ਕਾਂਗਰਸ ਐੱਸ. ਸੀ. ਭਾਈਚਾਰੇ ਨੂੰ ਗੁੰਮਰਾਹ ਕਰ ਰਹੀ, ਚੰਨੀ ਸਿਰਫ 20 ਫਰਵਰੀ ਤੱਕ ਮੁੱਖ ਮੰਤਰੀ : ਹਰਸਿਮਰਤ ਬਾਦਲ

Sunday, Feb 13, 2022 - 09:59 PM (IST)

ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਪਾਰਟੀ ਵੱਲੋਂ ਜਾਤੀਵਾਦੀ ਰਾਜਨੀਤੀ ਕਰਨ ਅਤੇ ਝੂਠ-ਮੂਠ ਹੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਕੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਬਠਿੰਡਾ ਦੇ ਐੱਮ. ਪੀ. ਜੋ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕਾਂਗਰਸ ਪਾਰਟੀ ਨੇ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਹੈ। ਕਾਂਗਰਸ ਦਾ 20 ਫਰਵਰੀ ਤੋਂ ਬਾਅਦ ਚੰਨੀ ਨੂੰ ਮੁੱਖ ਮੰਤਰੀ ਵਜੋਂ ਬਣਾਏ ਜਾਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਪਾਰਟੀ ਸਮਾਜ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਵੰਡਣਾ ਚਾਹੁੰਦੀ ਹੈ ਤੇ ਪੰਜਾਬੀਆਂ ਨੂੰ ਆਪਸ 'ਚ  ਲੜਾਉਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਬੀਬੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਅਜਿਹੀਆਂ ਧਿਆਨ ਵੰਡਾਊ ਹਰਕਤਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਕੰਮਾਂ ਨਾਲ ਜਾਣੇ ਜਾਣਗੇ। ਉਨ੍ਹਾਂ ਕਿਹਾ ਕਿ ਚੰਨੀ ਨੇ ਤਾਂ ਰੇਤ ਮਾਫੀਆ ਦੀ ਪ੍ਰਧਾਨਗੀ ਕਰਕੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ ਹੈ। ਇਹ ਗੱਲ ਉਨ੍ਹਾਂ ਦੇ ਭਾਣਜੇ ਹਨੀ ਦੇ ਘਰੋਂ 11 ਕਰੋੜ ਰੁਪਏ ਨਕਦ ਤੇ ਵੱਡੀ ਮਾਤਰਾ 'ਚ ਸੋਨਾ ਬਰਾਮਦ ਹੋਣ ਤੋਂ ਇਲਾਵਾ 56 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਦੇ ਦਸਤਾਵੇਜ਼ ਬਰਾਮਦ ਹੋਣ ਤੋਂ ਸਾਬਤ ਹੋ ਗਈ ਹੈ। ਚੰਨੀ ਬੁਰੀ ਤਰ੍ਹਾਂ ਬੇਨਕਾਬ ਹੋ ਗਏ ਹਨ ਤੇ ਕੋਈ ਵੀ ਰਾਹੁਲ ਗਾਂਧੀ ਦੀ ਇਸ ਗੱਲ ’ਤੇ ਯਕੀਨ ਨਹੀਂ ਕਰ ਰਿਹਾ ਕਿ ਉਸ ਨੇ ਇਕ ਗਰੀਬ ਨੂੰ ਪਾਰਟੀ ਦਾ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਹੈ।

ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ PM ਮੋਦੀ ਨਾਲ ਮੁਲਾਕਾਤ

ਇਸ ਦੌਰਾਨ ਜਦੋਂ ਉਨ੍ਹਾਂ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਕ ਮੌਕਾ ਦੇਣ ਦੀ ਅਪੀਲ ਬਾਰੇ ਸਵਾਲ ਕੀਤਾ ਗਿਆ ਤਾਂ ਬੀਬੀ ਬਾਦਲ ਨੇ ਕਿਹਾ ਕਿ ਲੋਕ ਇਹ ਪੁੱਛ ਰਹੇ ਹਨ ਕਿ ਕੀ ਇਹ ਮੌਕਾ ਸੂਬੇ ਦੇ ਸਰੋਤਾਂ ਨੂੰ ਲੁੱਟਣ ਵਾਸਤੇ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਇਕ ਮੌਕਾ ਦੇਣ ਦਾ ਮਤਲਬ ਹੈ ਕਿ ਪੰਜਾਬ ਦੇ ਪਾਣੀਆਂ ਤੋਂ ਹੱਥ ਧੋਣਾ ਕਿਉਂਕਿ ਕੇਜਰੀਵਾਲ ਤਾਂ ਪਹਿਲਾਂ ਹੀ ਪੰਜਾਬ ਦੇ ਪਾਣੀਆ 'ਚੋਂ ਹਰਿਆਣਾ ਤੇ ਦਿੱਲੀ ਲਈ ਹਿੱਸਾ ਮੰਗ ਰਿਹਾ ਹੈ ਤੇ ਇਸ ਦੇ ਲਈ ਉਸ ਨੇ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਵੀ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਇਕ ਮੌਕਾ ਦੇਣ ਦਾ ਮਤਲਬ ਹੈ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾਉਣਾ ਕਿਉਂਕਿ ਕੇਜਰੀਵਾਲ ਲਈ ਇਹ ਥਰਮਲ ਪਲਾਂਟ ਵੀ ਦਿੱਲੀ ਲਈ ਖ਼ਤਰਾ ਹਨ।

ਇਹ ਵੀ ਪੜ੍ਹੋ : ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ’ਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਸਪੈਸ਼ਲ ਟਰੇਨ ਹੋਈ ਰਵਾਨਾ

ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਇਸ ਦੇ ਝੂਠੇ ਵਾਅਦਿਆਂ ’ਤੇ ਭਰੋਸਾ ਨਾ ਕਰਨ ਦੀ ਅਪੀਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ 'ਆਪ' ਇਹ ਕਹਿ ਰਹੀ ਹੈ ਕਿ ਪੰਜਾਬ ਵਿਚ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ, ਜਦੋਂ ਕਿ ਦਿੱਲੀ ਵਿਚ ਪਿਛਲੇ 8 ਸਾਲਾਂ 'ਚ ਦਿੱਲੀ ਵਿਚ ਔਰਤਾਂ ਨੂੰ ਇਕ ਦੁੱਕੀ ਵੀ ਨਹੀਂ ਦਿੱਤੀ ਗਈ। ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦਿੱਲੀ ਵਿਚ ਕਿਸਾਨਾਂ ਨੂੰ ਮੁਫਤ ਬਿਜਲੀ ਨਹੀਂ ਦੇ ਰਹੀ ਤੇ ਨਾ ਹੀ ਆਟਾ ਦਾਲ, ਸ਼ਗਨ ਸਕੀਮ ਜਾਂ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਦੇ ਰਹੀ ਹੈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਵੋਟਾਂ ਪਾਉਣ ਤੇ ਉਨ੍ਹਾਂ ਦੀ ਹਮਾਇਤ ਕਰਨ ਅਤੇ ਕਿਹਾ ਕਿ ਤੁਸੀਂ ਆਪ ਵੇਖਿਆ ਹੈ ਕਿ ਪਿਛਲੇ 10 ਸਾਲਾਂ 'ਚ ਬਠਿੰਡਾ ਨੂੰ ਕਿਵੇਂ ਮਾਡਲ ਸ਼ਹਿਰ ਬਣਾਇਆ ਗਿਆ। ਤੁਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਕਾਂਗਰਸ ਦੇ ਰਾਜਕਾਲ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਗਏ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ ਤੇ ਬੁਨਿਆਦੀ ਢਾਂਚਾ ਬਰਬਾਦ ਹੋ ਰਿਹਾ ਹੈ। ਹੁਣ ਗੱਡੀ ਮੁੜ ਲੀਹ ’ਤੇ ਪਾਉਣ ਦਾ ਇਕੋ ਤਰੀਕਾ ਹੈ ਕਿ ਅਕਾਲੀ ਦਲ ਦੀ ਅਗਵਾਈ ਵਾਲੇ ਗਠਜੋੜ ’ਤੇ ਭਰੋਸਾ ਕੀਤਾ ਜਾਵੇ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਭਵਾਨੀਗੜ੍ਹ 'ਚ ਭਲਕੇ ਕਰਨਗੇ ਚੋਣ ਰੈਲੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News