ਕੋਰਸ ਕਰਨ ਲਈ ਚੰਡੀਗੜ੍ਹ ਗਿਆ ਸੀ ਸ਼ਿਵਾਂਸ, ਹਾਦਸੇ ’ਚ ਮੌਤ
Tuesday, Jul 24, 2018 - 05:40 AM (IST)
ਜਲੰਧਰ, (ਰਾਜੇਸ਼)- ਐੱਮ. ਬੀ. ਏ. ਦੀ ਪੜ੍ਹਾਈ ਦੇ ਨਾਲ-ਨਾਲ ਚੰਡੀਗੜ੍ਹ ਕੋਰਸ ਕਰਨ ਲਈ ਗਏ ਸ਼ਿਵਾਂਸ ਖੰਨਾ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਦੇ ਦੁਬਾਰਾ ਪਰਿਵਾਰ ਨੂੰ ਨਹੀਂ ਮਿਲ ਸਕੇਗਾ। ਫਤਿਹਪੁਰ ਮੁਹੱਲਾ ਦਾ ਰਹਿਣ ਵਾਲਾ ਰਾਜ ਖੰਨਾ ਜੋ ਕਿ ਪਾਈਪ ਫਿਟਿੰਗ ਦੀ ਟਰੇਡਿੰਗ ਦਾ ਕੰਮ ਕਰਦਾ ਹੈ, ਮ੍ਰਿਤਕ ਸ਼ਿਵਾਂਸ ਉਨ੍ਹਾਂ ਦਾ ਇਕਲੌਤਾ ਬੇਟਾ ਸੀ, ਜੋ ਐੱਮ. ਬੀ. ਏ. ਪਾਰਟ-1 ਦੀ ਪੜ੍ਹਾਈ ਕਰਨ ਤੋਂ ਬਾਅਦ ਚੰਡੀਗੜ੍ਹ ਸਥਿਤ ਇਕ ਪ੍ਰਾਈਵੇਟ ਕੰਪਨੀ ’ਚ 2 ਮਹੀਨੇ ਦੀ ਟਰੇਨਿੰਗ ਕਰਨ ਲਈ ਗਿਆ ਸੀ। ਉਸ ਦੇ ਦੋਸਤ ਸ਼ਿਵਾਂਸ ਨੂੰ ਮਿਲਣ ਚੰਡੀਗੜ੍ਹ ਚਲੇ ਗਏ। ਉਹ ਸਾਰੇ ਫਾਰਚੂਨਰ ਗੱਡੀ ’ਚ ਬੈਠ ਕੇ ਘੁੰਮਣ ਨਿਕਲ ਗਏ। ਸ਼ਿਵਾਂਸ ਗੱਡੀ ਦੇ ਪਿੱਛੇ ਵਾਲੀ ਸੀਟ ’ਤੇ ਬੈਠਾ ਸੀ। ਉਨ੍ਹਾਂ ਦੀ ਗੱਡੀ ਦੀ ਮਹਿੰਦਰਾ ਪਿਕਅਪ ਨਾਲ ਟੱਕਰ ਹੋ ਗਈ। ਸ਼ਿਵਾਂਸ ਹਾਦਸੇ ’ਚ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਨਜ਼ਦੀਕੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
