ਚੰਨੀ ਦੀ ਵਜ਼ਾਰਤ ’ਚ ਕੌਣ ਹੋਵੇਗਾ ਮੰਤਰੀ, ਸ਼ੁਰੂ ਹੋਈ ਜੋੜ-ਤੋੜ ਦੀ ਸਿਆਸਤ
Tuesday, Sep 21, 2021 - 06:36 PM (IST)
ਚੰਡੀਗੜ੍ਹ : ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਨਵੇਂ ਮੰਤਰੀ ਮੰਡਲ ਲਈ ਸਿਆਸੀ ਜੋੜ-ਤੋੜ ਸ਼ੁਰੂ ਹੋ ਗਈ ਹੈ। ਹਾਈਕਮਾਨ ਵਲੋਂ ਰਾਤੋ-ਰਾਤ ਜਿਸ ਤਰੀਕੇ ਨਾਲ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੋਂ ਪਾਸਾ ਵੱਟ ਲਿਆ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਨਵੀਂ ਵਜ਼ਾਰਤ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਨੂੰ ਥਾਂ ਮਿਲਣੀ ਸੌਖੀ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਬ੍ਰਹਮ ਮਹਿੰਦਰਾ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣਾਏ ਜਾਣ ਦੀ ਵਿਉਂਤ ਹੈ ਅਤੇ ਉਨ੍ਹਾਂ ਦੀ ਥਾਂ ’ਤੇ ਕੈਬਨਿਟ ਵਿਚ ਹੋਰ ਚਿਹਰਾ ਸ਼ਾਮਲ ਕੀਤਾ ਜਾ ਸਕਦਾ ਹੈ। ਇਥੇ ਹੀ ਬਸ ਨਹੀਂ ਪਟਿਆਲਾ ਹਲਕੇ ਵਿਚ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੇ ਵਧਾਈ ਫਲੈਕਸ ਵੀ ਲੱਗ ਗਏ ਸਨ, ਜਿਨ੍ਹਾਂ ਨੂੰ ਹੁਣ ਉਤਾਰ ਦਿੱਤਾ ਗਿਆ ਹੈ। ਨਵੀਂ ਵਜ਼ਾਰਤ ਤੇ ਝਾਤ ਮਾਰੀਏ ਤਾਂ ਮੁੱਖ ਮੰਤਰੀ ਦਾ ਅਹੁਦਾ ਜਿੱਥੇ ਦਲਿਤ ਤੇ ਸਿੱਖ ਚਿਹਰੇ ਨੂੰ ਮਿਲਿਆ ਹੈ, ਉੱਥੇ ਭੂਗੌਲਿਕ ਤੌਰ ’ਤੇ ਇਹ ਅਹੁਦਾ ਹੁਣ ਪੁਆਧ ਦੇ ਇਲਾਕੇ ਦੀ ਝੋਲੀ ਪਿਆ ਹੈ। ਉਪ ਮੁੱਖ ਮੰਤਰੀ ਦੇ ਦੋਵੇਂ ਅਹੁਦੇ ਮਾਝੇ ਖਿੱਤੇ ਨੂੰ ਹਾਸਲ ਹੋਏ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਪਟਿਆਲਾ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਤੋਂ ਬਾਅਦ ਐਕਸ਼ਨ ਮੋਡ ’ਚ ਚਰਨਜੀਤ ਚੰਨੀ, ਚੁੱਕਿਆ ਇਕ ਹੋਰ ਵੱਡਾ ਕਦਮ
