ਸਿੱਧੂ ਤੇ ਰੰਧਾਵਾ ਨੇ ਖੋਲ੍ਹੀ ਮਜੀਠੀਆ ਪਰਿਵਾਰ ਦੀ ਪੋਲ (ਵੀਡੀਓ)

Monday, Feb 25, 2019 - 04:22 PM (IST)

ਚੰਡੀਗੜ੍ਹ(ਭੁੱਲਰ)— ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਅਤੇ ਕਾਂਗਰਸੀ ਨੇਤਾ ਤੇ ਮੰਤਰੀ ਨਵਜੋਤ ਸਿੱਧੂ ਵਿਚਕਾਰ ਇਕ-ਦੂਜੇ ਨੂੰ 'ਗ਼ੱਦਾਰ' ਸਾਬਤ ਕਰਨ ਦੀ ਜੰਗ ਬਜਟ ਸੈਸ਼ਨ ਦੇ ਆਖਰੀ ਦਿਨ ਹੋਰ ਵੀ ਧਰਾਤਲ ਵੱਲ ਜਾ ਪਹੁੰਚੀ। ਜਿੱਥੇ ਮਜੀਠੀਆ ਵਲੋਂ ਸਦਨ ਦੇ ਅੰਦਰ ਅਤੇ ਬਾਹਰ ਅੰਮ੍ਰਿਤਸਰ ਰੇਲ ਹਾਦਸੇ ਨੂੰ ਆਧਾਰ ਬਣਾ ਕੇ ਨਵਜੋਤ ਸਿੰਘ ਸਿੱਧੂ 'ਤੇ ਹਮਲਾ ਬੋਲਿਆ ਗਿਆ ਅਤੇ ਪੁਲਵਾਮਾ ਮਾਮਲੇ 'ਚ ਪਾਕਿਸਤਾਨ ਦੀ ਨਿੰਦਾ ਨਾ ਕਰਨ ਦੀ ਗੱਲ ਕਹੀ ਗਈ, ਉਥੇ ਹੀ ਨਵਜੋਤ ਸਿੱਧੂ ਆਪਣੇ ਸਾਥੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਕੁਲਜੀਤ ਨਾਗਰਾ ਅਤੇ ਇੰਦਰਬੀਰ ਸਿੰਘ ਬੁਲਾਰੀਆ, ਸੰਗਤ ਸਿੰਘ ਗਿਲਜੀਆਂ ਨਾਲ ਸਬੂਤ ਲੈ ਕੇ ਪਹੁੰਚੇ ਕਿ ਮਜੀਠੀਆ ਦੇ ਬਜ਼ੁਰਗ ਸੁੰਦਰ ਸਿੰਘ  ਮਜੀਠੀਆ ਜਲਿਆਂਵਾਲਾ ਬਾਗ ਦੇ ਅੱਤਿਆਚਾਰੀ ਅੰਗਰੇਜ਼ ਅਫਸਰ ਜਨਰਲ ਡਾਇਰ ਦੇ ਨਜ਼ਦੀਕੀ ਸਨ। ਸਿੱਧੂ ਅਤੇ ਸਾਥੀਆਂ ਨੇ ਵਿਧਾਨ ਸਭਾ ਪ੍ਰੈੱਸ ਗੈਲਰੀ 'ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜਿਨ੍ਹਾਂ  ਸਬੂਤਾਂ ਦੀ ਮਜੀਠੀਆ ਨੇ ਮੰਗ ਕੀਤੀ ਸੀ, ਉਹ ਉਨ੍ਹਾਂ ਨੂੰ ਪੇਸ਼ ਕਰ ਰਹੇ ਹਨ।

ਸਿੱਧੂ ਨੇ ਕਈ ਇਤਿਹਾਸ ਦੀਆਂ ਕਿਤਾਬਾਂ ਦੇ ਕੁੱਝ ਤੱਥਾਂ ਨੂੰ ਪੇਸ਼ ਕਰਦਿਆਂ ਉਨ੍ਹਾਂ ਨੂੰ 'ਸਬੂਤ' ਕਰਾਰ ਦਿੱਤਾ ਤੇ ਕਿਹਾ ਕਿ ਕਿਸੇ ਸਮੇਂ ਅਕਾਲੀ ਦਲ ਨੇ ਵੀ ਸੁੰਦਰ ਸਿੰਘ ਮਜੀਠੀਆ ਦੀ ਜਨਰਲ ਡਾਇਰ ਨਾਲ ਨਜ਼ਦੀਕੀਆਂ ਦਾ ਖੰਡਨ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਿਨ੍ਹਾਂ ਲੋਕਾਂ ਦੀ ਕਦੇ ਆਲੋਚਨਾ ਕਰਦਾ ਸੀ, ਅੱਜ ਉਹੀ ਲੋਕ ਪਾਰਟੀ 'ਤੇ ਕਾਬਜ਼ ਹਨ। ਸਿੱਧੂ ਤੇ ਰੰਧਾਵਾ ਨੇ ਕਿਤਾਬਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਜੀਠੀਆ ਦੇ ਪਰਿਵਾਰ ਨੂੰ ਅੰਗ੍ਰੇਜ਼ੀ ਹਕੂਮਤ ਦਾ 1857 ਦੇ ਗਦਰ ਦੇ ਸਮੇਂ ਸਹਿਯੋਗ ਕਰਨ ਦੇ ਬਦਲੇ  ਉੱਤਰ ਪ੍ਰਦੇਸ਼ ਦੇ ਗੋਰਖਪੁਰ ਇਲਾਕੇ 'ਚ ਜਗੀਰ ਦਿੱਤੀ ਗਈ ਸੀ ਤੇ 48000 ਰੁਪਏ ਸਾਲਾਨਾ ਦੀ ਰਾਸ਼ੀ ਲਾਈ ਗਈ ਸੀ। ਉਧਰ ਬਾਅਦ 'ਚ ਇਕ ਹੋਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁਰਖਾਂ ਬਾਰੇ ਸਿੱਧੂ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਉਨ੍ਹਾਂ ਦੀ ਅਵਾਜ਼ ਨੂੰ ਬੰਦ ਕਰਨ ਲਈ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


author

cherry

Content Editor

Related News