ਜਨਤਾ ਦਾ ਪੈਸਾ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਲੁਟਾ ਰਹੀ ਕੈਪਟਨ ਸਰਕਾਰ : 'ਆਪ'

10/14/2018 12:04:44 PM

ਚੰਡੀਗੜ੍ਹ (ਸ਼ਰਮਾ) : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਇਕ ਪਾਸੇ ਲਗਾਤਾਰ ਬਿਜਲੀ ਦਰਾਂ 'ਚ ਵਾਧਾ ਕੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਨਿਚੋੜ ਰਹੀ ਹੈ, ਦੂਜੇ ਪਾਸੇ ਜਨਤਾ ਦੇ ਪੈਸੇ ਨੂੰ 'ਸ਼ਾਹੀ ਖਜ਼ਾਨਾ' ਸਮਝ ਕੇ ਬਾਦਲ ਸਰਕਾਰ ਸਮੇਂ ਲੱਗੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਲੁਟਾ ਰਹੀ ਹੈ। ਜਿਸ ਦਾ ਖਮਿਆਜ਼ਾ ਪੰਜਾਬ ਦੇ ਹਰ ਛੋਟੇ-ਵੱਡੇ ਬਿਜਲੀ ਖਪਤਕਾਰ ਨੂੰ ਭੁਗਤਣਾ ਪੈ ਰਿਹਾ ਹੈ। 

'ਆਪ' ਮੁੱਖ ਦਫਤਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਚੀਨਾ ਨੇ ਪਾਵਰਕਾਮ ਵਲੋਂ ਚਾਲੂ ਵਿੱਤੀ ਵਰ੍ਹੇ 2018-19 ਦੇ ਪਹਿਲੇ 5 ਮਹੀਨਿਆਂ 'ਚ ਸਿਰਫ ਫਿਕਸ ਚਾਰਜਿਜ਼ ਵਜੋਂ 1400 ਕਰੋੜ ਰੁਪਏ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏ.) ਤਹਿਤ ਪ੍ਰਾਈਵੇਟ ਥਰਮਲ ਪਲਾਂਟ ਕੰਪਨੀਆਂ ਨੂੰ ਅਦਾ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ ਹੈ, ਜਿਸ 'ਚ 294 ਕਰੋੜ ਰੁਪਏ ਤਾਂ ਬਿਜਲੀ ਨਾ ਵਰਤਣ (ਸਰੈਂਡਰ ਕਰਨ) ਦੇ ਦਿੱਤੇ ਗਏ ਹਨ। ਚੀਮਾ ਨੇ ਦੱਸਿਆ ਕਿ ਜੇਕਰ ਵੱਖ-ਵੱਖ ਚਾਰਜਿਜ਼ ਵਜੋਂ ਅਦਾ ਕੀਤੀ ਗਈ 2615 ਕਰੋੜ ਰੁਪਏ ਦੀ ਰਾਸ਼ੀ ਜੋੜ ਲਈ ਜਾਵੇ ਤਾਂ ਕੁਲ ਅਦਾਇਗੀ 4 ਹਜ਼ਾਰ ਕਰੋੜ ਤੋਂ ਉੱਪਰ ਲੰਘ ਚੁੱਕੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੈਪਟਨ ਸਰਕਾਰ ਆਪਣੇ 20 ਮਹੀਨਿਆਂ ਦੇ ਕਾਰਜਕਾਲ ਦੌਰਾਨ ਸੁਖਬੀਰ ਬਾਦਲ ਦੀਆਂ ਚਹੇਤੀਆਂ ਨਿੱਜੀ ਥਰਮਲ ਕੰਪਨੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਅਦਾਇਗੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੁਲ ਰਕਮ ਦਾ ਖੁਲਾਸਾ ਜਲਦ ਹੀ ਕਰੇਗੀ। 

ਚੀਮਾ ਨੇ ਦਾਅਵਾ ਕੀਤਾ ਕਿ ਜੇਕਰ ਕੋਈ ਉੱਚ ਪੱਧਰੀ ਏਜੰਸੀ ਨਿਰਪੱਖਤਾ ਨਾਲ ਬਾਦਲ ਸਰਕਾਰ ਮੌਕੇ ਨਿੱਜੀ ਬਿਜਲੀ ਕੰਪਨੀਆਂ ਨਾਲ 25-25 ਸਾਲ ਦੇ ਸਮਝੌਤਿਆਂ ਦੀ ਘੋਖ ਕਰੇ ਤਾਂ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ ਸਾਹਮਣੇ ਆਵੇਗਾ।  


Related News