ਮੇਅਰ ਚੋਣ : 6 ਕਾਂਗਰਸੀ ਤੇ ਅਕਾਲੀ ਦਲ ਦਾ ਇਕ ਕੌਂਸਲਰ ਵੋਟ ਪਾਉਣਗੇ ਜਾਂ ਨਹੀਂ, ਅੱਜ ਹੋਵੇਗਾ ਫ਼ੈਸਲਾ

Monday, Jan 16, 2023 - 10:47 AM (IST)

ਮੇਅਰ ਚੋਣ : 6 ਕਾਂਗਰਸੀ ਤੇ ਅਕਾਲੀ ਦਲ ਦਾ ਇਕ ਕੌਂਸਲਰ ਵੋਟ ਪਾਉਣਗੇ ਜਾਂ ਨਹੀਂ, ਅੱਜ ਹੋਵੇਗਾ ਫ਼ੈਸਲਾ

ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਦਾ ਤਾਜ ਕਿਸ ਦੇ ਸਿਰ ਸਜਦਾ ਹੈ, ਇਹ ਮੰਗਲਵਾਰ ਸਪੱਸ਼ਟ ਹੋ ਜਾਵੇਗਾ। ਚੋਣ ਲਈ ਨਾਮਜ਼ਦ ਕੌਂਸਲਰ ਅਮਿਤ ਜ਼ਿੰਦਲ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਹ 17 ਜਨਵਰੀ ਨੂੰ ਸਵੇਰੇ 11 ਵਜੇ ਮੇਅਰ ਦੇ ਅਹੁਦੇ ਲਈ ਚੋਣ ਕਰਵਾਉਣਗੇ। ਇਸ ਤੋਂ ਬਾਅਦ ਨਵੇਂ ਚੁਣੇ ਗਏ ਮੇਅਰ ਵਲੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਕਰਵਾਈ ਜਾਵੇਗੀ। ਕਾਂਗਰਸੀ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਮੇਅਰ ਦੀ ਚੋਣ ਵਿਚ ਵੋਟ ਪਾਉਣਗੇ ਜਾਂ ਨਹੀਂ, ਇਸ ਸਬੰਧੀ ਸੋਮਵਾਰ ਨੂੰ ਪਾਰਟੀ ਹਾਈਕਮਾਨ ਨਾਲ ਮੀਟਿੰਗ ਕਰ ਕੇ ਫ਼ੈਸਲਾ ਲਿਆ ਜਾਵੇਗਾ। ਅਜੇ ਵੀ ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਨੇ ਹਿਮਾਚਲ ਪ੍ਰਦੇਸ਼ ਵਿਚ ਡੇਰੇ ਲਾਏ ਹੋਏ ਹਨ, ਜਦੋਂਕਿ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਰੋਪੜ ਵਿਚ ਡੇਰੇ ਲਾਈ ਬੈਠੇ ਹਨ। ‘ਆਪ’ ਅਤੇ ਭਾਜਪਾ ਨੂੰ ਕਰਾਸ ਵੋਟਿੰਗ, ਜਦਕਿ ਕਾਂਗਰਸ ਨੂੰ ਡਰ ਹੈ ਕਿ ਉਨ੍ਹਾਂ ਦੇ ਕੌਂਸਲਰ ਦੂਜੀਆਂ ਪਾਰਟੀਆਂ ਦੇ ਆਗੂਆਂ ਵਲੋਂ ਬਹਿਕਾਵੇ ਵਿਚ ਆ ਕੇ ਕਿਸੇ ਦੇ ਪੱਖ ਵਿਚ ਵੋਟ ਨਾ ਪਾ ਦੇਣ। ਜ਼ਿਕਰਯੋਗ ਹੈ ਕਿ ਮੇਅਰ ਦੀ ਚੋਣ ਵਿਚ ਕਾਂਗਰਸ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਹੈ।

