CM ਚੰਨੀ ਤੇ ਸਿੱਧੂ ਦਿੱਲੀ ਤਲਬ, ਸੁਨੀਲ ਜਾਖੜ ਨੂੰ ਵੀ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

Thursday, Dec 02, 2021 - 10:00 AM (IST)

CM ਚੰਨੀ ਤੇ ਸਿੱਧੂ ਦਿੱਲੀ ਤਲਬ, ਸੁਨੀਲ ਜਾਖੜ ਨੂੰ ਵੀ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਕ ਵਾਰ ਫਿਰ ਕਾਂਗਰਸ ਹਾਈਕਮਾਨ ਨੇ ਦਿੱਲੀ ਤਲਬ ਕੀਤਾ ਹੈ। ਇਸ ਦੌਰਾਨ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਦਿੱਲੀ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੈਠਕ 2022 ਦੀਆਂ ਆਗਾਮੀ ਵਿਧਾਨ ਸਭਾ ਚੋਣਾ ਸਮੇਤ ਪੰਜਾਬ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਨੂੰ ਲੈ ਕੇ ਕੀਤੀ ਜਾ ਰਹੀ ਹੈ। ਸਿੱਧੂ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਨੇ ਸੰਗਠਨਾਤਮਕ ਢਾਂਚੇ ਨੂੰ ਲੈ ਕੇ ਪੂਰਾ ਖ਼ਾਕਾ ਤਿਆਰ ਕਰ ਲਿਆ ਹੈ। ਇਸ ਕੜੀ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਵਿਸਥਾਰਿਤ ਪਲਾਨ ਤਿਆਰ ਕਰ ਲਿਆ ਗਿਆ ਹੈ। ਕਾਂਗਰਸ ਹਾਈਕਮਾਨ ਤੋਂ ਮਨਜ਼ੂਰੀ ਮਿਲਦੇ ਹੀ ਇਸ ਨੂੰ ਅਮਲੀਜਾਮਾ ਪੁਆ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਮੋਗਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਡਿਪਟੀ ਮੇਅਰ ਦੇ ਭਰਾ 'ਤੇ ਸ਼ਰੇਆਮ ਚਲਾਈਆਂ ਗੋਲੀਆਂ

ਪੰਜਾਬ ਕਾਂਗਰਸ ’ਚ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਦੇ ਗਠਨ ਸਮੇਤ ਸੰਗਠਨ ’ਚ ਫੇਰਬਦਲ ਦਾ ਮਾਮਲਾ ਵਿਚਾਰ ਅਧੀਨ ਹੈ। ਇਸ ਨੂੰ ਲੈ ਕੇ ਕਈ ਪੱਧਰ ’ਤੇ ਬੈਠਕਾਂ ਵੀ ਹੋ ਚੁੱਕੀਆਂ ਹਨ ਪਰ ਆਪਸੀ ਖਿੱਚੋਤਾਣ ਦੇ ਕਾਰਨ ਅਜੇ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲ ਸਕਿਆ ਹੈ। ਉੱਧਰ, ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦੇ ਕਰਮਚਾਰੀ ਪੱਧਰ ਤੱਕ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਨਾਲ ਹੋਈ ਬੈਠਕ ’ਚ ਇਨ੍ਹਾਂ ਸਾਰੇ ਮੁੱਦਿਆਂ ’ਤੇ ਡੂੰਘਾ ਸਲਾਹ-ਮਸ਼ਵਰਾ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀ ਜ਼ੁਬਾਨੀ ਜੰਗ ’ਤੇ ਵੀ ਰਾਹੁਲ ਗਾਂਧੀ ਨੇ ਇਕ-ਦੂਜੇ ਨਾਲ ਗੱਲ ਕੀਤੀ।

ਇਹ ਵੀ ਪੜ੍ਹੋ : ਬਾਹਰੀ ਸੂਬਿਆਂ ਤੋਂ ਆ ਰਿਹੈ 2 ਨੰਬਰ 'ਚ 'ਤੰਬਾਕੂ', ਲੱਖਾਂ ਕਮਾ ਰਹੇ ਮੋਬਾਇਲ ਵਿੰਗ ਦੇ ਅਫ਼ਸਰ

