ਮੁੱਖ ਮੰਤਰੀ ਚੰਨੀ ਦੀ ਜਾਇਦਾਦ ਘਟੀ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਤੇ ਸੁਖਬੀਰ ਜਾਣੋ ਕਿੰਨੇ ਕਰੋੜ ਦੇ ਹਨ ਮਾਲਕ

Tuesday, Feb 01, 2022 - 10:37 PM (IST)

ਚੰਡੀਗੜ੍ਹ : 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰਨ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਹਨ। ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਦਿੱਤੇ ਹਨ। ਨਾਮਜ਼ਦਗੀ ਪਰਚਿਆਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਪੰਜ ਸਾਲ ਵਿਚ ਜਾਇਦਾਦ ’ਚ 49.30 ਫੀਸਦੀ ਦੀ ਕਮੀ ਆਈ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਵਿਚ 7.96 ਫੀਸਦੀ ਦਾ ਵਾਧਾ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਆਪਣੀ ਕਾਰ ਨਹੀਂ ਹੈ। ਸੁਖਬੀਰ ਕੋਲ 78.15 ਕਰੋੜ ਦੀ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ 44.63 ਕਰੋੜ ਦੀ ਜਾਇਦਾਦ ਹੈ। ਇਹ ਜਾਇਦਾਦ 5 ਸਾਲ ਪਹਿਲਾਂ 102 ਕਰੋੜ ਰੁਪਏ ਸੀ। ਸੁਖਬੀਰ ਸਾਲ ਵਿਚ 2 ਕਰੋੜ 14 ਲੱਖ 60 ਹਜ਼ਾਰ 610 ਰੁਪਏ ਕਮਾਉਂਦੇ ਹਨ। ਇਸ ਦਾ ਸਿੱਧਾ ਮਤਲਬ ਕਿ ਉਨ੍ਹਾਂ ਦੀ ਇਕ ਦਿਨ ਦੀ ਕਮਾਈ 59 ਹਜ਼ਾਰ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੋਂ ਸਤਿਸੰਗ ਸ਼ੁਰੂ

ਇਸ ਤੋਂ ਇਲਾਵਾ 5 ਵਾਰ ਮੁੱਖ ਮੰਤਰੀ ਰਹੇ 94 ਸਾਲਾ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਤੋਂ ਨਾਮਜ਼ਦਗੀ ਭਰੀ ਹੈ। ਬਾਦਲ ਦੇਸ਼ ਦੇ ਸਭ ਤੋਂ ਉਮਰਦਰਾਜ ਉਮੀਦਵਾਰ ਹਨ। ਦਿਲਚਸਪ ਗੱਲ ਇਹ ਹੈ ਕਿ ਮੋਹਾਲੀ ਤੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਦੀ ਜਾਇਦਾਦ 221 ਕਰੋੜ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਤੇ ਮੁਕਤਸਰ ਤੋਂ ਕਾਂਗਸੀ ਉਮੀਦਵਾਰ ਕਰਨ ਕੌਰ ਬਰਾੜ 162 ਕਰੋੜ ਦੀ ਜਾਇਦਾਦ ਹੈ। ਕੈਪਟਨ ਦੀ ਜਾਇਦਾਦ 5 ਸਾਲ ਵਿਚ 56 ਫੀਸਦੀ ਤਾਂ ਪ੍ਰਕਾਸ਼ ਸਿੰਘ ਬਾਦਲ ਦੀ 4.27 ਫੀਸਦੀ ਵਧੀ ਹੈ। ਕੈਪਟਨ ਕੋਲ ਵੀ ਕਾਰ ਨਹੀਂ ਹੈ। ਚੰਨੀ ਦੀ ਹਰ ਦਿਨ ਕਮਾਈ 7680 ਰੁਪਏ ਹੈ।

ਇਹ ਵੀ ਪੜ੍ਹੋ : ਬਰਗਰ ਖਾਣ ਸਮੇਂ ਹੋਈ ਤਕਰਾਰ ’ਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦਾ ਕਤਲ

