ਵੋਟਰ ਬਣਨ ਲਈ ਵਿਦੇਸ਼ਾਂ ਤੋਂ ਆਈਆਂ 1658 ਅਰਜ਼ੀਆਂ

Sunday, Mar 31, 2019 - 09:43 AM (IST)

ਚੰਡੀਗੜ੍ਹ(ਗੁਰਉਪਦੇਸ਼ ਭੁੱਲਰ)- : ਪੰਜਾਬ ਇਕ ਅਜਿਹਾ ਰਾਜ ਹੈ ਜਿਥੋਂ ਲੱਖਾਂ ਦੀ ਗਿਣਤੀ 'ਚ ਲੋਕ ਦੂਜੇ ਦੇਸ਼ਾਂ 'ਚ ਗਏ ਹੋਏ ਹਨ। 7 ਲੱਖ ਦੇ ਕਰੀਬ ਅਜਿਹੇ ਪੰਜਾਬੀ ਐੱਨ. ਆਰ. ਆਈ. ਹਨ, ਜੋ ਭਾਰਤ 'ਚ ਵੋਟਰ ਬਣਨ ਦੇ ਲਾਇਕ ਹਨ ਪਰ ਵੋਟਰ ਬਣਨ 'ਚ ਉਨ੍ਹਾਂ ਦੀ ਦਿਲਚਸਪੀ ਸ਼ੁਰੂ ਤੋਂ ਹੀ ਕਾਫ਼ੀ ਘੱਟ ਰਹੀ ਹੈ। ਉਹ ਪੰਜਾਬ 'ਚ ਚੋਣਾਂ ਲੜਨ ਵਾਲਿਆਂ ਦਾ ਹੌਸਲਾ ਵੀ ਵਧਾਉਂਦੇ ਹਨ ਅਤੇ ਵਿੱਤੀ ਸਹਾਇਤਾ ਵੀ ਕਰਦੇ ਹਨ ਪਰ ਇਸ ਦੇ ਬਾਵਜੂਦ ਵੋਟਰ ਬਣਨ 'ਚ ਦਿਲਚਸਪੀ ਪਿਛਲੀਆਂ ਚੋਣਾਂ 'ਚ ਨਹੀਂ ਵਧੀ। ਚੋਣ ਕਮਿਸ਼ਨ ਦੀਆਂ ਕੋਸ਼ਿਸ਼ਾਂ ਨਾਲ ਇਸ ਵਾਰ ਕੁਝ ਹੀ ਦਿਨਾਂ 'ਚ ਆਨਲਾਈਨ ਅਰਜ਼ੀਆਂ ਦੀ ਸਹੂਲਤ ਸਰਗਰਮ ਰੂਪ 'ਚ ਲਾਗੂ ਕੀਤੇ ਜਾਣ ਤੋਂ ਬਾਅਦ ਐੱਨ. ਆਰ. ਆਈਜ਼ 'ਚ ਵੋਟਰ ਬਣਨ ਲਈ ਦਿਲਚਸਪੀ ਵਧਣ ਦੇ ਸੰਕੇਤ ਸਾਫ਼ ਦਿਖਾਈ ਦਿੱਤੇ ਹਨ।

ਫ਼ਾਰਮ 6-ਏ ਤਹਿਤ ਐੱਨ. ਆਰ. ਆਈਜ਼ ਦੀਆਂ ਵੋਟਰ ਬਣਨ ਲਈ 1658 ਅਰਜ਼ੀਆਂ ਆਈਆਂ, ਜਿਨ੍ਹਾਂ 'ਚੋਂ 413 ਕਮੀਆਂ ਕਾਰਨ ਰੱਦ ਕੀਤੀਆਂ ਗਈਆਂ ਹਨ, 749 ਨੂੰ ਸਵੀਕਾਰ ਕਰਨ ਮਗਰੋਂ 711 ਨੂੰ ਸੂਚੀ ਵਿਚ ਅਪਡੇਟ ਕਰ ਕੇ ਦਰਜ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। 38 ਅਰਜ਼ੀਆਂ ਸੂਚੀ 'ਚ ਦਰਜ ਕਰਨ ਲਈ ਅਜੇ ਲੰਬਿਤ ਹਨ। 15 ਅਪ੍ਰੈਲ ਤੱਕ ਜੇਕਰ 300 ਹੋਰ ਅਰਜ਼ੀਆਂ ਆ ਜਾਂਦੀਆਂ ਹਨ ਤਾਂ ਨਵੇਂ ਦਰਜ ਹੋਣ ਵਾਲੇ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ 1000 ਤੋਂ ਉਪਰ ਹੋ ਜਾਵੇਗੀ, ਜਦੋਂ ਕਿ 393 ਪਹਿਲਾਂ ਹੀ ਦਰਜ ਹਨ।

