ਚੰਨ 'ਤੇ ਅੱਜ ਲੈਂਡ ਕਰੇਗਾ ਚੰਦਰਯਾਨ-3, ਸਿੱਖਿਆ ਮੰਤਰੀ ਨੇ ਕਿਹਾ- ਖ਼ੁਸ਼-ਆਮਦੀਦ ਕਹਿਣ ਲਈ ਪੰਜਾਬ ਤਿਆਰ
Wednesday, Aug 23, 2023 - 09:47 AM (IST)
ਚੰਡੀਗੜ੍ਹ- ਭਾਰਤ ਦੇ ਸੁਫ਼ਨਿਆਂ ਦਾ ‘ਮੂਨ ਮਿਸ਼ਨ’ ਕੁਝ ਘੰਟਿਆਂ ’ਚ ਪੂਰਾ ਹੋਣ ਦਾ ਸਮਾਂ ਆ ਗਿਆ ਹੈ। ਚੰਦਰਯਾਨ-3 ਦਾ ਲੈਂਡਰ 23 ਅਗਸਤ ਯਾਨੀ ਅੱਜ ਆਪਣੇ ਤੈਅ ਸਮੇਂ ਸ਼ਾਮ 6.04 ਵਜੇ ਚੰਨ ’ਤੇ ਲੈਂਡ ਕਰੇਗਾ। ਉਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੱਲ੍ਹ ਟਵੀਟ ਕਰਕੇ ਕਿਹਾ ਕਿ ਚੰਦਰਯਾਨ-3 ਦੀ ਚੰਨ 'ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ: ਹੜ੍ਹਾਂ ਦੌਰਾਨ ਪੰਜਾਬ ਲਈ ਇਕ ਹੋਰ ਖ਼ਤਰਾ, ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ
ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, 'ਚੰਦਰਯਾਨ-3 ਦੀ ਚੰਨ 'ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਅਤੇ ਸ਼ੁਭ ਇੱਛਾਵਾਂ ਦੇਣ ਵਾਸਤੇ ਪੰਜਾਬ ਤਿਆਰ ਹੈ। ਪੁਲਾੜ ਵਿਗਿਆਨੀਆਂ ਦੀ ਸਾਲਾਂ ਬੱਧੀ ਦਿਨ-ਰਾਤ ਦੀ ਮਿਹਨਤ ਸਦਕਾ ਚੰਦਰਯਾਨ-3 ਇਸਰੋ ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ ਸੀ। 40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਹੁਣ ਚੰਨ ਉੱਤੇ ਪਹੁੰਚਣ ਲਈ ਤਿਆਰ ਹੈ। 23 ਅਗਸਤ 2023 ਨੂੰ ਸ਼ਾਮ 5 ਵਜੇ ਤੋਂ ਬਾਅਦ ਲੈਂਡਰ ਚੰਨ ਦੇ ਧਰਾਤਲ ’ਤੇ ਲੈਂਡ ਹੋਵੇਗਾ। ਚੰਦਰਯਾਨ-3 ਦੀ ਚੰਨ 'ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਅਤੇ ਸ਼ੁਭ ਇੱਛਾਵਾਂ ਦੇਣ ਵਾਸਤੇ 23 ਅਗਸਤ ਯਾਨੀ ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਇਤਿਹਾਸਿਕ ਵਰਤਾਰੇ ਨੂੰ ਦਰਸਾਉਣ ਵਾਲੇ ਪੋਸਟਰ, ਪੇਂਟਿੰਗ'ਜ਼ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।'
ਇਹ ਵੀ ਪੜ੍ਹੋ: ਅੱਜ ਸ਼ਾਮ 6.04 ਵਜੇ ਭਾਰਤ ਰਚੇਗਾ ਇਤਿਹਾਸ, ਚੰਨ ’ਤੇ ਲੈਂਡਿੰਗ ਲਈ ਚੰਦਰਯਾਨ-3 ਤਿਆਰ
ਦੱਸ ਦੇਈਏ ਕਿ ਮੰਗਲਵਾਰ ਨੂੰ ਇਸਰੋ ਨੇ ਮਿਸ਼ਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੰਦਰਯਾਨ-3 ਦੇ ਸਾਰੇ ਸਿਸਟਮਜ਼ ਦੀ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਸਾਰੇ ਸਹੀ ਤਰ੍ਹਾਂ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਇਸਰੋ ਨੇ ਚੰਨ ਦੀਆਂ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜੋ ਚੰਦਰਯਾਨ-3 ਨੇ ਖਿੱਚੀਆਂ ਹਨ। ਇਹ ਤਸਵੀਰਾਂ ਚੰਨ ਦੇ ‘ਫਾਰ ਸਾਈਡ’ ਭਾਵ ਉਸ ਹਿੱਸੇ ਦੀਆਂ ਹਨ, ਜੋ ਕਦੇ ਧਰਤੀ ਤੋਂ ਨਹੀਂ ਦਿਸਦਾ। ਚੰਦਰਯਾਨ ਨੇ 70 ਕਿਲੋਮੀਟਰ ਦੀ ਦੂਰੀ ਤੋਂ ਲੈਂਡਰ ਪੁਜੀਸ਼ਨ ਡਿਟੈਕਸ਼ਨ ਕੈਮਰੇ ਨਾਲ ਇਹ ਤਸਵੀਰਾਂ ਖਿੱਚੀਆਂ ਹਨ। ਚੰਦਰਯਾਨ-3 ਚੰਨ ’ਤੇ ਲੈਂਡਿੰਗ ਲਈ ਸਟੀਕ ਥਾਂ ਲੱਭ ਰਿਹਾ ਹੈ। ਇਸ ਨੂੰ 25 ਕਿਲੋਮੀਟਰ ਦੀ ਉਚਾਈ ਤੋਂ ਲੈਂਡ ਕੀਤਾ ਜਾਵੇਗਾ। ਚੰਦਰਯਾਨ-3 ਦੇ ਲੈਂਡਰ ਦੀ ਸਾਫਟ ਲੈਂਡਿੰਗ ’ਚ 15 ਤੋਂ 17 ਮਿੰਟ ਲੱਗਣਗੇ। ਇਸ ਮਿਆਦ ਨੂੰ ‘15 ਮਿੰਟ ਦਾ ਡਰ’ ਕਿਹਾ ਜਾ ਰਿਹਾ ਹੈ। ਚੰਦਰਯਾਨ-3 ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ’ਤੇ ਉਤਰਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਚੰਨ ’ਤੇ ਉਤਰਣ ਤੋਂ 2 ਘੰਟੇ ਪਹਿਲਾਂ ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ’ਤੇ ਹਾਲਾਤ ਦੇ ਆਧਾਰ ’ਤੇ ਇਹ ਤੈਅ ਕੀਤਾ ਜਾਵੇਗਾ ਕਿ ਉਸ ਸਮੇਂ ਇਸ ਨੂੰ ਉਤਾਰਣਾ ਉਚਿਤ ਹੋਵੇਗਾ ਜਾਂ ਨਹੀਂ।
ਇਹ ਵੀ ਪੜ੍ਹੋ: ਜਾਣੋ ਕਿਉਂ ਉਤਰ ਰਹੇ ਹਾਂ ਅਸੀਂ ਚੰਨ ’ਤੇ, ਚੰਨ ਨੂੰ ਛੂਹਣਾ ਭਾਰਤ ਲਈ ‘ਸ਼ੁੱਧ ਲਾਭ’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।