ਗੈਂਗਸਟਰਾਂ ਦੇ ਮਦਦਗਾਰਾਂ ਦੀ ਹਮਾਇਤ 'ਚ ਉੱਤਰਿਆ ਸੁਖਬੀਰ : ਜਾਖੜ
Wednesday, Jan 16, 2019 - 01:21 PM (IST)
ਚੰਡੀਗੜ੍ਹ (ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਉਨ੍ਹਾਂ 'ਤੇ ਅੱਜ ਲਾਏ ਗਏ ਧੱਕੇਸ਼ਾਹੀਆਂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਇਸ ਦਾ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਮੁੱਦਾਵਿਹੀਨ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਹੁਣ ਗੈਂਗਸਟਰਾਂ ਦੇ ਮਦਦਗਾਰਾਂ ਦੇ ਹੱਕ ਵਿਚ ਖੜ੍ਹ ਕੇ ਘਟੀਆ ਸਿਆਸਤ 'ਤੇ ਉੱਤਰ ਆਏ ਹਨ।
ਸੁਖਬੀਰ ਉਨ੍ਹਾਂ ਲੋਕਾਂ ਦੇ ਹੱਕ ਵਿਚ ਖੜ੍ਹੇ ਹੋ ਰਹੇ ਹਨ, ਜਿਨ੍ਹਾਂ ਖਿਲਾਫ ਗੈਂਗਸਟਰਾਂ ਨੂੰ ਜੇਲਾਂ 'ਚ ਜਾ ਕੇ ਮਿਲਣ ਦਾ ਪਰਚਾ ਦਰਜ ਹੋਇਆ ਸੀ ਤੇ ਉਹ ਪਰਚਾ ਵੀ ਅਕਾਲੀ ਦਲ ਦੀ ਪਿਛਲੀ ਸਰਕਾਰ ਸਮੇਂ ਹੋਇਆ ਸੀ ਅਤੇ ਜਿਨ੍ਹਾਂ ਖਿਲਾਫ ਕਿਸਾਨਾਂ ਨੂੰ ਨਕਲੀ ਖਾਦ ਵੇਚਣ ਦਾ ਮਾਮਲਾ ਵੀ ਦਰਜ ਹੈ। ਅਜਿਹੇ ਲੋਕਾਂ ਦੀ ਪੈਰਵਾਈ ਕਰਕੇ ਸੁਖਬੀਰ ਆਪਣੇ ਅਹੁਦੇ ਦੀ ਮਰਿਆਦਾ ਹੀ ਘਟਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਵਿਅਕਤੀਆਂ ਨੂੰ ਪ੍ਰੈੱਸ ਕਾਨਫਰੰਸ ਵਿਚ ਪੇਸ਼ ਕੀਤਾ, ਉਨ੍ਹਾਂ ਖਿਲਾਫ ਗੈਂਗਸਟਰਾਂ ਨਾਲ ਜੇਲ ਵਿਚ ਜਾ ਕੇ ਮਿਲਣ ਦਾ ਪਰਚਾ ਦਰਜ ਹੈ ਅਤੇ ਉਹੀ ਗੈਂਗਸਟਰ ਗਵਾਹਾਂ ਨੂੰ ਧਮਕਾ ਰਹੇ ਹਨ, ਜਿਸ ਦੀ ਰਿਕਾਰਡਿੰਗ ਪੁਲਸ ਕੋਲ ਮੌਜੂਦ ਹੈ। ਜਾਖੜ ਨੇ ਪੁੱਛਿਆ ਕਿ ਕੀ ਸੁਖਬੀਰ ਬਾਦਲ ਚਾਹੁੰਦੇ ਹਨ ਕਿ ਕਿਸਾਨਾਂ ਨੂੰ ਨਕਲੀ ਖਾਦ ਵੇਚਣ ਵਾਲੇ ਕਿਸਾਨ ਦੋਖੀ ਲੋਕ ਬੇਖੌਫ ਘੁੰਮਣ। ਜਾਖੜ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਪੁਲਸ ਜਾਂ ਕਿਸੇ ਵੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਕੰਮਕਾਜ ਵਿਚ ਕੋਈ ਸਿਆਸੀ ਦਖਲ ਅੰਦਾਜ਼ੀ ਨਹੀਂ ਹੈ ਅਤੇ ਕਾਨੂੰਨ ਪੂਰੀ ਨਿਰਪੱਖਤਾ ਨਾਲ ਗੈਰ ਸਮਾਜਿਕ ਅਨਸਰਾਂ ਖਿਲਾਫ ਕਾਰਵਾਈ ਕਰ ਰਿਹਾ ਹੈ।