ਮੁੱਖ ਮੰਤਰੀ ਚੰਨੀ ਕੋਲ 6.17 ਕਰੋੜ ਰੁਪਏ ਦੀ ਕੁੱਲ ਸੰਪਤੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕੁੱਲ 6.17 ਕਰੋੜ ਰੁਪਏ ਦੀ ਸੰਪਤੀ ਹੈ। ਮੁੱਖ ਮੰਤਰੀ ਕੋਲ 1.50 ਲੱਖ ਰੁਪਏ ਦੀ ਨਕਦੀ ਹੈ ਅਤੇ 1 ਵਾਹਨ ਉਨ੍ਹਾਂ ਦੇ ਨਾਂ ਰਜਿਸਟਰ ਹੈ। ਉਨ੍ਹਾਂ ਦੇ ਬੈਂਕ ਵਿਚ 78.49 ਲੱਖ ਰੁਪਏ ਹਨ। ਨਾਮਜ਼ਦਗੀ ਪਰਚਿਆਂ ਅਨੁਸਾਰ ਉਨ੍ਹਾਂ ਨੇ ਕੋਈ ਇਨਸੈਵਸਟ ਨਹੀਂ ਕੀਤਾ ਹੈ। ਚੰਨੀ ਕੋਲ 7.68 ਲੱਖ ਦੇ ਗਹਿਣੇ ਹਨ। 4.71 ਲੱਖ ਦੀ ਜ਼ਮੀਨ-ਜਾਇਦਾਦ ਅਤੇ 63.29 ਲੱਖ ਦੇ ਉਹ ਕਰਜ਼ਾਈ ਹਨ। ਉਨ੍ਹਾਂ ਦੀ ਪਤਨੀ ਕੋਲ 50 ਹਜ਼ਾਰ ਨਕਦੀ, ਦੋ ਵਾਹਨ, 12.76 ਲੱਖ ਦਾ ਬੈਂਕ ਬੈਂਲੇਂਸ, 18 ਲੱਖ ਦੀ ਇਨਵੈਸਮੈਂਟ ਅਤੇ 39 ਲੱਖ ਦੇ ਗਹਿਣੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ 2.11 ਕਰੋੜ ਦੀ ਜਾਇਦਾਦ ਅਤੇ ਉਹ 25.06 ਲੱਖ ਦੇ ਕਰਜ਼ਾਈ ਹਨ।

ਇਹ ਵੀ ਪੜ੍ਹੋ : ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਭਿੰਡਰ ਦੀ ਮੌਤ, ਅੱਜ ਭਰਨੀ ਸੀ ਨਾਮਜ਼ਦਗੀ

ਕੈਪਟਨ ਅਮਰਿੰਦਰ ਸਿੰਘ ਕੋਲ 3.55 ਕਰੋੜ ਦੀ ਕੁੱਲ ਸੰਪਤੀ
ਕੈਪਟਨ ਅਮਰਿੰਦਰ ਸਿੰਘ ਕੋਲ 3.55 ਕਰੋੜ ਦੀ ਕੁੱਲ ਸੰਪਤੀ ਹੈ। ਜਿਸ ਵਿਚ ਉਨ੍ਹਾਂ ਕੋਲ 60 ਲੱਖ ਨਕਦੀ, 55.22 ਲੱਖ ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿਚ ਹਨ ਅਤੇ ਉਨ੍ਹਾਂ ਨੇ 47.59 ਲੱਖ ਇਨਵੈਸਟ ਕੀਤੇ ਹਨ। ਉਨ੍ਹਾਂ ਕੋਲ 51.68 ਲੱਖ ਦੇ ਗਹਿਣੇ, 13.80 ਲੱਖ ਦੀ ਜਾਇਦਾਦ ਹੈ ਅਤੇ ਉਹ 24.53 ਲੱਖ ਰੁਪਏ ਦੇ ਕਰਜ਼ਾਈ ਹੈ। ਐੱਚ. ਯੂ. ਐੱਫ. 58.62 ਕਰੋੜ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਕੋਲ 1 ਲੱਖ ਦੀ ਨਕਦੀ, ਦੋ ਕਾਰਾਂ, 2.5 ਕਰੋੜ ਬੈਂਕ ਖਾਤੇ ਵਿਚ, 3.67 ਲੱਖ ਦੀ ਇਨਵੈਸਟਮੈਂਟ, 37.75 ਲੱਖ ਦੇ ਗਹਿਣੇ ਅਤੇ 2.25 ਕਰੋੜ ਦੀ ਜ਼ਮੀਨ ਹੈ।