ਦੱਸਿਆ ਜਾ ਰਿਹਾ ਹੈ ਕਿ ਚੰਨੀ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਜਨਹਿਤੈਸ਼ੀ ਫ਼ੈਸਲੇ ਲੈ ਰਹੀ ਹੈ ਪਰ ਸਿੱਧੂ ਦੀ ਸਰਕਾਰ ਵਿਰੋਧੀ ਬਿਆਨਬਾਜ਼ੀ ਨਾਲ ਜਨਤਾ ’ਚ ਗਲਤ ਮੈਸੇਜ ਜਾ ਰਿਹਾ ਹੈ। ਉੱਥੇ ਹੀ, ਨਵਜੋਤ ਸਿੰਘ ਸਿੱਧੂ ਨੇ ਚੰਨੀ ਵੱਲੋਂ ਕੀਤੇ ਜਾ ਰਹੇ ਤਾਬੜਤੋੜ ਐਲਾਨਾਂ ’ਤੇ ਸਵਾਲ ਚੁੱਕੇ। ਦੱਸਿਆ ਜਾ ਰਿਹਾ ਹੈ ਸਿੱਧੂ ਨੇ ਕਿਹਾ ਕਿ ਚੰਨੀ ਜਿਸ ਤਰ੍ਹਾਂ ਇਕ ਤੋਂ ਬਾਅਦ ਇਕ ਐਲਾਨ ਕਰ ਰਹੇ ਹਨ, ਉਨ੍ਹਾਂ ਨੂੰ ਬਿਨਾਂ ਖਜ਼ਾਨੇ ਦੇ ਧਰਾਤਲ ’ਤੇ ਉਤਾਰ ਸਕਣਾ ਸੰਭਵ ਨਹੀਂ ਹੈ। ਇਸ ਲਈ ਜਨਤਾ ਨੂੰ ਸਬਜ਼ਬਾਗ ਵਿਖਾਉਣ ਦੀ ਬਜਾਏ 18 ਸੂਤਰੀ ਏਜੰਡੇ ’ਤੇ ਫੋਕਸ ਕਰਦਿਆਂ ਬੇਅਦਬੀ, ਨਸ਼ਿਆਂ ਵਰਗੇ ਮੁੱਦੇ ਦੇ ਨਿਪਟਾਰੇ ਨੂੰ ਤਵੱਜੋਂ ਦਿੱਤੀ ਜਾਵੇ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਦੋਵਾਂ ਨੂੰ ਮਿਲ ਕੇ ਕੰਮ ਕਰਨ ਨੂੰ ਕਿਹਾ ਹੈ। 

ਇਹ ਵੀ ਪੜ੍ਹੋ : ਅਹਿਮ ਖ਼ਬਰ : ਵਿਧਾਇਕ ਸਿਮਰਜੀਤ ਬੈਂਸ ਤੇ ਹੋਰਨਾਂ ਖ਼ਿਲਾਫ਼ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ
ਸੁਨੀਲ ਜਾਖੜ ਨੇ ਵੀ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ
ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਛੇਤੀ ਹੀ ਅਹਿਮ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਜਾਖੜ ਦੀ ਨਾਰਾਜ਼ਗੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਵੀ ਵਿਰ੍ਹਾਮ ਲੱਗ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਜਾਖੜ ਨੂੰ ਕਾਂਗਰਸ ਦਾ ਵੱਡਾ ਚਿਹਰਾ ਮੰਨਦਿਆਂ ਉਨ੍ਹਾਂ ਨੂੰ ਛੇਤੀ ਹੀ ਵੱਡੀ ਜ਼ਿੰਮੇਵਾਰੀ ਦੇਣ ਦਾ ਭਰੋਸਾ ਦਿੱਤਾ ਹੈ। ਸੁਨੀਲ ਜਾਖੜ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਹ ਹਮੇਸ਼ਾ ਕਾਂਗਰਸ ਦੇ ਬਿਹਤਰ ਭਵਿੱਖ ਨੂੰ ਧਿਆਨ ’ਚ ਰੱਖ ਕੇ ਕੰਮ ਕਰਦੇ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News