ਚਰਨਜੀਤ ਚੰਨੀ ਟੈਂਪਰੇਰੀ ਮੁੱਖ ਮੰਤਰੀ, ਸਿੱਧੂ ਕੁੱਕੜਾਂ ਵਾਂਗ ਲੜਦਾ : ਸੁਖਬੀਰ ਬਾਦਲ

Saturday, Dec 04, 2021 - 06:09 PM (IST)

ਖੰਨਾ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਟੈਂਪਰੇਰੀ ਮੁੱਖ ਮੰਤਰੀ ਦੱਸਿਆ ਹੈ। ਸੁਖਬੀਰ ਨੇ ਕਿਹਾ ਕਿ ਜਿਸ ਤਰ੍ਹਾਂ ਪੰਜ ਸਾਲ ਤੱਕ ਕਾਂਗਰਸ ਨੇ ਪੰਜਾਬ ਅਤੇ ਪੰਜਾਬੀਆਂ ਦੀ ਲੁੱਟ ਕੀਤੀ ਹੈ, ਇਸ ਨੂੰ ਦੇਖਦੇ ਹੋਏ ਲੋਕ ਕਾਂਗਰਸ ਨੂੰ ਚੱਲਦਾ ਕਰਨ ਲਈ ਕਾਹਲੇ ਹਨ। ਖੰਨਾ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਪਿਛਲੇ ਪੰਜ ਸਾਲਾਂ ਤੱਕ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਦੇਖਣ ਨੂੰ ਮਿਲੀ। ਝੂਠੀਆਂ ਸਹੁੰਆਂ ਅਤੇ ਠੱਗੀਆਂ ਮਾਰ ਕੇ ਪੰਜ ਸਾਲ ਲਈ ਸਰਕਾਰ ਤਾਂ ਬਣਾ ਲਈ ਪਰ ਪੰਜ ਸਾਲ ਤਕ ਨਾ ਪੰਜਾਬ ਵਿਚ ਕਾਂਗਰਸ ਦਾ ਮੁੱਖ ਮੰਤਰੀ ਵਿਖਾਈ ਦਿੱਤਾ ਅਤੇ ਨਾ ਹੀ ਮੰਤਰੀ ਨਜ਼ਰ ਆਏ। ਕਾਂਗਰਸ ਨੇ ਆਪਣੇ ਰਾਜ ਵਿਚ ਸਿਰਫ ਲੋਕਾਂ ਨੂੰ ਲੁੱਟਣ ਦਾ ਹੀ ਕੰਮ ਕੀਤਾ ਹੈ। ਕਾਂਗਰਸ ਦੇ ਵਿਧਾਇਕ ਹੀ ਸਭ ਤੋਂ ਵੱਧ ਰੇਤ ਮਾਫੀਆ ਵਿਚ ਮਿਲੇ ਹੋਏ ਹਨ। ਕਾਂਗਰਸੀ ਵਿਧਾਇਕਾਂ ਨੇ ਪੰਜ ਸਾਲ ਪੰਜਾਬ ਵਿਚ ਗੁੰਡਾ ਗਰਦੀ ਦਾ ਰਾਜ ਕੀਤਾ ਹੈ, ਇਸੇ ਦੇ ਚੱਲਦੇ ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਸੁਖਬੀਰ ਨੇ ਕਿਹਾ ਕਿ ਰਾਜ ਕਰਵਾਉਣ ਵਾਲੀ ਵੀ ਜਨਤਾ ਅਤੇ ਸੱਤਾ ਤੋਂ ਲਾਹੁਣ ਵੀ ਜਨਤਾ ਹੀ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਸਭ ਤੋਂ ਵੱਧ ਵਿਕਾਸ ਦੇ ਕੰਮ ਹੋਏ। ਸੜਕਾਂ ਬਣੀਆਂ, ਕਾਂਲਜ ਬਣੇ, ਥਰਮਲ ਪਲਾਂਟ ਬਣੇ, ਸਾਰੀਆਂ ਸਹੂਲਤਾਂ ਸਿਰਫ ਅਕਾਲੀ ਦਲ ਨੇ ਹੀ ਜਨਤਾ ਨੂੰ ਦਿੱਤੀਆਂ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਸੰਘਰਸ਼ ਦਾ ਮੁੱਦਾ ਚੱਲ ਰਿਹਾ ਹੈ ਪਰ ਐੱਮ. ਐੱਸ. ਪੀ. ਲਈ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਸੰਘਰਸ਼ ਕੀਤਾ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਕਿਸਾਨਾਂ ਲਈ ਮੰਡੀਆਂ ਬਣਾਈਆਂ ਗਈਆਂ, 16 ਲੱਖ ਟਿਊਬਵੈੱਲ ਪੰਜਾਬ ਵਿਚ ਕਿਸਾਨਾਂ ਨੂੰ ਦਿੱਤੇ ਗਏ, ਜਿਨ੍ਹਾਂ ’ਚੋਂ 13 ਲੱਖ ਅਕਾਲੀ ਦਲ ਨੇ ਹੀ ਦਿੱਤੀ ਹਨ। ਇਸ ਤੋਂ ਇਲਾਵਾ ਆਟਾ ਦਾਲ, ਸ਼ਗਨ ਸਕੀਮ, ਪੈਨਸ਼ਨ ਸਕੀਮ ਅਕਾਲੀ ਦਲ ਦੀ ਹੀ ਦੇਣ ਹੈ। ਅੱਗੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਾ ਅਸੀਂ ਝੂਠੀ ਸਹੁੰ ਖਾਵਾਂਗੇ ਤੇ ਨਾ ਫਾਰਮ ਭਰਾਵਾਵਾਂਗੇ। ਅਕਾਲੀ ਦਲ ਜੋ ਕਹਿੰਦਾ ਹੈ ਉਹ ਕਰਕੇ ਵੀ ਵਿਖਾਉਂਦਾ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਸੁਖਬੀਰ ਸਿੰਘ ਬਾਦਲ ਵਲੋਂ ਇਕ ਹੋਰ ਉਮੀਦਵਾਰ ਦਾ ਐਲਾਨ

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿਰਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿਚ ਹੀ ਤਰੱਕੀ ਹੋਈ ਹੈ। ਇਸ ਲਈ ਜਨਤਾ ਨੇ ਉਨ੍ਹਾਂ ਨੂੰ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿਰਫ ਭਾਖੜਾ ਡੈਮ ਨੂੰ ਛੱਡ ਕੇ ਸਾਰੇ ਥਰਮਲ ਪਲਾਂਟ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਬਣੇ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਇਕ ਸੜਕ, ਪੁੱਲ, ਹਸਪਤਾਲ ਜਾਂ ਕਾਲਜ ਦੇ ਨਾਂ ਦੱਸੇ ਜਿਹੜਾ ਕਾਂਗਰਸ ਨੇ ਪਿਛਲੇ 5 ਸਾਲਾਂ ਵਿਚ ਬਣਵਾਇਆ ਹੈ। ਜਦਕਿ ਚਰਨਜੀਤ ਚੰਨੀ ਮੁੱਖ ਮੰਤਰੀ ਬਣਨ ਦੇ ਲਾਇਕ ਹੀ ਨਹੀਂ ਹੈ। ਚੰਨੀ ਨੂੰ ਸਿਰਫ ਟੈਪਰੇਰੀ ਚਾਰਜ ਦਿੱਤਾ ਗਿਆ ਹੈ, ਇਸੇ ਲਈ ਉਹ ਰਾਤ ਨੂੰ ਵੀ ਹੈਲੀਕਾਪਟਰ ’ਤੇ ਗੇੜੇ ਲਾਉਂਦਾ ਰਹਿੰਦਾ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਤਾਂ ਇੰਝ ਲੜਦਾ ਹੈ ਜਿਵੇਂ ਕੁੱਕੜ ਲੜਦੇ ਹੋਣ। ਸੁਖਬੀਰ ਨੇ ਕਿਹਾ ਕਿ ਕੇਜਰੀਵਾਲ ਕਹਿੰਦਾ ਹੈ, ਐੱਸ. ਵਾਈ. ਐੱਲ ਕਨਾਲ ਪੰਜਾਬ ਵਿਚ ਕਢਵਾਓ ਕਿਉਂਕਿ ਦਿੱਲੀ ਨੂੰ ਪਾਣੀ ਚਾਹੀਦੀ ਹੈ, ਫਿਰ ਇਹ ਪੰਜਾਬ ਦਾ ਭਲਾ ਕਿਵੇਂ ਕਰ ਸਕਦੇ ਹਨ। ਇਸ ਦੌਰਾਨ ਸੁਖਬੀਰ ਬਾਦਲ ਨੇ ਸਰਕਾਰ ਆਉਣ ’ਤੇ ਖੰਨਾ ਨੂੰ ਜ਼ਿਲ੍ਹਾ ਬਨਾਉਣ ਦਾ ਐਲਾਨ ਵੀ ਕੀਤਾ।

ਇਹ ਵੀ ਪੜ੍ਹੋ : ਸਿੱਖਿਆ ਦੇ ਮਾਮਲੇ ’ਤੇ ਵਧਿਆ ਵਿਵਾਦ, ਮਨੀਸ਼ ਸਿਸੋਦੀਆ ਦਾ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਕੂਲਾਂ ’ਚ ਛਾਪਾ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਸਮੇਂ ਕੇਜਰੀਵਾਲ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਸਿਆਸਤ ਵਿਚ ਆਓਗੇ ਤਾਂ ਉਨ੍ਹਾਂ ਸਾਫ ਇਨਕਾਰ ਕੀਤਾ ਸੀ ਜਦਕਿ ਬਾਅਦ ਵਿਚ ਉਨ੍ਹਾਂ ਪਾਰਟੀ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਆਪਣੇ ਬੱਚੇ ਦੀ ਸਹੁੰ ਖਾਣ ਦੇ ਬਾਵਜੂਦ ਪਹਿਲੀ ਵਾਰ ਹੀ ਕਾਂਗਰਸ ਨਾਲ ਹੱਥ ਮਿਲਾ ਲਿਆ। ਅੱਜ ਕੇਜਰੀਵਾਲ ਆਮ ਆਦਮੀ ਹੋਣ ਦਾ ਦਾਅਵਾ ਕਰ ਰਿਹਾ ਹੈ ਪਰ ਕੇਜਰੀਵਾਲ ਦੇ ਅੱਗੇ ਪੱਛੇ ਹੀ 10-10 ਗੱਡੀਆਂ ਹੁੰਦੀਆਂ ਹਨ। ਕੇਜਰੀਵਾਲ ਕਹਿੰਦਾ ਹੈ ਪੰਜਾਬ ਦੀ ਹਰ ਔਰਤ ਨੂੰ 1000 ਰੁਪਿਆ ਦਿੱਤਾ ਜਾਵੇਗਾ ਪਰ ਪਹਿਲਾਂ ਉਹ ਦਿੱਲੀ ਵਿਚ ਤਾਂ 100 ਰੁਪਿਆ ਹੀ ਦੇ ਦੇਣ। ਉਹ ਪੰਜਾਬ ਦੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਗੱਲ ਕਹਿੰਦੇ ਹਨ ਪਰ ਦਿੱਲੀ ਵਿਚ 10 ਸਾਲ ਹੋ ਗਏ ਕਿਸੇ ਅਧਿਆਪਕ ਨੂੰ ਪੱਕਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਫੜਿਆ ਲੱਖਾਂ ਦਾ ਸੋਨਾ, ਅਜਿਹੀ ਜਗ੍ਹਾ ਲੁਕਾਇਆ ਕਿ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News