ਕੈਪਟਨ ਵਾਂਗ ਚੰਨੀ, ਸਿੱਧੂ ਅਤੇ ਰੰਧਾਵਾ ਵੀ ਨਹੀਂ ਦੇ ਸਕੇ ਬੇਅਦਬੀਆਂ ਦਾ ਇਨਸਾਫ਼ : ਹਰਪਾਲ ਚੀਮਾ

02/04/2022 8:22:48 PM

ਚੰਡੀਗੜ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ (ਸੁੱਖੀ ਰੰਧਾਵਾ) ਮੁੱੜ ਕਾਂਗਰਸ ਸਰਕਾਰ ਬਣਨ 'ਤੇ ਬੇਅਦਬੀਆਂ ਦੇ ਮਾਮਲਿਆਂ 'ਚ ਇਨਸਾਫ਼ ਦੇਣ ਦੇ ਝੂਠੇ ਵਾਅਦੇ ਕਰਕੇ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਸੰਗਤ ਦੀ ਵਾਰ-ਵਾਰ ਬੇਅਦਬੀ ਕਰ ਰਹੇ ਹਨ। ਚੀਮਾ ਨੇ ਦਾਅਵਾ ਕੀਤਾ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਬੇਅਦਬੀਆਂ ਦੇ ਇਨਸਾਫ਼ ਸਮੇਤ ਪੰਜਾਬ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਾਸੀਆਂ ਦੀਆਂ ਸਾਰੀਆਂ ਉਮੀਦਾਂ 'ਤੇ ਖਰੀ ਉਤਰੇਗੀ।

ਇਹ ਵੀ ਪੜ੍ਹੋ : LOC 'ਤੇ ਜੰਗ ਬੰਦੀ ਨਾਲ ਜੁੜਿਆ ਨਰਵਣੇ ਦਾ ਦਾਅਵਾ ਸਹੀ ਨਹੀਂ : ਪਾਕਿ ਫੌਜ

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ, ''ਕਾਂਗਰਸ ਪਾਰਟੀ ਪੰਜ ਸਾਲ ਦੀ ਸੱਤਾ ਭੋਗ ਕੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਸਮੇਤ ਹੋਰਨਾਂ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਬਾਰੇ ਕੋਈ ਇਨਸਾਫ਼ ਨਹੀਂ ਦੇ ਸਕੀ। ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਪਿਛਲੇ 7 ਸਾਲਾਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।''ਉਨਾਂ ਦੋਸ਼ ਲਾਇਆ ਕਿ ਚੋਣਾ ਸਮੇਂ ਕਾਂਗਰਸ ਦੇ ਆਗੂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਵਾਸੀਆਂ ਨਾਲ ਫਿਰ ਝੂਠਾ ਵਾਅਦਾ ਕਰ ਰਹੇ ਹਨ ਕਿ ਕਾਂਗਰਸ ਪਾਰਟੀ ਦੀ ਮੁੜ ਸਰਕਾਰ ਬਣਨ 'ਤੇ ਬੇਅਦਬੀਆਂ ਦੇ ਮਾਮਲੇ 'ਚ ਇਨਸਾਫ਼ ਦਿੱਤਾ ਜਾਵੇਗਾ। ਜਦੋਂ ਕਿ ਸਚਾਈ ਸਭ ਤੇ ਸਾਹਮਣੇ ਹੈ ਕਿ ਬੇਅਦਬੀ ਤੇ ਹੋਰ ਘਟਨਾਵਾਂ ਦੀ ਜਾਂਚ ਲਈ ਕਈ ਵਿਸ਼ੇਸ਼ ਜਾਂਚ ਕਮੇਟੀਆਂ, ਸੀ.ਬੀ.ਆਈ ਜਾਂਚ, ਜਸਟਿਸ ਜੋਰਾ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਜਾਂਚ ਅਯੋਗ ਦਾ ਗਠਨ ਕੀਤਾ ਗਿਆ ਅਤੇ ਜਾਂਚ ਰਿਪੋਰਟਾਂ ਸਰਕਾਰ ਨੂੰ ਸੌਂਪੀਆਂ ਗਈਆਂ, ਪਰ ਕਿਸੇ ਦੋਸ਼ੀ ਜਾਂ ਸ਼ਾਜਿਸਕਾਰ ਨੂੰ ਸਜ਼ਾ ਨਹੀਂ ਮਿਲੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਬਾਗੀਆਂ ਨਾਲ ਨਜਿੱਠਣ ਦੀ ਕਵਾਇਦ ਕੀਤੀ ਸ਼ੁਰੂ

