਿਆਸਤਦਾਨ ਦਾ ਸਨਮਾਨ ਵੀ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਅਟਵਾਲ 1997 ਤੋਂ 2000 ਤੱਕ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਅਤੇ ਪਿਛੜੇ ਵਰਗਾਂ ਦੇ ਕਲਿਆਣ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।