ਕਾਂਗਰਸੀ ਮੰਤਰੀਆਂ ਦਾ ਬਿਆਨ ਢੀਂਡਸਾ ਪਰਿਵਾਰ ਨਾਲ ਮਿਲੀਭੁਗਤ ਹੋਣ ਦਾ ਸਬੂਤ : ਅਕਾਲੀ ਦਲ

01/14/2020 11:34:06 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਵਿਰੁੱਧ ਲੜਾਈ ਵਿਚ ਜਿਸ ਫੁਰਤੀ ਨਾਲ ਕਾਂਗਰਸੀ ਮੰਤਰੀ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਲਈ ਪਿੜ 'ਚ ਉੱਤਰੇ ਹਨ, ਉਸ ਤੋਂ ਸਾਬਿਤ ਹੋ ਗਿਆ ਹੈ ਕਿ ਸਾਰੇ ਮੋਰਚਿਆਂ 'ਤੇ ਨਾਕਾਮ ਹੋਣ ਮਗਰੋਂ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਪੰਥਕ ਪਾਰਟੀ ਨੂੰ ਕਮਜ਼ੋਰ ਕਰਨ ਲਈ ਦੋਵੇਂ ਢੀਂਡਸਿਆਂ ਨੂੰ 'ਮੋਹਰਿਆਂ' ਵਜੋਂ ਵਰਤਿਆ ਜਾ ਰਿਹਾ ਹੈ।

ਸੀਨੀਅਰ ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਮੁੱਖ ਮੰਤਰੀ ਵਿਚਕਾਰ ਨੇੜਤਾ ਹਾਲ ਹੀ ਵਿਚ ਦੋਵਾਂ ਵਿਚਕਾਰ ਹੋਈ ਡਿਨਰ ਮੀਟਿੰਗ ਤੋਂ ਸਪੱਸ਼ਟ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸੀ ਮੰਤਰੀਆਂ ਵੱਲੋਂ ਢੀਂਡਸਾ ਪਰਿਵਾਰ ਦੇ ਬੁਲਾਰਿਆਂ ਵਜੋਂ ਸਾਂਭੀਆਂ ਡਿਊਟੀਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਇਕ ਮਿਲੀਭੁਗਤ ਤਹਿਤ ਕੰਮ ਕਰ ਰਹੇ ਹਨ। ਬਿੱਲੀ ਹੁਣ ਥੈਲੇ 'ਚੋਂ ਬਾਹਰ ਆ ਗਈ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਧੜੇ, ਜਿਸ ਵਿਚ ਸਿਰਫ ਸਰਦਾਰ ਢੀਂਡਸਾ ਦਾ ਬੇਟਾ ਪਰਮਿੰਦਰ ਅਤੇ ਜਵਾਈ ਤੇਜਿੰਦਰਪਾਲ ਸਿੰਘ ਸਿੱਧੂ ਸ਼ਾਮਲ ਹਨ, ਦੀ ਪੰਥਕ ਵੋਟਾਂ ਵੰਡਣ ਦੇ ਇਰਾਦੇ ਨਾਲ ਕਾਂਗਰਸ ਪਾਰਟੀ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ।

ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਕਲਪਨਾ ਦੀ ਦੁਨੀਆ 'ਚ ਰਹਿ ਰਹੀ ਹੈ, ਸੀਨੀਅਰ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਆਗੂ ਅਤੇ ਵਰਕਰ ਚੱਟਾਨ ਵਾਂਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹੇ ਹਨ। ਸੱਚਾਈ ਇਹ ਹੈ ਕਿ ਢੀਂਡਸਾ ਧੜੇ ਵਿਚ ਸ਼ਾਮਲ ਹੋਣ ਲਈ ਕਿਸੇ ਨੇ ਵੀ ਅਕਾਲੀ ਦਲ ਨਹੀਂ ਛੱਡਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ 11 ਸ਼੍ਰੋਮਣੀ ਕਮੇਟੀ ਮੈਂਬਰ ਚੱਟਾਨ ਵਾਂਗ ਅਕਾਲੀ ਦਲ ਨਾਲ ਖੜ੍ਹੇ ਹਨ। ਇੱਥੋਂ ਤਕ ਕਿ ਢੀਂਡਸਾ ਪਰਿਵਾਰ ਵਲੋਂ ਹਾਲ ਹੀ ਵਿਚ ਨਾਮਜ਼ਦ ਕੀਤੇ ਚਾਰ ਸਰਕਲ ਪ੍ਰਧਾਨ ਵੀ ਅਕਾਲੀ ਦਲ ਨਾਲ ਆ ਕੇ ਖੜ੍ਹ ਗਏ ਹਨ।

ਭੂੰਦੜ ਅਤੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੇ ਖਿਲਾਫ ਕਾਂਗਰਸ ਨਾਲ ਮਿਲ ਕੇ ਵੱਡਾ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਸੁਖਦੇਵ ਢੀਂਡਸਾ ਨੂੰ ਪਹਿਲਾਂ ਲੋਕਾਂ ਨੂੰ ਆਪਣੇ ਵਿਵਹਾਰ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੀ ਇਹ ਇਕ ਸੱਚ ਨਹੀਂ ਹੈ ਕਿ ਪਿਛਲੇ 35 ਸਾਲਾਂ ਵਿਚ ਢੀਂਡਸਾ ਸਿਰਫ ਇਕ ਚੋਣ ਜਿੱਤੇ ਹਨ? ਕੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਨੇ ਸਰਦਾਰ ਢੀਂਡਸਾ ਨੂੰ ਰਾਜ ਸਭਾ ਮੈਂਬਰ ਨਿਯੁਕਤ ਕਰ ਕੇ ਅਤੇ ਕੇਂਦਰੀ ਮੰਤਰੀ ਬਣਾ ਕੇ ਉੱਚੇ ਅਹੁਦੇ ਨਹੀਂ ਦਿੱਤੇ? ਅਕਾਲੀ ਆਗੂਆਂ ਨੇ ਢੀਂਡਸਾ ਨੂੰ ਸੁਆਲ ਕੀਤਾ ਕਿ ਕੀ ਵੱਡੇ ਅਹੁਦਿਆਂ ਦੀ ਮੰਗ ਕਰਨਾ ਅਤੇ ਸਵੀਕਾਰ ਕਰਨਾ ਉਸ ਲਈ ਨੈਤਿਕ ਤੌਰ 'ਤੇ ਸਹੀ ਸੀ ਅਤੇ ਫਿਰ ਇੰਨਾ ਕੁੱਝ ਦੇਣ ਵਾਲੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨਾ ਕੀ ਠੀਕ ਸੀ?


cherry

Content Editor

Related News