ਚੀਮਾ ਨੇ ਕਿਹਾ ਕਿ ਪੰਜਾਬ 'ਚ ਬੇਅਦਬੀਆਂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੀ ਨਹੀਂ ਸਗੋਂ ਸਾਰੇ ਧਾਰਮਿਕ ਗਰੰਥਾਂ ਦੀਆਂ ਹੋਈਆਂ ਹਨ ਜੋ ਵੱਡੀ ਸਾਜਿਸ਼ ਦਾ ਹਿੱਸਾ ਹਨ। ਉਨਾਂ ਦੱਸਿਆ ਕਿ ਸਾਲ 2015 ਤੇ 2017 ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਭਗਵਤ ਗੀਤਾ ਅਤੇ ਪਵਿੱਤਰ ਕੁਰਾਨ ਦੀਆਂ ਬੇਅਦਬੀਆਂ ਕਰਨ ਦੀਆਂ ਕਰੀਬ 170 ਘਟਨਾਵਾਂ ਹੋਈਆਂ ਹਨ। ਇਨ੍ਹਾਂ ਹੀ ਨਹੀਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਕਈ ਤਰਾਂ ਦੇ ਪੋਸਟਰ ਵੀ ਲਾਏ ਗਏ ਸਨ। ਬੇਅਦਬੀ ਦੀਆਂ ਘਟਨਾਵਾਂ ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਵੀ ਬੰਦ ਨਹੀਂ ਹੋਈਆਂ ਅਤੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ, ਜਿਸ ਕਾਰਨ ਦੋਸ਼ੀਆਂ ਦੇ ਹੌਸਲੇ ਬੁਲੰਦ ਹੋਏ ਹਨ।

ਇਹ ਵੀ ਪੜ੍ਹੋ : ਸਿੰਗਾਪੁਰ ਨੇ ਕੋਵਿਡ ਦੇ ਇਲਾਜ ਲਈ ਫਾਈਜ਼ਰ ਦੀ ਪੈਕਸਲੋਵਿਡ ਗੋਲੀ ਨੂੰ ਦਿੱਤੀ ਮਨਜ਼ੂਰੀ

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ 'ਚ ਸੱਤ ਸਾਲਾਂ ਬਾਅਦ ਵੀ ਕੋਈ ਜਾਂਚ ਕਮੇਟੀ, ਸੀ.ਬੀ.ਆਈ. ਅਤੇ ਜਾਂਚ ਪੈਨਲ ਬੇਅਦਬੀ ਦੇ ਮਾਮਲੇ 'ਚ ਇਨਸਾਫ਼ ਨਹੀਂ ਦੇ ਪਾਇਆ, ਕਿਉਂਕਿ ਪੰਜਾਬ ਦੀ ਸੱਤਾ 'ਤੇ ਕਾਬਜ ਲੋਕ ਅਤੇ ਪਾਰਟੀਆਂ ਆਪਸ 'ਚ ਰਲੀਆਂ ਹੋਈਆਂ ਹਨ। ਚੀਮਾ ਨੇ ਦਾਅਵਾ ਕੀਤਾ ਕਿ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਬਾਰੇ ਜਾਂਚ ਰਿਪੋਰਟਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਅਤੇ ਕਈ ਹੋਰ ਰਾਜਨੀਤਿਕ ਆਗੂਆਂ ਦੇ ਨਾਂ ਉਜਾਗਰ ਕਰ ਚੁੱਕੀਆਂ ਹਨ, ਪਰ ਕਾਂਗਰਸ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਇਨਾਂ ਜਾਂਚ ਰਿਪੋਰਟਾਂ ਨੂੰ ਲੋਕਾਂ 'ਚ ਪੇਸ਼ ਨਹੀਂ ਕੀਤਾ ਅਤੇ ਨਾ ਹੀ ਸਿੱਖਾਂ ਨੂੰ ਇਨਸਾਫ਼ ਦੇਣ ਲਈ ਕੋਈ ਠੋਸ ਕਾਰਵਾਈ ਕੀਤੀ ਹੈ। ਉਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲ ਸਿੱਖਾਂ ਸਮੇਤ ਹੋਰਨਾਂ ਵਰਗਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਸਮਾਂ ਸੀ, ਪਰ ਉਨ੍ਹਾਂ ਨੇ ਵੀ ਦੋਸ਼ੀਆਂ ਦਾ ਸਾਥ ਦਿੱਤਾ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਇਆ।

ਇਹ ਵੀ ਪੜ੍ਹੋ : ਬੈਠਕ ਲਈ ਮਿਆਂਮਾਰ ਦੇ ਵਿਦੇਸ਼ ਮੰਤਰੀ ਨੂੰ ਸੱਦਾ ਨਹੀਂ ਦੇਵੇਗਾ ਆਸੀਆਨ

ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਜਿਹੀਆਂ ਰਿਵਾਇਤੀ ਪਾਰਟੀਆਂ ਦੀ ਘਿਨੌਣੀ ਰਾਜਨੀਤੀ ਕਰਕੇ ਧਰਮ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਰਾਜਨੀਤਿਕ ਇਸਤੇਮਾਲ ਕੀਤਾ ਗਿਆ ਹੈ, ਜਦੋਂ ਕਿ ਆਮ ਆਦਮੀ ਪਾਰਟੀ ਲਈ ਬੇਅਦਬੀ, ਗੋਲੀਕਾਂਡ ਜਿਹੇ ਮਾਮਲਿਆਂ 'ਚ ਸਿੱਖ ਸੰਗਤ ਨੂੰ ਇਨਸਾਫ਼ ਦੇਣਾ ਇੱਕ ਵੱਡੀ ਜ਼ਿੰਮੇਵਾਰੀ ਹੈ। ਚੀਮਾ ਨੇ ਕਿਹਾ ਕਿ 'ਆਪ' ਦੀ ਸਰਕਾਰ ਬਣਨ 'ਤੇ ਬੇਅਦਬੀ ਦੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਭਾਂਵੇ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ, ਪਰੰਤੂ ਕਿਸੇ ਵੀ ਨਿਰਦੋਸ਼ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News