ਸੈਂਕੜਿਆਂ ਤੋਂ ਹਜ਼ਾਰਾਂ 'ਚ ਐੱਨ. ਆਰ. ਆਈ. ਵੋਟਰਾਂ ਦਾ ਪੰਜਾਬ 'ਚ ਕੁਝ ਹੀ ਦਿਨਾਂ ਦੀਆਂ ਕੋਸ਼ਿਸ਼ਾਂ ਨਾਲ ਅੰਕੜਾ ਪੁੱਜਣ ਨਾਲ ਭਵਿੱਖ 'ਚ ਹੋਰ ਜ਼ਿਆਦਾ ਐੱਨ. ਆਰ. ਆਈਜ਼ ਨੂੰ ਵੋਟਾਂ ਨਾਲ ਜੋੜਨ 'ਚ ਸਫਲਤਾ ਮਿਲ ਸਕਦੀ ਹੈ।

ਪੰਜਾਬ 'ਚ ਜ਼ਿਆਦਾਤਰ ਐੱਨ. ਆਰ. ਆਈਜ਼ ਦੋਆਬਾ ਖੇਤਰ ਤੋਂ:
ਪੰਜਾਬ ਤੋਂ ਜ਼ਿਆਦਾਤਰ ਐੱਨ. ਆਰ. ਆਈਜ਼ ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ ਆਦਿ ਦੇਸ਼ਾਂ 'ਚ ਗਏ ਹਨ। ਪੂਰੇ ਦੇਸ਼ 'ਚ ਹੋਰ ਰਾਜਾਂ 'ਤੇ ਨਜ਼ਰ ਮਾਰੀਏ ਤਾਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਦੇਸ਼ 'ਚ 71735 ਐੱਨ. ਆਰ. ਆਈ. ਵੋਟਰ ਹਨ। ਇਨ੍ਹਾਂ 'ਚੋਂ ਸਭ ਤੋਂ ਵੱਧ 66584 ਐੱਨ. ਆਰ. ਆਈ. ਵੋਟਰ ਕੇਰਲ 'ਚ ਹਨ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ 'ਚ 2511 ਤੇ ਤੇਲੰਗਾਨਾ 'ਚ 1127 ਐੱਨ. ਆਰ. ਆਈ. ਵੋਟਰ ਹਨ, ਜਦੋਂ ਕਿ ਇਥੋਂ ਦੇ ਐੱਨ. ਆਰ. ਆਈਜ਼ ਦੀ ਗਿਣਤੀ ਵੀ ਲੱਖਾਂ 'ਚ ਹੈ। ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ 'ਚ ਤਾਂ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ ਪੰਜਾਬ ਤੋਂ ਵੀ ਘੱਟ ਹੈ।

ਹੁਣ ਮਾਲਵਾ ਖੇਤਰ ਵੀ ਪਿੱਛੇ ਨਹੀਂ:
ਪੰਜਾਬ 'ਚ ਜ਼ਿਆਦਾਤਰ ਐੱਨ. ਆਰ. ਆਈ. ਦੋਆਬਾ ਖੇਤਰ ਤੋਂ ਹਨ ਪਰ ਹੁਣ ਮਾਲਵਾ ਖੇਤਰ ਵੀ ਪਿੱਛੇ ਨਹੀਂ ਰਿਹਾ ਤੇ ਇਥੋਂ ਵੀ ਵੱਡੀ ਗਿਣਤੀ 'ਚ ਲੋਕ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਇਕ ਅਨੁਮਾਨ ਅਨੁਸਾਰ ਐੱਨ. ਆਰ. ਆਈ. ਪੰਜਾਬ 'ਚ 40 ਤੋਂ ਵੱਧ ਵਿਧਾਨ ਸਭਾ ਹਲਕਿਆਂ 'ਚ ਪ੍ਰਭਾਵ ਪਾਉਣ 'ਚ ਸਮਰੱਥ ਹਨ। ਐੱਨ. ਆਰ. ਆਈਜ਼ ਨੂੰ ਪ੍ਰਾਪਤ ਮੌਜੂਦਾ ਵਿਵਸਥਾ ਅਨੁਸਾਰ 1 ਜਨਵਰੀ 2019 ਤੱਕ 18 ਸਾਲ ਦੀ ਉਮਰ ਵਾਲੇ ਮਤਦਾਤਾ ਬਣ ਸਕਦੇ ਹਨ। ਸ਼ਰਤ ਸਿਰਫ ਇੰਨੀ ਹੈ ਕਿ ਉਨ੍ਹਾਂ ਕੋਲ ਵਿਦੇਸ਼ੀ ਸਿਟੀਜ਼ਨਸ਼ਿਪ ਨਹੀਂ ਹੋਣੀ ਚਾਹੀਦੀ। ਐੱਨ. ਆਰ. ਆਈ. ਵੋਟਰਾਂ ਕੋਲ ਮਤਦਾਨ ਸਮੇਂ ਭਾਰਤੀ ਪਾਸਪੋਰਟ ਹੋਣਾ ਲਾਜ਼ਮੀ ਹੈ।