ਇਹ ਵੀ ਪੜ੍ਹੋ : ਕਾਲਾ ਬੱਕਰਾ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ', ਠੰਡ ਕਾਰਨ ਬਦਲਿਆ ਗਿਆ ਸਮਾਂ

ਉਹ ਪਿਛਲੀ ਵਾਰ ਵਾਂਗ ਚੋਣ ਵਿਚ ਹਿੱਸਾ ਲਵੇਗੀ ਜਾਂ ਵਾਕਆਊਟ ਕਰੇਗੀ, ਇਹ ਸੋਮਵਾਰ ਹੀ ਤੈਅ ਹੋ ਸਕੇਗਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਕੌਂਸਲਰ ਹਰਦੀਪ ਸਿੰਘ ਦਾ ਵੀ ਕਹਿਣਾ ਹੈ ਕਿ ਉਹ ਸੋਮਵਾਰ ਪਾਰਟੀ ਪ੍ਰਧਾਨ ਨਾਲ ਮੀਟਿੰਗ ਕਰ ਕੇ ਵੋਟਾਂ ਸਬੰਧੀ ਕੋਈ ਆਖ਼ਰੀ ਫ਼ੈਸਲਾ ਲੈਣਗੇ। ਉਨ੍ਹਾਂ ਦੀ ਵੋਟ ਭਾਜਪਾ ਅਤੇ ‘ਆਪ’ ਦੋਵਾਂ ਲਈ ਬਹੁਤ ਮਹੱਤਵਪੂਰਨ ਹੋ ਸਕਦੀ ਹੈ। ਭਾਜਪਾ ਨੇ ਮੇਅਰ ਦੇ ਅਹੁਦੇ ਲਈ ਪਿਛਲੀ ਵਾਰ ਡਿਪਟੀ ਮੇਅਰ ਰਹੇ ਅਨੂਪ ਗੁਪਤਾ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦਕਿ ‘ਆਪ’ ਨੇ ਮੇਅਰ ਦੇ ਅਹੁਦੇ ਲਈ ਜਸਬੀਰ ਸਿੰਘ ਲਾਡੀ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕੰਵਰ ਰਾਣਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਹਰਜੀਤ ਸਿੰਘ ਦੇ ਨਾਵਾਂ ਦਾ ਫੈਸਲਾ ਕੀਤਾ ਸੀ। ਜਦੋਂਕਿ ‘ਆਪ’ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਤਰੁਣਾ ਮਹਿਤਾ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਸੁਮਨ ਸ਼ਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ। ਨਿਗਮ ਸਦਨ ਵਿਚ ਭਾਜਪਾ ਅਤੇ ‘ਆਪ’ ਕੋਲ 14-14 ਸੀਟਾਂ ਹਨ ਪਰ ਐੱਮ. ਪੀ. ਖੇਰ ਕੋਲ ਵੀ ਭਾਜਪਾ ਲਈ ਇਕ ਵੋਟ ਹੈ, ਜਿਸ ਨਾਲ ਉਨ੍ਹਾਂ ਦੀ ਗਿਣਤੀ 15 ਹੋ ਗਈ ਹੈ। ਅਜਿਹੇ ਵਿਚ ਇਸ ਵਾਰ ਵੀ ਭਾਜਪਾ ਦਾ ਬੋਲਬਾਲਾ ਹੈ ਪਰ ਫਿਰ ਵੀ ਕਰਾਸ ਵੋਟਿੰਗ ਦਾ ਡਰ ਦੋਵਾਂ ਪਾਰਟੀਆਂ ਨੂੰ ਸਤਾ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਵੀ ਮੇਅਰ ਦੀ ਚੋਣ ਦੌਰਾਨ ਕਾਫੀ ਹੰਗਾਮਾ ਹੋ ਸਕਦਾ ਹੈ ਕਿਉਂਕਿ ਪਿਛਲੀ ਵਾਰ ਵੀ ‘ਆਪ’ ਦੇ ਕੌਂਸਲਰਾਂ ਨੇ ਇਕ ਵੋਟ ਸਬੰਧੀ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਯੂਨੀਵਰਸਿਟੀ ਦੇ VC ਪ੍ਰੋ. ਰਾਜ ਕੁਮਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲੇ ਕਾਂਗਰਸੀ ਕੌਂਸਲਰ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ. ਐੱਸ. ਲੱਕੀ ਨੇ 6 ਕੌਂਸਲਰਾਂ ਸਮੇਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਾਰਪੋਰੇਟਰ ਗੁਰਬਖਸ਼ ਰਾਵਤ, ਗੁਰਪ੍ਰੀਤ ਗਾਬੀ, ਜਸਬੀਰ ਬੰਟੀ, ਦਰਸ਼ਨਾ ਰਾਣੀ, ਨਿਰਮਲਾ ਦੇਵੀ ਅਤੇ ਸਚਿਨ ਗਾਲਵ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਉਨ੍ਹਾਂ ਮੁੱਖ ਮੰਤਰੀ ਨਾਲ ਚੰਡੀਗੜ੍ਹ ਦੇ ਸਿਆਸੀ ਹਾਲਾਤ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਨਾਲ ਸਬੰਧਤ ਮੁੱਦਿਆਂ ਤੋਂ ਜਾਣੂੰ ਕਰਵਾਇਆ। ਲੱਕੀ ਨੇ ਮੁੱਖ ਮੰਤਰੀ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਹਿਮਾਚਲ ਮੰਤਰੀ ਮੰਡਲ ਦੇ ਫੈਸਲੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਵਾਗਤ ਲਈ ਚੰਡੀਗੜ੍ਹ ਬੁਲਾਇਆ। ਮੁੱਖ ਮੰਤਰੀ ਨੇ ਸੱਦਾ ਪ੍ਰਵਾਨ ਕਰ ਲਿਆ ਅਤੇ ਜਲਦੀ ਹੀ ਚੰਡੀਗੜ੍ਹ ਆਉਣ ਦਾ ਵਾਅਦਾ ਕੀਤਾ।
ਭਾਜਪਾ ਨੇ ਵੀ ਹਿਮਾਚਲ ’ਚ ਲਾਇਆ ਹੈ ਡੇਰਾ
ਭਾਜਪਾ ਦੇ ਕੌਂਸਲਰਾਂ ਨੇ ਵੀ ਹਿਮਾਚਲ ਪ੍ਰਦੇਸ਼ ਵਿਚ ਡੇਰਾ ਲਾਇਆ ਹੋਇਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਚੋਣ ਵਿਚ ਉਨ੍ਹਾਂ ਦੀ ਜਿੱਤ ਯਕੀਨੀ ਹੈ ਕਿਉਂਕਿ ਉਨ੍ਹਾਂ ਕੋਲ 15 ਵੋਟਾਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਮੇਅਰ ਭਾਜਪਾ ਦਾ ਹੀ ਹੋਵੇਗਾ।
‘ਆਪ’ ਦੇ ਕੌਂਸਲਰ ਅਜੇ ਵੀ ਸ਼ਹਿਰ ਤੋਂ ਬਾਹਰ
‘ਆਪ’ ਦੇ ਕੌਂਸਲਰ ਅਜੇ ਵੀ ਸ਼ਹਿਰ ਤੋਂ ਬਾਹਰ ਹਨ। ਉਹ ਰੋਪੜ ਦੇ ਆਸਪਾਸ ਹਨ। ‘ਆਪ’ ਕਨਵੀਨਰ ਪ੍ਰੇਮ ਗਰਗ ਨੇ ਕਿਹਾ ਕਿ ਕਾਂਗਰਸ ਨੂੰ ‘ਆਪ’ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਚੋਣਾਂ ਤੋਂ ਕਿਨਾਰਾ ਕਰ ਕੇ ਭਾਜਪਾ ਨਾਲ ਨਹੀਂ ਜਾਣਾ ਚਾਹੀਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News