ਇਕਜੁੱਟਤਾ ਦਿਖਾਉਣ ਲਈ ਅੱਜ ਲੁਧਿਆਣਾ ’ਚ ਮੰਚ ਸਾਂਝਾ ਕਰਨਗੇ ਚੰਨੀ ਅਤੇ ਸਿੱਧੂ
Monday, Nov 22, 2021 - 01:02 AM (IST)
ਲੁਧਿਆਣਾ(ਹਿਤੇਸ਼/ਰਿੰਕੂ)- ਕਾਂਗਰਸ ਹਾਈਕਮਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਅੰਦਰੂਨੀ ਸਬੰਧ ਤਾਂ ਠੀਕ ਨਹੀਂ ਹੋ ਰਹੇ ਹਨ ਪਰ ਚੋਣਾਂ ਆਉਣ ਦੇ ਮੱਦੇਨਜ਼ਰ ਜਨਤਾ ਦੇ ਸਾਹਮਣੇ ਇਕਜੁੱਟਤਾ ਦਿਖਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੀ ਸ਼ੁਰੂਆਤ ਸੋਮਵਾਰ ਨੂੰ ਲੁਧਿਆਣਾ ਤੋਂ ਹੋਵੇਗੀ, ਜਿੱਥੇ ਚੰਨੀ ਅਤੇ ਸਿੱਧੂ ਇਕ-ਦੂਜੇ ਤੋਂ ਨਾਰਾਜ਼ ਹੋਣ ਤੋਂ ਬਾਅਦ ਪਹਿਲੀ ਵਾਰ ਮੰਚ ਸਾਂਝਾ ਕਰਨਗੇ।
ਇਸ ਦੇ ਲਈ ਬਕਾਇਦਾ ਗਿੱਲ ਰੋਡ ਦਾਣਾ ਮੰਡੀ ’ਚ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿੱਥੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਉਥੇ ਪੁਲਸ ਪ੍ਰਸ਼ਾਸਨ ਨੇ ਪੂਰੀ ਤਾਕਤ ਝੋਕ ਦਿੱਤੀ ਹੈ, ਉਥੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਦ ਐਤਵਾਰ ਨੂੰ ਦਿਨ ਭਰ ਨੇਤਾਵਾਂ ਨਾਲ ਸਮਾਰੋਹ ਸਥਾਨ ’ਤੇ ਮੌਜੂਦ ਰਹੇ। ਉਨ੍ਹਾਂ ਮੁਤਾਬਕ ਰੈਲੀ ਨੂੰ ਸਫਲ ਬਣਾਉਣ ਲਈ ਸਾਰੇ ਹਲਕਿਆਂ ਦੇ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ।
ਬੈਂਸ ਦੇ ਗੜ੍ਹ ’ਚ ਸੰਨ੍ਹ ਲਗਾਉਣ ਦੀ ਹੋ ਰਹੀ ਚਰਚਾ
ਇਸ ਰੈਲੀ ਨੂੰ ਬੈਂਸ ਬ੍ਰਦਰਜ਼ ਦੇ ਹਲਕਿਆਂ ਦੇ ਸੈਂਟਰ ਪੁਆਇੰਟ ’ਤੇ ਰੱਖਿਆ ਗਿਆ ਹੈ, ਜਿਸ ਨੂੰ ਬੈਂਸ ਦੇ ਗੜ੍ਹ ਵਿਚ ਸੰਨ੍ਹ ਲਗਾਉਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਜਿਸ ਦੇ ਤਹਿਤ ਲੋਕਾਂ ਦੀ ਭੀੜ ਜੁਟਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਨਾਲ ਬੈਂਸ ਬ੍ਰਦਰਜ਼ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਚਰਚਾ ’ਤੇ ਵੀ ਰੋਕ ਲੱਗ ਸਕਦੀ ਹੈ।
ਕੇਜਰੀਵਾਲ ਨਾਲ ਹੋਵੇਗਾ ਸਾਹਮਣਾ
ਚੰਨੀ ਅਤੇ ਸਿੱਧੂ ਨੇ ਜਿਸ ਦਿਨ ਵਿਧਾਨ ਸਭਾ ਚੋਣ ਦਾ ਬਿਗੁਲ ਵਜਾਉਣ ਦਾ ਸ਼ੈਡਿਊਲ ਰੱਖਿਆ ਗਿਆ ਹੈ। ਉਸ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪੰਜਾਬ ਆ ਰਹੇ ਹਨ। ਉਨ੍ਹਾਂ ਵੱਲੋਂ ਮੋਗਾ ’ਚ ਔਰਤਾਂ ਲਈ ਐਲਾਨ ਕਰਨ ਤੋਂ ਬਾਅਦ ਲੁਧਿਆਣਾ ਵਿਚ ਵੀ ਇੰਡਸਟਰੀ ਦੇ ਨਾਲ ਮੀਟਿੰਗ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।