ਇਹ ਵੀ ਪੜ੍ਹੋ : ਸਮਾਣਾ ’ਚ ਖੌਫ਼ਨਾਕ ਵਾਰਦਾਤ, ਮਾਂ ਨੇ ਧੀਆਂ ਅਤੇ ਜਵਾਈ ਨਾਲ ਮਿਲ ਪੁੱਤ ਦਾ ਕੀਤਾ ਕਤਲ

ਸੁਖਬੀਰ ਸਿੰਘ ਬਾਦਲ ਕੋਲ 78.89 ਕਰੋੜ ਦੀ ਕੁੱਲ ਸੰਪਤੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ 1.56 ਲੱਖ ਦੀ ਨਕਦੀ, ਦੋ ਟ੍ਰੈਕਟਰ, 12.73 ਲੱਖ ਬੈਂਕ ਬੈਂਲੇਸ ਹੈ। ਸੁਖਬੀਰ ਨੇ 15.48 ਕਰੋੜ ਦੀ ਇਨਵੈਸਟਮੈਂਟ ਕੀਤੀ ਹੈ ਅਤੇ ਉਨ੍ਹਾਂ ਕੋਲ 52.95 ਕਰੋੜ ਦੇ ਗਹਿਣੇ ਹਨ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ 35.50 ਕਰੋੜ ਰੁਪਏ ਦੇ ਕਰਜ਼ਾਈ ਹਨ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਕੋਲ 1.83 ਲੱਖ ਦੀ ਨਕਦੀ, 7.82 ਲੱਖ ਦਾ ਬੈਂਕ ਬੈਂਲੇਂਸ, 13.91 ਕਰੋੜ ਦੀ ਇਨਵੈਸਟਮੈਂਟ ਹੈ। ਹਰਸਿਮਰਤ ਕੌਰ ਕੋਲ 7.24 ਕਰੋੜ ਦੇ ਗਹਿਣੇ ਅਤੇ 18.61 ਕਰੋੜ ਦੀ ਜ਼ਮੀਨ ਹੈ। ਇਸ ਤੋਂ ਇਲਾਵਾ ਉਹ 2.12 ਕਰੋੜ ਦੇ ਕਰਜ਼ਾਈ ਹਨ।

ਪ੍ਰਕਾਸ਼ ਸਿੰਘ ਬਾਦਲ ਕੋਲ 15.11 ਕਰੋੜ ਦੀ ਜਾਇਦਾਦ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ 2.49 ਲੱਖ ਦੀ ਨਕਦੀ ਹੈ। ਇਕ ਟ੍ਰੈਕਟਰ ਉਨ੍ਹਾਂ ਦੇ ਨਾਂ ਰਜਿਸਟਰਡ ਹੈ ਅਤੇ 1.39 ਕਰੋੜ ਉਨ੍ਹਾਂ ਦੇ ਬੈਂਕ ਖਾਤੇ ਵਿਚ ਹਨ। ਉਨ੍ਹਾਂ ਨੇ 6.34 ਕਰੋੜ ਰੁਪਏ ਇਨਵੈਸਟ ਕੀਤੇ ਹਨ। ਉਨ੍ਹਾਂ ਕੋਲ 6 ਲੱਖ ਦੇ ਗਹਿਣੇ, 6.71 ਕਰੋੜ ਦੀ ਜ਼ਮੀਨ ਹੈ। 2.74 ਕਰੋੜ ਰੁਪਏ ਦੇ ਬਾਦਲ ਦੇਣਦਾਰ ਹਨ।

ਇਹ ਵੀ ਪੜ੍ਹੋ : ਵਤਨ ਵਾਪਸੀ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਹੋਈ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News