ਮਾਲਵਾ ਖ਼ਿੱਤੇ ਦਾ ਵਜ਼ਾਰਤ ਵਿਚ ਹਮੇਸ਼ਾ ਦਬਦਬਾ ਰਿਹਾ ਹੈ ਪਰ ਨਵੀਂ ਵਜ਼ਾਰਤ ਵਿਚ ਮਾਲਵੇ ’ਚੋਂ ਕਿੰਨੇ ਵਜ਼ੀਰ ਲਏ ਜਾਣਗੇ, ਇਸ ਦੀ ਗਿਣਤੀ ਮਿਣਤੀ ਚੱਲ ਰਹੀ ਹੈ। ਮਾਲਵੇ ’ਚੋਂ ਦੋ ਵਜ਼ੀਰਾਂ ਦੀ ਛੁੱਟੀ ਹੋਣ ਦੇ ਚਰਚੇ ਹਨ ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਨ ਕਰੀਬੀ ਰਹੇ ਹਨ। ਪਤਾ ਲੱਗਾ ਹੈ ਕਿ ਦੋ-ਤਿੰਨ ਦਿਨਾਂ ਵਿਚ ਵਜ਼ਾਰਤ ਦੇ ਨਵੇਂ ਵਜ਼ੀਰਾਂ ਨੂੰ ਸਹੁੰ ਚੁਕਾਈ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਨਵੀਂ ਵਜ਼ਾਰਤ ਵਿਚ ਨਵਾਂ ਦਲਿਤ ਚਿਹਰਾ ਲਏ ਜਾਣ ਦੀ ਸੰਭਾਵਨਾ ਹੈ ਅਤੇ ਕਿਸੇ ਨੌਜਵਾਨ ਵਿਧਾਇਕ ਨੂੰ ਵੀ ਮੌਕਾ ਮਿਲ ਸਕਦਾ ਹੈ। ਪੰਜਾਬ ਚੋਣਾਂ ’ਚ ਬਹੁਤਾ ਸਮਾਂ ਨਹੀਂ ਬਚਿਆ ਜਿਸ ਕਰ ਕੇ ਨਵੀਂ ਵਜ਼ਾਰਤ ਤੋਂ ਸਾਫ਼ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਨਵੀਂ ਵਜ਼ਾਰਤ ਵਿਚ ਹਰ ਵਰਗ ਅਤੇ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਬਹੁਤੇ ਪੁਰਾਣੇ ਵਜ਼ੀਰ ਬਣੇ ਹੀ ਰਹਿਣਗੇ। ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੂੰ ਵਜ਼ੀਰੀ ਮਿਲਣ ਦੀ ਪੂਰਨ ਸੰਭਾਵਨਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਦਿੱਤੇ ਰਾਵਤ ਦੇ ਬਿਆਨ ਤੋਂ ਭੜਕੇ ਸੁਨੀਲ ਜਾਖੜ, ਦਿੱਤਾ ਵੱਡਾ ਬਿਆਨ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਨਵੀਂ ਵਜ਼ਾਰਤ ਦੇ ਮਾਮਲੇ ਵਿਚ ਅਹਿਮ ਭੂਮਿਕਾ ਰਹੇਗੀ। ਸੂਤਰਾਂ ਮੁਤਾਬਕ ਕਈ ਵਜ਼ੀਰਾਂ ਨੇ ਵਜ਼ਾਰਤ ਵਿਚ ਥਾਂ ਲੈਣ ਲਈ ਹਾਈਕਮਾਨ ਵਿਚ ਬੈਠੇ ਆਪਣੇ ਸਿਆਸੀ ਗੁਰੂਆਂ ਤੱਕ ਵੀ ਪਹੁੰਚ ਕਰਨੀ ਸ਼ੁਰੂ ਕੀਤੀ ਹੈ ਅਤੇ ਕਈ ਵਿਧਾਇਕਾਂ ਨੇ ਇੱਧਰ-ਉੱਧਰ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਹਨ ਪਰ ਚਰਨਜੀਤ ਚੰਨੀ ਦੀ ਵਜ਼ਾਰਤ ਵਿਚ ਕਿਸ ਆਗੂ ਨੂੰ ਕਿਹੜਾ ਅਹੁਦਾ ਮਿਲਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਦੇ ਵੱਡੇ ਐਲਾਨ