ਡਰੱਗ ਮਾਮਲੇ ''ਚ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ ਚੰਨੀ ਸਰਕਾਰ : ਹਰਪਾਲ ਚੀਮਾ

Thursday, Dec 30, 2021 - 07:40 PM (IST)

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਨੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਬਹੁ-ਕਰੋੜੀ ਡਰੱਗ ਮਾਮਲੇ 'ਚ ਘਿਰੇ ਬਾਦਲ ਪਰਿਵਾਰ ਦੇ ਮੈਂਬਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਜੇ ਤੱਕ ਗ੍ਰਿਫ਼ਤਾਰੀ ਨਾ ਹੋਣ 'ਤੇ ਸਵਾਲ ਚੁੱਕੇ ਹਨ। 'ਆਪ' ਨੇ ਚੰਨੀ ਸਰਕਾਰ ਨੂੰ ਪੁੱਛਿਆ ਹੈ ਕਿ ਉਹ ਬਿਕਰਮ ਮਜੀਠੀਆ ਨੂੰ ਫੜਨ 'ਚ ਨਾਕਾਮ ਕਿਉਂ ਹਨ? ਜਦਕਿ ਅਖ਼ਬਾਰਾਂ 'ਚ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਜੀਠੀਆ ਵਿਰੁੱਧ ਕੀਤੀ ਐੱਫ.ਆਈ.ਆਰ ਨੂੰ ਇੰਝ ਪ੍ਰਚਾਰ ਰਹੇ ਹਨ ਜਿਵੇਂ 'ਬਲਖ-ਬੁਲਾਰੇ' ਦੀ ਜੰਗ ਜਿੱਤ ਲਈ ਹੋਵੇ। ਚੰਨੀ ਅਤੇ ਸਿੱਧੂ ਸਪੱਸ਼ਟ ਕਰਨ ਕਿ ਕੀ ਉਨ੍ਹਾਂ ਦੀ ਨਸ਼ਾ ਮਾਫ਼ੀਆ ਦੇ ਮਾਮਲੇ ਵਿੱਚ ਕਾਰਵਾਈ ਸਿਰਫ਼ ਇੱਕ ਐੱਫ. ਆਈ. ਆਰ ਅਤੇ ਕੁਝ ਬਿਆਨਾਂ ਤੱਕ ਹੀ ਸੀਮਤ ਰਹਿਣ ਵਾਲੀ ਹੈ?

ਇਹ ਵੀ ਪੜ੍ਹੋ : ਯੂਕ੍ਰੇਨ-ਰੂਸ 'ਚ ਤਣਾਅ ਦਰਮਿਆਨ ਗੱਲਬਾਤ ਕਰਨਗੇ ਬਾਈਡੇਨ ਤੇ ਪੁਤਿਨ

'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ  ਚ ਚੰਨੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਅਤੇ ਉਨ੍ਹਾਂ ਦੀ ਨਸ਼ਾ ਮਾਫ਼ੀਆ ਦੀ ਖ਼ਿਲਾਫ਼ ਨਿਕੰਮੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, "ਬਿਕਰਮ ਮਜੀਠੀਆ ਕੋਈ ਆਮ ਬੰਦਾ ਤਾਂ ਨਹੀਂ ਜੋ ਪੁਲਸ ਜਾਂ ਸਰਕਾਰੀ ਰਾਡਾਰ ਤੋਂ ਪਰ੍ਹਾਂ ਹੋ ਜਾਏ। ਉਹ ਇਸ ਤਰ੍ਹਾਂ ਕਿਵੇਂ ਅਤੇ ਕਿੱਥੇ ਪਨਾਹ ਲੈ ਸਕਦਾ ਹੈ ਕਿ ਸਾਇਬਰ ਸੈੱਲ ਸਮੇਤ ਐੱਸ.ਟੀ.ਐੱਫ ਅਤੇ ਐੱਸ.ਆਈ.ਟੀ ਵੀ ਫੇਲ੍ਹ ਹੋਣ ਜਾਣ? ਸਰਕਾਰੀ ਪਨਾਹ ਤੋਂ ਬਿਨਾਂ ਤਾਂ ਇਹ ਸੰਭਵ ਨਹੀਂ ਹੋ ਸਕਦਾ।" ਉਨ੍ਹਾਂ ਅੱਗੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਮਜੀਠੀਆ ਵਿਰੁੱਧ ਐੱਫ.ਆਈ.ਆਰ ਸਿਰਫ਼ ਸਿਆਸੀ ਢੋਂਗ ਹੈ ਜੋ ਕਾਂਗਰਸ ਸਰਕਾਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਕਰ ਰਹੀ ਹੈ। 

ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਦੇ ਰੋਜ਼ਾਨਾ ਔਸਤਨ 2,65,000 ਨਵੇਂ ਮਾਮਲੇ ਆ ਰਹੇ ਹਨ ਸਾਹਮਣੇ

ਵਿਰੋਧੀ ਧਿਰ ਦੇ ਨੇਤਾ ਨੇ ਕਾਂਗਰਸ ਸਰਕਾਰ ਅਤੇ ਉਸ ਦੇ ਆਗੂਆਂ 'ਤੇ ਇਕਲੌਤੀ ਐੱਫ.ਆਈ.ਆਰ ਦਾ ਢੰਡੋਰਾ ਪਿਟਣ ਦੀ ਨਿੰਦਾ ਕਰਦਿਆਂ ਕਿਹਾ, "ਸਾਢੇ ਚਾਰ ਸਾਲ ਇਨ੍ਹਾਂ ਨੇ (ਕਾਂਗਰਸ ਸਰਕਾਰ) ਨੇ ਨਸ਼ਾ ਮਾਫੀਆ ਦੇ ਕਿਸੇ ਵੀ ਵੱਡੇ ਮਗਰਮੱਛ ਨੂੰ ਹੱਥ ਨਹੀਂ ਪਾਇਆ, ਕਿਉਂਕਿ ਨਸ਼ੇ ਦੇ ਇਹਨਾਂ ਵੱਡੇ ਸੌਦਾਗਰਾਂ ਦੀ ਕੈਪਟਨ, ਕਾਂਗਰਸ ਸਮੇਤ ਕੇਂਦਰ ਵਿੱਚ ਬੈਠੀ ਭਾਜਪਾ ਵੀ ਪੂਰੀ ਸਰਪ੍ਰਸਤੀ ਕਰਦੀ ਹੈ। ਹੁਣ ਵੀ ਇਹ ਸਾਰਾ ਡਰਾਮਾ ਸਿਰਫ਼ ਸਿਆਸੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਹੋ ਰਿਹਾ ਹੈ। ਤਾਂਹੀ ਤਾਂ ਇੱਕ ਐੱਫ.ਆਈ.ਆਰ ਕਰਕੇ ਕਾਂਗਰਸ ਐਂਵੇ ਦਿਖਾਵਾ ਕਰ ਰਹੀ ਹੈ ਜਿਵੇਂ ਉਨ੍ਹਾਂ ਨੇ ਨਸ਼ੇ ਵਿਰੁੱਧ ਪੂਰੀ ਜੰਗ ਜਿੱਤ ਲਈ ਹੋਵੇ ਜਦਕਿ ਇਨ੍ਹਾਂ ਕੋਲੋਂ ਅਜੇ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ ਵੀ ਨਹੀਂ ਹੋ ਸਕੀ ਅਤੇ ਉੱਧਰ ਨਸ਼ਾ ਵੀ ਜਿਉਂ ਦਾ ਤਿਉਂ ਵਿਕ ਰਿਹਾ ਹੈ।" ਉਨ੍ਹਾਂ ਅੱਗੇ ਸ਼ੰਕਾ ਪ੍ਰਗਟਾਇਆ ਕਿ ਜਿਵੇਂ ਪਹਿਲੇ ਏ.ਜੀ. ਅਜਿਹੇ ਰਾਜਨੀਤਕ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੇ ਸਨ ਕਿਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਚਹੇਤੇ ਵੀ ਰਲ਼ੇ ਮਿਲੇ ਤਾਂ ਨਹੀਂ ਕਿ ਉਹ ਮਜੀਠੀਆ ਦੀ ਅਗਾਊਂ ਜ਼ਮਾਨਤ ਮੰਜ਼ੂਰ ਹੋਣ ਦਾ ਇੰਤਜ਼ਾਰ ਕਰ ਰਹੇ ਹੋਣ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਨਵਾਜ਼ ਸ਼ਰੀਫ ਦੇ ਵਾਪਸ ਆਉਣ ਦੀ ਗੱਲ ਨੂੰ ਕੀਤਾ ਖਾਰਿਜ

