ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਚੜ੍ਹਿਆ ਨੌਜਵਾਨ 80 ਫੁੱਟ ਉਚਾਈ ’ਤੇ 5 ਘੰਟੇ ਤੱਕ ਫਸਿਆ ਰਿਹਾ
Friday, Aug 17, 2018 - 03:02 AM (IST)
ਬੁਢਲਾਡਾ, (ਮਨਚੰਦਾ)- ਪਿੰਡ ਬੱਛੋਆਣਾ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਉਪਰ ਚਡ਼੍ਹਿਆ ਇਕ ਨੌਜਵਾਨ ਲਿਫਟ ਟਰਾਲੀ ਦੇ ਉਪਰਲੇ ਹਿੱਸੇ ’ਚ ਕੱਪਡ਼ਾ ਫਸ ਜਾਣ ਕਾਰਨ 5 ਘੰਟਿਆਂ ਤੱਕ 80 ਫੁੱਟ ਦੀ ਉਚਾਈ ’ਤੇ ਫਸਿਆ ਰਿਹਾ ਅਤੇ ਪਿੰਡ ਵਾਸੀਆਂ ਵੱਲੋਂ ਆਪਣੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਉਸ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।
ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਸੀਨੀਅਰ ਮੈਂਬਰ ਸਿਕੰਦਰ ਸਿੰਘ ਲਾਡੀ ਤੇ ਨਛੱਤਰ ਸਿੰਘ ਸੰਧੂ ਨੇ ਦੱਸਿਆ ਕਿ ਭਾਦੋਂ ਮਹੀਨੇ ਦੀ ਸੰਗਰਾਂਦ ਮਨਾਉਣ ਲਈ ਗੁਰੂ ਘਰ ਦੇ 105 ਫੁੱਟ ਉੱਚੇ ਨਿਸ਼ਾਨ ਸਾਹਿਬ ਉਪਰ ਨਵਾਂ ਚੋਲਾ ਚਡ਼੍ਹਾਉਣ ਲਈ ਪਿੰਡ ਦੇ ਨੌਜਵਾਨ ਗੁਰਚਰਨ ਸਿੰਘ ਪੁੱਤਰ ਸੁਖਦੇਵ ਸਿੰਘ ਸੇਖੋਂ ਨੂੰ ਸੰਗਤਾਂ ਨੇ ਲਿਫਟ ਟਰਾਲੀ ਰਾਹੀਂ ਨਿਸ਼ਾਨ ਸਾਹਿਬ ਉਪਰ ਚਡ਼੍ਹਾਇਆ ਗਿਆ। ਉਪਰ ਜਾ ਕੇ ਉਸ ਨੇ ਲਗਭਗ 15 ਫੁੱਟ ਹੇਠਾਂ ਵੱਲ ਨੂੰ ਇਹ ਨਵਾਂ ਚੋਲਾ ਚਡ਼੍ਹਾ ਦਿਤਾ ਸੀ ਪਰ ਅਚਾਨਕ ਤੇਜ਼ ਹਵਾ ਨਾਲ ਕੱਪਡ਼ਾ ਉਡ ਕੇ ਲਿਫਟ ਟਰਾਲੀ ਦੇ ਉਪਰਲੇ ਹਿੱਸੇ ’ਚ ਫਸ ਗਿਆ, ਜਿਸ ਕਰ ਕੇ ਇਹ ਟਰਾਲੀ ਨਾ ਉਪਰ ਤੇ ਨਾ ਹੀ ਹੇਠਾਂ ਜਾ ਰਹੀ ਸੀ। ਇਸ ਨਾਲ ਨੌਜਵਾਨ ਉਪਰ ਹੀ ਫਸ ਗਿਆ ਪਰ 5 ਘੰਟਿਆਂ ਤੋਂ ਕੀਤੀ ਜਾ ਰਹੀ ਜੱਦੋ-ਜਹਿਦ ਆਖਰ ਖਤਮ ਹੋਈ ਤੇ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ।
ਗੁਰਦੁਆਰਾ ਕਮੇਟੀ, ਗ੍ਰਾਮ ਪੰਚਾਇਤ ਤੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਇਸ ਨੌਜਵਾਨ ਦੀ ਇਸ ਦਲੇਰੀ ਲਈ ਉਸ ਨੂੰ ਸਿਰੋਪਾਓ ਭੇਟ ਕੀਤੇ। ਇਸ ਮੌਕੇ ਤਹਿਸੀਲਦਾਰ ਬੁਢਲਾਡਾ ਅਮਰਜੀਤ ਸਿੰਘ, ਜ਼ਿਲਾ ਫਾਇਰ ਅਫਸਰ ਰਾਜ ਕੁਮਾਰ, ਥਾਣਾ ਸਦਰ ਬੁਢਲਾਡਾ ਦੇ ਮੁਖੀ ਗੁਰਮੀਤ ਸਿੰਘ, ਜਥੇਦਾਰ ਬਲਵੀਰ ਸਿੰਘ ਬੱਛੋਆਣਾ, ਬਿੰਦਰ ਸਿੰਘ ਕਟਾਰੀਆ ਆਦਿ ਮੌਜੂਦ ਸਨ।