ਬਹਿਬਲ ਕਲਾਂ ਕਾਂਡ: ਸਾਬਕਾ ਐੱਸ.ਐੱਸ.ਪੀ. ਸ਼ਰਮਾ ਦੀਆਂ ਅਰਜ਼ੀਆਂ ਰੱਦ
Wednesday, Nov 06, 2019 - 11:18 AM (IST)
ਫਰੀਦਕੋਟ (ਜਗਤਾਰ) - ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਸਬੰਧ 'ਚ ਨਾਮਜ਼ਦ ਮੁਲਜ਼ਮ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸਿੰਘ ਸ਼ਰਮਾ ਨੂੰ ਪੇਸ਼ੀ ਲਈ ਫਰੀਦਕੋਟ ਦੀ ਜ਼ਿਲਾ ਅਤੇ ਸੈਸ਼ਨ ਕੋਰਟ 'ਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਅਦਾਲਤ ਨੇ ਬਚਾਅਪੱਖ ਵਲੋਂ ਦਾਇਰ ਕੀਤੀ 2 ਰਿਵੀਜ਼ਨ ਅਤੇ ਇਕ ਅਰਜ਼ੀ 'ਤੇ ਫੈਸਲਾ ਸੁਣਾਉਂਦੇ ਹੋਏ ਤਿਨਾਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ। ਇਸ ਤਰ੍ਹਾਂ ਅਦਾਲਤ ਨੇ ਅਰਜ਼ੀਆਂ ਖਾਰਜ ਕਰਨ ਮਗਰੋਂ ਮਾਮਲੇ ਦੀ ਸੁਣਵਾਈ 20 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਅਤੇ ਉਸੇ ਦਿਨ ਅਦਾਲਤ ਵਲੋਂ ਚਾਰਜ ਫ੍ਰੇਮ ਨੂੰ ਲੈ ਕੇ ਬਹਿਸ ਕੀਤੀ ਜਾਵੇਗੀ।
ਦੱਸ ਦੇਈਏ ਕਿ ਨਾਮਜ਼ਦ ਮੁਲਜ਼ਮ ਸਾਬਕਾ ਐੱਸ.ਐੱਸ.ਪੀ. ਸ਼ਰਮਾ ਨੇ ਵਿਸ਼ੇਸ਼ ਜਾਂਚ ਟੀਮ ਵਲੋਂ ਅਦਾਲਤ 'ਚ ਪੇਸ਼ ਕੀਤੇ ਦੋਸ਼ ਪੱਤਰਾਂ ਨੂੰ ਨੁਕਸਦਾਰ ਦੱਸਦਿਆਂ ਕਿਹਾ ਸੀ ਕਿ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਰਿਪੋਰਟ 'ਚ ਕੁਝ ਗਵਾਹਾਂ ਅਤੇ ਦਸਤਾਵੇਜ਼ਾਂ ਦਾ ਜ਼ਿਕਰ ਕੀਤਾ ਹੈ। ਕਾਨੂੰਨ ਮੁਤਾਬਕ ਉਨ੍ਹਾਂ ਨੇ ਉਕਤ ਗਵਾਹਾਂ ਅਤੇ ਦਸਤਾਵੇਜ਼ਾਂ ਦੀਆਂ ਨਕਲਾਂ ਉਨ੍ਹਾਂ ਨੂੰ ਅਜੇ ਤੱਕ ਮੁਹੱਈਆਂ ਨਹੀਂ ਕਰਵਾਈਆਂ। ਇਸੇ ਕਾਰਨ ਅਦਾਲਤ ਨੇ ਇਸ ਇਤਰਾਜ਼ ਨੂੰ ਬੇਵਜ੍ਹਾ ਮੰਨਦੇ ਹੋਏ ਰੱਦ ਕਰ ਦਿੱਤਾ।