ਚੰਡੀਗੜ੍ਹ ''ਚ 22-23 ਤਾਰੀਖ਼ ਨੂੰ ਗਰਜ-ਤੂਫ਼ਾਨ ਨਾਲ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

Saturday, Aug 22, 2026 - 11:34 AM (IST)

ਚੰਡੀਗੜ੍ਹ ''ਚ 22-23 ਤਾਰੀਖ਼ ਨੂੰ ਗਰਜ-ਤੂਫ਼ਾਨ ਨਾਲ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

ਚੰਡੀਗੜ੍ਹ (ਪਾਲ) : ਹਾਲ ਹੀ ’ਚ ਹੋਈ ਬਾਰਸ਼ ਤੋਂ ਬਾਅਦ ਟ੍ਰਾਈਸਿਟੀ ’ਚ ਮੌਸਮ ਅਸਥਿਰ ਰਹੇਗਾ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਦੌਰਾਨ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ’ਚ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। 22 ਤੇ 23 ਅਗਸਤ ਨੂੰ ਗਰਜ-ਤੂਫ਼ਾਨ ਤੇ ਮੀਂਹ ਪੈਣ ਦੀ ਸੰਭਾਵਨਾ ਹੈ। 24 ਤੋਂ 26 ਅਗਸਤ ਤੱਕ ਮੌਸਮ ’ਚ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਦੀ ਉਮੀਦ ਹੈ। ਇਸ ਸਮੇਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ 38 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਟ੍ਰਾਈਸਿਟੀ ’ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। 23 ਅਗਸਤ ਨੂੰ ਵੀ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹੇਗਾ। ਇਸ ਤੋਂ ਬਾਅਦ 24 ਅਗਸਤ ਨੂੰ ਤਾਪਮਾਨ 37 ਡਿਗਰੀ ਤੇ 25 ਤੇ 26 ਅਗਸਤ ਨੂੰ 38 ਡਿਗਰੀ ਤੱਕ ਪਹੁੰਚ ਸਕਦਾ ਹੈ।

ਰਾਤ ਦਾ ਤਾਪਮਾਨ 25 ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 22 ਅਤੇ 23 ਅਗਸਤ ਨੂੰ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ’ਚ ਗਰਜ ਤੇ ਬਿਜਲੀ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਟ੍ਰਾਈਸਿਟੀ ’ਚ ਮੀਂਹ ਦਾ ਪ੍ਰਭਾਵ ਇੱਕੋ ਜਿਹਾ ਨਹੀਂ ਹੋਵੇਗਾ ਤੇ ਕੁਝ ਖੇਤਰਾਂ ’ਚ ਹੀ ਮੀਂਹ ਪੈ ਸਕਦਾ ਹੈ। 24 ਤੋਂ 26 ਅਗਸਤ ਦੇ ਵਿਚਕਾਰ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਪਰ ਮੀਂਹ ਦੀ ਸੰਭਾਵਨਾ ਘੱਟ ਹੋਵੇਗੀ। ਸੂਬੇ ’ਚ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਜਦਕਿ ਕੁੱਝ ਇਲਾਕਿਆਂ ’ਚ ਗਰਜ-ਤੂਫ਼ਾਨ ਤੇ ਬਿਜਲੀ ਡਿੱਗਣ ਦੇ ਨਾਲ ਭਾਰੀ ਬਾਰਸ਼ ਹੋਈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਹਰਿਆਣਾ ’ਚ ਵੀ ਕੁਝ ਥਾਵਾਂ ’ਤੇ ਬਾਰਸ਼ ਹੋਈ, ਹਾਲਾਂਕਿ ਇਸ ਦਾ ਪ੍ਰਭਾਵ ਪੰਜਾਬ ਨਾਲੋਂ ਘੱਟ ਸੀ। ਸ਼ੁੱਕਰਵਾਰ ਨੂੰ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 34.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਲਗਭਗ ਇਕ ਡਿਗਰੀ ਵੱਧ ਸੀ। ਘੱਟੋ-ਘੱਟ ਤਾਪਮਾਨ 25.7 ਡਿਗਰੀ ਸੈਲਸੀਅਸ ਸੀ, ਜੋ ਕਿ ਆਮ ਦੇ ਆਸ-ਪਾਸ ਸੀ। ਮੌਸਮ ’ਚ ਹੁੰਮਸ ਵੀ ਹੈ, ਵੱਧ ਤੋਂ ਵੱਧ ਸਾਪੇਖਿਕ ਹੁਮਸ 92 ਪ੍ਰਤੀਸ਼ਤ ਤੱਕ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸਵੇਰੇ 8:30 ਵਜੇ ਤੱਕ ਪਿਛਲੇ 24 ਘੰਟਿਆਂ ਵਿਚ ਚੰਡੀਗੜ੍ਹ ਵਿਚ ਕੋਈ ਮੀਂਹ ਦਰਜ ਨਹੀਂ ਕੀਤਾ ਗਿਆ। ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ ਮੀਂਹ ਵੀ ਜ਼ੀਰੋ ਮਿਲੀਮੀਟਰ ਸੀ।
ਮਾਨਸੂਨ ਸੀਜ਼ਨ ਦੌਰਾਨ 550.2 ਮਿਲੀਮੀਟਰ ਬਾਰਸ਼
ਸ਼ਹਿਰ ’ਚ 1 ਜੂਨ ਤੋਂ ਹੁਣ ਤੱਕ ਕੁੱਲ 550.2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 13.7 ਫ਼ੀਸਦੀ ਘੱਟ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਬਾਰਸ਼ ਹੋਣ ਨਾਲ ਇਸ ਬਾਰਸ਼ ਦੀ ਘਾਟ ਵਿਚ ਕੁੱਝ ਸੁਧਾਰ ਹੋ ਸਕਦਾ ਹੈ। ਫਿਲਹਾਲ ਅਗਲੇ ਦੋ ਦਿਨਾਂ ਵਿਚ ਟਰਾਈਸਿਟੀ ਵਿਚ ਗਰਜ-ਤੂਫ਼ਾਨ ਅਤੇ ਬਾਰਸ਼ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਤਾਪਮਾਨ ਵਿਚ ਹੌਲੀ-ਹੌਲੀ ਵਾਧਾ ਹੋ ਸਕਦਾ ਹੈ।


author

Babita

Content Editor

Related News