ਮੁੱਖ ਚੋਣ ਕਮਿਸ਼ਨਰ ਨੇ ਵੀ ਜਤਾਈ ਸੀ ਚਿੰਤਾ:
ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਲੋਕ ਸਭਾ ਚੋਣ ਦੇ ਐਲਾਨ ਤੋਂ ਪਹਿਲਾਂ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਮੱਥਾ ਟੇਕਣ ਪੁੱਜੇ ਸਨ। ਉਨ੍ਹਾਂ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਦੀ ਮੌਜੂਦਗੀ 'ਚ ਮੀਟਿੰਗ ਦੌਰਾਨ ਐੱਨ. ਆਰ. ਆਈਜ਼ 'ਚ ਵੋਟਰ ਬਣਨ ਦੀ ਦਿਲਚਸਪੀ ਨਾ ਵਧਣ 'ਤੇ ਚਿੰਤਾ ਜਤਾਈ ਸੀ ਤੇ ਕਿਹਾ ਸੀ ਕਿ ਪੰਜਾਬ ਇਕ ਅਜਿਹਾ ਰਾਜ ਹੈ, ਜਿਥੋਂ ਪੂਰੀ ਦੁਨੀਆ ਦੇ ਦੇਸ਼ਾਂ 'ਚ ਐੱਨ. ਆਰ. ਆਈ. ਗਏ ਹਨ। ਅਜਿਹੇ ਖੁਸ਼ਹਾਲ ਰਾਜ ਤੋਂ ਗਏ ਲੱਖਾਂ ਐੱਨ. ਆਰ. ਆਈਜ਼ ਵਲੋਂ ਮਤਦਾਨ ਤੋਂ ਦੂਰ ਰਹਿਣ 'ਤੇ ਹੈਰਾਨੀ ਵਿਅਕਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਇਸ ਲਈ ਵਿਸ਼ੇਸ਼ ਯਤਨ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਮੁੱਖ ਚੋਣ ਅਧਿਕਾਰੀ ਨੂੰ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣ ਨੂੰ ਵੀ ਕਿਹਾ ਸੀ।

