PM ਆਵਾਸ ਯੋਜਨਾ ਤਹਿਤ ਪੰਜਾਬ 'ਚ ਸਿਰਫ 13 ਫੀਸਦੀ ਨੂੰ ਮਿਲੇ ਪੱਕੇ ਮਕਾਨ

12/03/2019 9:26:33 AM

ਚੰਡੀਗੜ੍ਹ(ਭੁੱਲਰ) : ਮੁਲਕ 'ਚ ਭਾਵੇਂ ਗਰੀਬੀ ਨੂੰ ਖਤਮ ਕਰਨ ਲਈ ਤੇ ਕੱਚਿਆਂ ਮਕਾਨਾਂ 'ਚ ਰਹਿੰਦੇ ਗਰੀਬਾਂ ਨੂੰ ਪੱਕੇ ਮਕਾਨ ਦੇਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਤੇ ਸਕੀਮਾਂ ਬਣਾਈਆਂ ਜਾਂਦੀਆਂ ਹਨ ਪਰ ਅਸਲ 'ਚ ਇਹ ਦਾਅਵੇ ਤੇ ਸਕੀਮਾਂ ਅਮਲ ਤੋਂ ਦੂਰ ਦਿਖਾਈ ਦੇ ਰਹੀਆਂ ਹਨ। ਗਰੀਬਾਂ ਨੂੰ ਪਿੰਡਾਂ 'ਚ ਪੱਕੇ ਮਕਾਨ ਦੇਣ ਵਾਲੀ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਅੰਕੜੇ ਸਾਂਝੇ ਕਰਦਿਆਂ ਸਮਾਜਿਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਆਰ.ਟੀ.ਆਈ. ਰਾਹੀਂ ਪ੍ਰਾਪਤ ਜਾਣਕਾਰੀ ਦੇ ਹਵਾਲੇ ਨਾਲ ਖੁਲਾਸਾ ਕੀਤਾ ਕਿ ਇਸ ਸਕੀਮ 'ਚ ਕਈ ਯੋਗ ਕੱਚੇ ਮਕਾਨਾਂ ਵਾਲੇ ਪਰਿਵਾਰਾਂ ਦੀ ਪਛਾਣ ਸਮਾਜਿਕ, ਆਰਥਿਕ ਤੇ ਜਾਤੀ ਜਨਗਣਨਾ 2011 ਦੇ ਅਧਾਰ 'ਤੇ ਕੀਤੀ ਜਾਂਦੀ ਹੈ ਪਰ ਇਸ ਜਨਗਣਨਾ ਦੇ ਅਨੁਸਾਰ ਕੱਚੇ ਮਕਾਨਾਂ ਵਾਲਿਆਂ ਦੀ ਕੁੱਲ ਗਿਣਤੀ ਭਾਰਤ 'ਚ 4 ਕਰੋੜ 6 ਲੱਖ ਹੈ, ਜਦਕਿ ਹੁਣ ਤੱਕ ਸਰਕਾਰ ਵਲੋਂ ਸਿਰਫ 1 ਕਰੋੜ 29 ਲੱਖ ਪਰਿਵਾਰਾਂ ਨੂੰ ਹੀ ਪੱਕੇ ਮਕਾਨ ਦਿੱਤੇ ਗਏ ਹਨ, ਮਤਲਬ ਸਿਰਫ 31 ਫੀਸਦੀ ਪਰਿਵਾਰਾਂ ਨੂੰ। ਸੂਬਿਆਂ 'ਚ ਪੰਜਾਬ 'ਚ ਜਨਗਣਨਾ ਅਨੁਸਾਰ 125277 ਕੱਚੇ ਮਕਾਨਾਂ ਵਾਲੇ ਪਰਿਵਾਰਾਂ ਵਿਚੋਂ ਸਿਰਫ 16744 ਮਤਲਬ 13.3 ਫੀਸਦੀ ਨੂੰ ਹੀ ਪੱਕੇ ਮਕਾਨ ਮਿਲੇ।

ਚੱਢਾ ਅਨੁਸਾਰ ਬਾਕੀ ਰਾਜਾਂ 'ਚ ਵੀ ਕੱਚੇ ਮਕਾਨਾਂ ਵਾਲਿਆਂ ਨੂੰ ਪੱਕੇ ਮਕਾਨ ਮਿਲਣ ਦੀ ਇਹ ਪ੍ਰਤੀਸ਼ਤਤਾ ਕਾਫੀ ਘੱਟ ਹੈ। ਸਭ ਤੋਂ ਵੱਧ ਕੇਰਲ 'ਚ 61.7%, ਸਭ ਤੋਂ ਘੱਟ ਅਰੁਣਾਚਲ ਪ੍ਰਦੇਸ਼ 'ਚ 0.2%, ਬਾਕੀ ਰਾਜਾਂ 'ਚੋਂ ਆਸਾਮ 'ਚ 45.6%, ਬਿਹਾਰ 28.19%, ਛੱਤੀਸਗੜ੍ਹ 34.3%, ਗੋਆ 29.36%, ਗੁਜਰਾਤ 21.21%, ਹਰਿਆਣਾ 23.44%, ਹਿਮਾਚਲ 37.7%, ਜੰਮੂ ਕਸ਼ਮੀਰ 8.4%, ਝਾਰਖੰਡ 33.87%, ਮੱਧ ਪ੍ਰਦੇਸ਼ 37.6%, ਮਹਾਰਾਸ਼ਟਰ 31.2%, ਮਣੀਪੁਰ 25.6%, ਮੇਘਾਲਿਆ 29.8%, ਮਿਜ਼ੋਰਮ 11.7%, ਨਾਗਾਲੈਂਡ 3.4%, ਓਡਿਸ਼ਾ 24.4%, ਰਾਜਸਥਾਨ 29.5%, ਸਿੱਕਮ 42.2%, ਤਾਮਿਲਨਾਡੂ 28.8%, ਤ੍ਰਿਪੁਰਾ 29.3%, ਉੱਤਰ ਪ੍ਰਦੇਸ਼ 37%, ਉਤਰਾਖੰਡ 35.3%, ਪੱਛਮੀ ਬੰਗਾਲ 38%, ਅੰਡੇਮਾਨ 6.6%, ਦਾਦਰਾ 4.1%, ਦਮਨ ਦਿਓ 3 .9%, ਲਕਸ਼ਦੀਪ 1.7%, ਪਾਂਡੀਚਰੀ 0, ਆਂਧਰਾ ਪ੍ਰਦੇਸ਼ 13%, ਕਰਨਾਟਕਾ 28.3% ਅਤੇ ਤੇਲੰਗਾਨਾ 'ਚ 0.9% ਕੱਚੇ ਮਕਾਨਾਂ ਵਾਲਿਆਂ ਨੂੰ ਪੱਕੇ ਮਕਾਨ ਮਿਲੇ।


cherry

Content Editor

Related News