ਸਿੱਖ ਕਤਲੇਆਮ ਨਾਲ ਸਬੰਧਤ 66 ਕੇਸਾਂ ਦੀਆਂ ਫਾਈਲਾਂ ਗੁੰਮ ਹੋਣ ਲਈ ਕੇਜਰੀਵਾਲ ਜਵਾਬਦੇਹ: ਚੰਦੂਮਾਜਰਾ

12/05/2018 9:57:16 AM

ਸ੍ਰੀ ਅਨੰਦਪੁਰ ਸਾਹਿਬ (ਜ.ਬ)—ਸਿੱਖ ਨਸਲਕੁਸ਼ੀ ਨਾਲ ਸਬੰਧਤ ਕਰੀਬ 66 ਕੇਸਾਂ ਦੀਆਂ ਫਾਈਲਾਂ ਸਰਕਾਰੀ ਰਿਕਾਰਡ ਤੋਂ ਗੁੰਮ ਹੋਣ ਲਈ ਦਿੱਲੀ ਦੀ ਆਮ ਆਦਮੀ ਪਾਰਟੀ  ਦੀ ਸਰਕਾਰ  ਦੋਸ਼ੀ ਹੈ, ਜਿਸ ਲਈ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਜਵਾਬਦੇਹ ਹੋਣਾ ਪਵੇਗਾ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਰਕਰਾਂ ਦੀ ਮੀਟਿੰਗ ਕਰਨ ਲਈ ਇੱਥੇ ਆਏ ਪ੍ਰੋ. ਚੰਦੂਮਾਜਰਾ ਨੇ  ਕਿਹਾ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਦਾ ਤਿੰਨ ਦਿਨਾ ਸੈਸ਼ਨ ਬੁਲਾਉਣਾ ਲੋਕਰਾਜ 'ਤੇ ਸਵਾਲੀਆ ਚਿੰਨ੍ਹ ਹੈ, ਜਦੋਂ ਕਿ ਸੂਬੇ ਅੰਦਰ ਲੋਕ ਮਸਲਿਆਂ ਜਿਵੇਂ ਕਿ ਕਿਸਾਨਾਂ, ਅਧਿਆਪਕਾਂ, ਬੇਰੋਜ਼ਗਾਰਾਂ, ਰਾਜ ਦੀ ਮਾੜੀ ਆਰਥਿਕ ਤੇ ਕਾਨੂੰਨੀ ਦਸ਼ਾ ਆਦਿ 'ਤੇ ਵਿਧਾਨ ਸਭਾ ਅੰਦਰ ਚਰਚਾ ਹੋਣੀ ਅਤਿ ਜ਼ਰੂਰੀ ਹੈ ਜੋ ਤਿੰਨ ਦਿਨਾ ਸੈਸ਼ਨ ਅੰਦਰ ਸੰਭਵ ਨਹੀਂ। ਬੀਤੇ ਦਿਨੀਂ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਵੰਡ ਲਈ ਕਾਂਗਰਸ ਦੀ ਉਸ ਵੇਲੇ ਦੀ ਸੀਨੀਅਰ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਉਣ ਨੂੰ ਜਾਇਜ਼ ਕਰਾਰ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੀ ਉਸ ਵੇਲੇ ਦੀ ਰਾਸ਼ਟਰੀ ਲੀਡਰਸ਼ਿਪ ਦੀ ਨਾਲਾਇਕੀ ਹੀ ਸੀ, ਕਿ ਉਸ ਦੀ ਸੌੜੀ ਸੋਚ ਕਾਰਨ ਵੱਡੇ ਪੱਧਰ 'ਤੇ ਕਤਲੇਆਮ ਹੋਇਆ। ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਅਕਾਲੀ ਆਗੂਆਂ ਵੱਲੋਂ ਵੱਖਰੀ ਪਾਰਟੀ ਬਣਾਉਣ ਸਬੰਧੀ ਚੰਦੂਮਜਾਰਾ ਨੇ ਕਿਹਾ ਕਿ ਅਕਾਲੀ ਦਲ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਵਾਲੀ ਜਮਾਤ ਹੈ, ਜਿਸ ਨੂੰ ਖੋਰਾ ਲਾਉਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ।

ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਮੋਹਨ ਸਿੰਘ ਢਾਹੇਂ, ਮਨਜਿੰਦਰ ਸਿੰਘ ਬਰਾੜ, ਸਰਕਲ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਮਟੌਰ, ਮਾ. ਹਰਜੀਤ ਸਿੰਘ ਅਚਿੰਤ, ਮਨਜੀਤ ਸਿੰਘ ਬਾਸੋਵਾਲ, ਇੰਦਰਜੀਤ ਸਿੰਘ ਬੇਦੀ, ਪਰਮਜੀਤ ਸਿੰਘ ਪੰਮਾ, ਕੁਲਵਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ।


Shyna

Content Editor

Related News