ਮੁਸ਼ਕਲਾਂ ਹੱਲ ਨਾ ਹੋਣ ਤੋਂ ਨਾਰਾਜ਼ ਰਹਿੰਦੇ ਹਨ ਐੱਨ. ਆਰ. ਆਈਜ਼:
ਪੰਜਾਬ 'ਚ ਐੱਨ. ਆਰ. ਆਈਜ਼ ਦਾ ਮਤਦਾਨ ਤੋਂ ਦੂਰ ਰਹਿਣ ਦਾ ਇਕ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਸਮੇਂ-ਸਮੇਂ 'ਤੇ ਆਈਆਂ ਸਰਕਾਰਾਂ ਵਲੋਂ ਕੀਤੇ ਗਏ ਵਾਅਦਿਆਂ ਦੇ ਬਾਵਜੂਦ ਹੱਲ ਨਾ ਕਰਨਾ ਵੀ ਹੈ। ਐੱਨ. ਆਰ. ਆਈਜ਼ ਦੀ ਮੁੱਖ ਸਮੱਸਿਆ ਉਨ੍ਹਾਂ ਦੀ ਸੰਪਤੀ 'ਤੇ ਹੋਣ ਵਾਲੇ ਨਾਜਾਇਜ਼ ਕਬਜ਼ਿਆਂ ਦੀ ਹੈ, ਜਿਸ ਬਾਰੇ ਹੁਣ ਵੀ ਕੋਈ ਠੋਸ ਵਿਵਸਥਾ ਨਹੀਂ ਬਣ ਸਕੀ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਬੇਸ਼ੱਕ ਰਾਜ 'ਚ ਵਿਸ਼ੇਸ਼ ਐੱਨ. ਆਰ. ਆਈ. ਥਾਣੇ ਵੀ ਸਥਾਪਤ ਕੀਤੇ ਗਏ ਪਰ ਇਹ ਮੌਜੂਦਾ ਸਿਸਟਮ 'ਚ ਐੱਨ. ਆਰ. ਆਈ. ਨੂੰ ਨਿਆਂ ਦਿਵਾਉਣ 'ਚ ਜ਼ਿਆਦਾ ਕਾਰਗਰ ਸਾਬਿਤ ਨਹੀਂ ਹੋਏ। ਕਾਂਗਰਸ ਨੇ ਵੀ ਵਿਧਾਨ ਸਭਾ ਚੋਣਾਂ ਦੌਰਾਨ ਮੈਨੀਫੈਸਟੋ 'ਚ ਐੱਨ. ਆਰ. ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਤੇ ਮਾਮਲਿਆਂ ਦੇ ਜਲਦੀ ਨਿਪਟਾਰੇ ਲਈ ਵਿਸ਼ੇਸ਼ ਅਦਾਲਤਾਂ ਗਠਿਤ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਇਹ ਕੰਮ ਵੀ ਪੂਰਾ ਨਹੀਂ ਹੋਇਆ। ਚੋਣ ਮੈਨੀਫੈਸਟੋ ਤੋਂ ਬਾਅਦ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸਰਕਾਰ ਦੇ 2 ਸਾਲ ਪੂਰੇ ਹੋਣ 'ਤੇ ਆਪਣੇ ਕੰਮਾਂ ਲਈ ਪਾਰਟੀ ਦੇ ਪ੍ਰਦੇਸ਼ ਹੈੱਡਕੁਆਰਟਰ 'ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਫਿਰ ਐਲਾਨ ਕੀਤਾ ਹੈ ਕਿ ਚੋਣਾਂ ਖਤਮ ਹੋਣ ਤੋ ਬਾਅਦ ਵਿਸ਼ੇਸ਼ ਅਦਾਲਤਾਂ ਦੇ ਗਠਨ ਦਾ ਕੰਮ ਪੂਰਾ ਕੀਤਾ ਜਾਵੇਗਾ, ਜਿਸ ਸਬੰਧੀ ਕਾਰਵਾਈ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਜੇਕਰ ਐੱਨ. ਆਰ. ਆਈਜ਼ ਲਈ ਰਾਜ 'ਚ ਸਮੱਸਿਆਵਾਂ ਦੇ ਨਿਪਟਾਰੇ ਲਈ ਚੰਗੀ ਵਿਵਸਥਾ ਬਣ ਜਾਵੇ ਤੇ ਉਨ੍ਹਾਂ ਦੀਆਂ ਪ੍ਰਾਪਰਟੀਜ਼ ਆਦਿ ਦੀ ਸੁਰੱਖਿਆ ਯਕੀਨੀ ਕਰ ਦਿੱਤੀ ਜਾਵੇ ਤਾਂ ਆਉਣ ਵਾਲੇ ਸਮੇਂ 'ਚ ਪ੍ਰੇਰਿਤ ਕਰ ਕੇ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।

ਗਿਣਤੀ ਹੋਰ ਵਧਾਉਣ ਦਾ ਯਤਨ:
ਡਾ. ਐੱਸ. ਕਰੁਣਾ ਰਾਜੂ, ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਨਿਰਦੇਸ਼ ਅਨੁਸਾਰ ਅਜੇ 15 ਅਪ੍ਰੈਲ ਤੱਕ ਵੋਟਾਂ ਬਣਾਉਣ ਦਾ ਕੰਮ ਜਾਰੀ ਰਹਿਣਾ ਹੈ। ਐੱਨ. ਆਰ. ਆਈਜ਼ ਨੂੰ ਵੋਟਰ ਬਣਨ ਲਈ ਪ੍ਰੇਰਿਤ ਕਰਨ ਲਈ ਚੋਣ ਵਿਭਾਗ ਵਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ। ਅੰਤਰਰਾਸ਼ਟਰੀ ਏਅਰਪੋਰਟ ਰਾਜਾਸਾਂਸੀ 'ਚ ਐੱਨ. ਆਰ. ਆਈ. ਵੋਟਰ ਬਣਨ ਲਈ ਵਿਸ਼ੇਸ਼ ਆਨਲਾਈਨ ਆਵੇਦਨ ਸਹੂਲਤ ਪ੍ਰਦਾਨ ਕੀਤੀ ਗਈ ਹੈ। ਐੱਨ. ਆਰ. ਆਈ. ਨਾਲ ਰੇਡੀਓ ਟਾਕ ਦੇ ਮਾਧਿਅਮ ਨਾਲ ਵੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਿਆ ਜਾ ਰਿਹਾ ਹੈ। ਉਮੀਦ ਹੈ ਕਿ 15 ਅਪ੍ਰੈਲ ਤੱਕ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ ਸੈਂਕੜਿਆਂ ਤੋਂ ਹਜ਼ਾਰ ਤੱਕ ਪਹੁੰਚ ਸਕਦੀ ਹੈ।

ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ : ਅਰੋੜਾ

ਰਾਜ ਸਰਕਾਰ ਵਲੋਂ ਸਮੇਂ-ਸਮੇਂ 'ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਵੀ ਇਕ ਕਾਰਨ।
ਐੱਨ. ਆਰ. ਆਈਜ਼ ਪੰਜਾਬ 'ਚ 40 ਤੋਂ ਵੱਧ ਵਿਧਾਨ ਸਭਾ ਹਲਕਿਆਂ 'ਚ ਪ੍ਰਭਾਵ ਪਾਉਣ 'ਚ ਸਮਰੱਥ ਹਨ।
15 ਅਪ੍ਰੈਲ ਤੱਕ ਵੋਟਾਂ ਬਣਾਉਣ ਦਾ ਕੰਮ ਰਹੇਗਾ ਜਾਰੀ।
66585 ਐੱਨ. ਆਰ. ਆਈ. ਵੋਟਰ ਕੇਰਲ 'ਚ।
18 ਸਾਲ ਦੀ ਉਮਰ ਦੇ ਬਣ ਸਕਦੇ ਹਨ ਵੋਟਰ।
7 ਲੱਖ ਦੇ ਕਰੀਬ ਅਜਿਹੇ ਪੰਜਾਬੀ ਐੱਨ. ਆਰ. ਆਈ. ਹਨ, ਜੋ ਵੋਟਰ ਬਣਨ ਦੇ ਯੋਗ ਹਨ।
71735 ਐੱਨ. ਆਰ. ਆਈਜ਼ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਦੇਸ਼ 'ਚ।
2511 ਆਂਧਰਾ ਪ੍ਰਦੇਸ਼ 'ਚ।
1127 ਤੇਲੰਗਾਨਾ 'ਚ।
ਪੰਜਾਬ ਇਕ ਅਜਿਹਾ ਰਾਜ ਹੈ, ਜਿਥੋਂ ਪੂਰੀ ਦੁਨੀਆ ਦੇ ਦੇਸ਼ਾਂ 'ਚ ਐੱਨ. ਆਰ. ਆਈਜ਼ ਗਏ ਹਨ।

 

15 ਅਪ੍ਰੈਲ ਤੱਕ ਨਵੇਂ ਦਰਜ ਹੋਣ ਵਾਲੇ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ ਹੋ ਸਕਦੀ ਹੈ 1000 ਤੋਂ ਉਪਰ।
ਵੋਟਰਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।

ਪੰਜਾਬ ਦੇ ਇਨ੍ਹਾਂ ਜ਼ਿਲਿਆਂ ਤੋਂ ਨਵੀਆਂ ਅਰਜ਼ੀਆਂ ਸਵੀਕਾਰ, ਗੁਰਦਾਸਪੁਰ ਸਭ ਤੋਂ ਅੱਗੇ

ਗੁਰਦਾਸਪੁਰ 367
ਅੰਮ੍ਰਿਤਸਰ 12
ਤਰਨਤਾਰਨ  72
ਕਪੂਰਥਲਾ 4
ਜਲੰਧਰ 10
ਹੁਸ਼ਿਆਰਪੁਰ 5
ਸ਼ਹੀਦ ਭਗਤ ਸਿੰਘ ਨਗਰ 180
ਲੁਧਿਆਣਾ 4
ਮੋਗਾ 3
ਹੁਸ਼ਿਆਰਪੁਰ 5
ਫਿਰੋਜ਼ਪੁਰ 1
ਬਰਨਾਲਾ 2
ਪਟਿਆਲਾ 3
ਪਠਾਨਕੋਟ 47
ਫਾਜ਼ਿਲਕਾ 1
ਰੋਪੜ 0
ਐੱਸ. ਏ. ਐੱਸ. ਨਗਰ 0
ਫਰੀਦਕੋਟ 0
ਬਠਿੰਡਾ 0
ਮਾਨਸਾ 0
ਸੰਗਰੂਰ 0

 


cherry

Content Editor

Related News