ਹਰਪਾਲ ਚੀਮਾ ਨੇ ਦੇਰ ਨਾਲ ਕਾਰਵਾਈ ਕਰਨ 'ਤੇ ਮੁੜ ਕਾਂਗਰਸ ਕੋਲੋਂ ਜਵਾਬ ਮੰਗਿਆ ਹੈ ਕਿ ਜਦੋਂ 2018 ਤੋਂ ਰਿਪੋਰਟ ਬਣੀ ਪਈ ਸੀ ਤਾਂ ਉਹ ਤਿੰਨ ਸਾਲ ਇਹ ਹੀ ਝੂਠ ਕਿਉਂ ਬੋਲਦੇ ਰਹੇ ਕਿ ਰਿਪੋਰਟ ਬੰਦ ਲਿਫ਼ਾਫ਼ੇ 'ਚ ਹਾਈ ਕੋਰਟ ਵਿੱਚ ਪਈ ਹੈ, ਜਦਕਿ ਕੋਈ ਵੀ ਅਜਿਹਾ ਕਾਨੂੰਨੀ ਫ਼ਰਮਾਨ ਨਹੀਂ ਸੀ, ਜਿਸਨੇ ਰਿਪੋਰਟ ਖੋਲ੍ਹਣ, ਜਨਤਕ ਕਰਨ ਜਾਂ ਕਾਰਵਾਈ ਕਰਨ ਤੋਂ ਪੰਜਾਬ ਸਰਕਾਰ ਦੇ ਹੱਥ ਬੰਨ੍ਹੇ ਹੋਣ। ਉਨ੍ਹਾਂ ਕਿਹਾ ਹੁਣ ਵੀ ਇਸ ਸਿਆਸੀ ਡਰਾਮੇ ਦੇ ਚੱਕਰ ਵਿੱਚ ਕਾਂਗਰਸ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ ਕਰੋੜਾਂ ਦੀ ਕੁੰਡੀ ਹੀ ਲਗਾ ਰਹੀ ਹੈ ਕਿਉਂਕਿ ਇੱਕ ਪਾਸੇ ਸਰਕਾਰ ਦਿੱਲੀ ਤੋਂ ਮਹਿੰਗੇ ਵਕੀਲ ਲਿਆ ਰਹੀ ਹੈ ਅਤੇ ਦੂਜੇ ਪਾਸੇ ਮਜੀਠੀਆ ਵੀ ਸਰਕਾਰੀ ਮਿਲੀਭੁਗਤ ਅਤੇ 10 ਸਾਲਾ ਮਾਫ਼ੀਆ ਰਾਜ ਵੇਲੇ ਲੋਕਾਂ ਕੋਲੋਂ ਲੁੱਟੇ ਪੈਸੇ ਦੇ ਸਿਰ 'ਤੇ ਹੀ ਫ਼ਰਾਰ ਹੋ ਗਿਆ ਹੈ। ਨਤੀਜਣ ਮਿਲ ਕੇ ਬੱਸ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਹੈ, ਜੋ ਪੰਜਾਬ ਅਤੇ ਪੰਜਾਬੀਆਂ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ। ਹਰਪਾਲ ਸਿੰਘ ਚੀਮਾ ਨੇ ਇਸ ਪੂਰੇ ਮਾਮਲੇ ਵਿੱਚ ਪਾਰਦਰਸ਼ਤਾ ਦੀ ਮੰਗ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਇਹ ਸਾਫ਼ ਸਾਫ਼ ਸ਼ਬਦਾਂ ਵਿਚ ਲੋਕਾਂ ਨੂੰ ਦੱਸੇ ਕਿ ਹੁਣ ਤੱਕ ਮਜੀਠੀਏ ਦੀਆਂ ਕਿਹੜੀਆਂ ਕਿਹੜੀਆਂ ਪ੍ਰਾਪਰਟੀਆਂ 'ਤੇ ਛਾਪੇਮਾਰੀ ਕੀਤੀ ਹੈ, ਹੁਣ ਤੱਕ ਕਿੰਨੇ ਕਰੋੜਾਂ ਜਾਂ ਅਰਬਾਂ ਦੀ ਜਾਇਜ਼-ਨਜਾਇਜ਼ ਅਤੇ ਚੱਲ-ਅਚੱਲ ਸੰਪਤੀ ਲੱਭੀ ਹੈ? ਕਿਉਂਕਿ ਜਦ ਪੈਸਾ ਪੰਜਾਬ ਦੇ ਸਰਕਾਰੀ ਖਜ਼ਾਨੇ ਦਾ ਉਡਾਇਆ ਜਾ ਰਿਹਾ ਤਾਂ ਪੰਜਾਬ ਦੀ ਜਨਤਾ ਜਵਾਬ ਦੀ ਵੀ ਹੱਕਦਾਰ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਗਲੋਬਲ ਮਾਮਲੇ ਪਿਛਲੇ ਹਫ਼ਤੇ 11 ਫੀਸਦੀ ਵਧੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News