ਹੁਸ਼ਿਆਰਪੁਰ ਵਿਖੇ ਜਲਦੀ ਖੋਲ੍ਹਿਆ ਜਾਵੇਗਾ ਨਵਾਂ ਮੈਡੀਕਲ ਕਾਲਜ : ਸੋਨੀ

Wednesday, Dec 25, 2019 - 10:34 AM (IST)

ਹੁਸ਼ਿਆਰਪੁਰ ਵਿਖੇ ਜਲਦੀ ਖੋਲ੍ਹਿਆ ਜਾਵੇਗਾ ਨਵਾਂ ਮੈਡੀਕਲ ਕਾਲਜ : ਸੋਨੀ

ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਵਲੋਂ ਮੈਡੀਕਲ ਸਿੱਖਿਆ ਦਾ ਨਵੀਨੀਕਰਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕੀਤਾ। ਸੋਨੀ ਨੇ ਦੱਸਿਆ ਕਿ ਮੋਹਾਲੀ ਅਤੇ ਕਪੂਰਥਲਾ ਵਿਖੇ ਮੈਡੀਕਲ ਕਾਲਜ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਸਥਾਪਤ ਹੋਣ ਵਾਲੇ ਇਕ ਨਵੇਂ ਮੈਡੀਕਲ ਕਾਲਜ ਦੀ ਵਿਸਥਾਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਹੈ। ਕੁਝ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ ਉਪਰੰਤ ਇਹ ਪ੍ਰਸਤਾਵ ਰਸਮੀ ਪ੍ਰਵਾਨਗੀ ਲਈ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਸੋਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਰਾਜ 'ਚ ਪੰਜ ਨਵੇਂ ਮੈਡੀਕਲ ਕਾਲਜਾਂ ਦਾ ਵਾਅਦਾ ਕੀਤਾ ਸੀ। ਸਰਕਾਰ ਵਲੋਂ ਆਪਣੇ ਵਾਅਦਿਆਂ ਦੇ ਮੱਦੇਨਜ਼ਰ ਮੋਹਾਲੀ ਦੇ ਨਵੇਂ ਮੈਡੀਕਲ ਕਾਲਜ ਵਿਖੇ ਆਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਪ੍ਰਕਿਰਿਆ ਅਧੀਨ ਹੈ ਅਤੇ ਭਾਰਤ ਸਰਕਾਰ ਵਲੋਂ ਕਪੂਰਥਲਾ ਵਿਖੇ ਬਣਨ ਜਾ ਰਹੇ ਨਵੇਂ ਮੈਡੀਕਲ ਕਾਲਜ ਦੀ ਮਨਜ਼ੂਰੀ ਤੋਂ ਬਾਅਦ ਇਸ ਸਬੰਧੀ ਐੱਮ. ਓ. ਯੂ. ਸਹੀਬੱਧ ਕੀਤੇ ਜਾ ਰਹੇ ਹਨ।

ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਮੈਡੀਕਲ ਸਿੱਖਿਆ ਦੇ ਨਵੀਨੀਕਰਨ ਸਬੰਧੀ ਸੀ.ਐੱਮ.ਐੱਸ. ਸਲਾਹਕਾਰ ਸਮੂਹ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਬਣਨ ਜਾ ਰਹੇ ਨਵੇਂ ਮੈਡੀਕਲ ਕਾਲਜ ਦੀ ਡੀ.ਪੀ.ਆਰ. ਸਮੇਤ ਪਠਾਨਕੋਟ, ਗੁਰਦਾਸਪੁਰ ਅਤੇ ਸੰਗਰੂਰ ਵਿਖੇ ਪੀ. ਪੀ. ਪੀ. ਢੰਗ ਰਾਹੀਂ ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਸਬੰਧੀ ਦਿਲਚਸਪੀ ਦੇ ਪ੍ਰਗਟਾਵਿਆਂ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਖੇ ਪੀ.ਜੀ.ਆਈ. ਦੇ ਸੈਟੇਲਾਈਟ ਕੈਂਪਸ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਹੁਸ਼ਿਆਰਪੁਰ ਵਿਖੇ ਨਵਾਂ ਤੀਜਾ ਕੈਂਸਰ ਕੇਅਰ ਸੈਂਟਰ ਸਥਾਪਤ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਕਮੇਟੀ ਦੇ ਮੈਂਬਰਾਂ 'ਚ ਸ਼ਾਮਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ), ਰਾਜਕੁਮਾਰ ਵੇਰਕਾ ਵਿਧਾਇਕ ਅੰਮ੍ਰਿਤਸਰ (ਪੱਛਮ) ਨੇ ਮੈਡੀਕਲ ਸਿੱਖਿਆ ਵਿਭਾਗ ਦੀਆਂ ਪਹਿਲਕਦਮੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੇਂ ਬੁਨਿਆਦੀ ਢਾਂਚੇ ਦੀ ਉਸਾਰੀ ਲੋੜੀਂਦੀ ਹੈ ਪਰ ਇਸ ਨਾਲ ਮੌਜੂਦਾ ਢਾਂਚੇ ਦੇ ਰੱਖ ਰਖਾਅ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ।


author

cherry

Content Editor

Related News