ਚੰਡੀਗੜ੍ਹ 'ਚ 1800 ਪਾਰਕਾਂ ਦੀ ਸਾਫ਼-ਸਫ਼ਾਈ ਨੂੰ ਲੈ ਕੇ ਲਿਆ ਗਿਆ ਅਹਿਮ ਫ਼ੈਸਲਾ

Monday, Feb 27, 2023 - 10:15 AM (IST)

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ 1800 ਪਾਰਕਾਂ ਦੀ ਸਾਫ਼-ਸਫ਼ਾਈ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਦੇਣ ਦਾ ਫ਼ੈਸਲਾ ਲਿਆ ਹੈ। 2.5 ਕਰੋੜ ਰੁਪਏ ਪ੍ਰਤੀ ਮਹੀਨਾ ਦੀ ਲਾਗਤ ਨਾਲ ਇਹ ਕੰਮ ਏਜੰਸੀ ਨੂੰ ਸੌਂਪਿਆ ਜਾਵੇਗਾ। ਪਹਿਲਾਂ ਹਾਰਟੀਕਲਚਰ ਵਿੰਗ ਦੇ ਮੁਲਾਜ਼ਮ ਇਹ ਕੰਮ ਕਰਦੇ ਸਨ, ਜੋ ਪਾਰਕਾਂ, ਗਾਰਡਨਾਂ ਅਤੇ ਗਰੀਨ ਬੈਲਟਸ ਦੇ ਕੂੜੇ ਨੂੰ ਚੁੱਕਦੇ ਸਨ ਪਰ ਮੁਲਾਜ਼ਮਾਂ ਦੀ ਕਮੀ ਹੋਣ ਦੇ ਚੱਲਦੇ ਹੀ ਨਿਗਮ ਨੇ ਨਿੱਜੀ ਕੰਪਨੀ ਨੂੰ ਇਹ ਕੰਮ ਸੌਂਪਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਨਿਗਮ ਨੇ ਆਪਣੇ ਸਾਰੇ 1800 ਪਾਰਕਾਂ ਵਿਚ 3600 ਤੋਂ ਜ਼ਿਆਦਾ ਡਸਟਬਿਨ ਲਗਾ ਦਿੱਤੇ ਹਨ, ਪਰ ਡਸਟਬਿਨਾਂ ਨੂੰ ਸਾਫ਼ ਕਰਨਾ ਅਤੇ ਪਾਰਕਾਂ ਨੂੰ ਸਾਫ਼ ਰੱਖਣਾ ਉਨ੍ਹਾਂ ਲਈ ਇਕ ਸਭ ਤੋਂ ਵੱਡੀ ਸਮੱਸਿਆ ਸੀ। ਇਹੀ ਕਾਰਨ ਹੈ ਕਿ ਹੁਣ ਅਸੀਂ ਇਨ੍ਹਾਂ ਦੀ ਸਾਫ਼-ਸਫਾਈ ਲਈ ਇਕ ਨਿੱਜੀ ਕੰਪਨੀ ਨੂੰ ਹਾਇਰ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਇਸ ਸਬੰਧੀ ਇੱਛੁਕ ਏਜੰਸੀਆਂ ਤੋਂ ਅਰਜ਼ੀਆਂ ਮੰਗੀਆਂ ਹਨ, ਤਾਂ ਕਿ ਛੇਤੀ ਹੀ ਇਸ ਦਾ ਕੰਮ ਅਲਾਟ ਕਰਕੇ ਪਾਰਕਾਂ ਦੀ ਸਫ਼ਾਈ ਯਕੀਨੀ ਕੀਤੀ ਜਾ ਸਕੇ। ਨਿੱਜੀ ਕੰਪਨੀ ਨੂੰ ਸਫ਼ਾਈ ਦਾ ਕੰਮ ਇਕ ਸਾਲ ਦੀ ਮਿਆਦ ਲਈ ਅਲਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਕੰਮ ਦੇ ਆਧਾਰ ’ਤੇ ਹੀ ਇਸ ਵਿਚ 2 ਸਾਲ ਲਈ ਵਿਸਥਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਲੁਧਿਆਣਾ DMC ਹਸਪਤਾਲ ਬਣਿਆ ਪੁਲਸ ਛਾਉਣੀ, ਨਿਹੰਗ ਸਿੰਘਾਂ ਨੇ ਲਾਇਆ ਡੇਰਾ, ਜਾਣੋ ਪੂਰਾ ਮਾਮਲਾ (ਵੀਡੀਓ)

ਗਾਰਡਨਾਂ ਅਤੇ ਗ੍ਰੀਨ ਬੈਲਟਸ ਵਿਚ 1469 ਡਬਲ ਡਸਟਬਿਨ ਅਤੇ 1197 ਸਿੰਗਲ ਡਸਟਬਿਨ ਹਨ, ਜਿਥੋਂ ਨਜ਼ਦੀਕੀ ਮਟੀਰੀਅਲ ਰਿਕਵਰੀ ਫੈਸਿਲਿਟੀ (ਐੱਮ. ਆਰ. ਐੱਫ਼. ਕੇਂਦਰ) ਲਈ ਵੱਖ-ਵੱਖ ਕੂੜੇ ਦਾ ਕਲੈਕਸ਼ਨ ਅਤੇ ਟਰਾਂਸਪੋਰਟ ਦੇ ਨਾਲ-ਨਾਲ ਦੈਨਿਕ ਆਧਾਰ ’ਤੇ ਕੂੜੇ ਨੂੰ ਚੁੱਕਣਾ ਅਤੇ ਹਫ਼ਤੇ ਵਿਚ ਇਕ ਵਾਰ ਡਸਟਬਿਨ ਦੀ ਧੁਆਈ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਨੇਬਰਹੁੱਡ ਪਾਰਕਾਂ ਵਿਚ 2269 ਡਬਲ ਡਸਟਬਿਨ ਅਤੇ 1264 ਸਿੰਗਲ ਡਸਟਬਿਨ ਹਨ, ਜਿੱਥੇ ਇਸ ਨੂੰ ਹਫ਼ਤੇ ਵਿਚ 2 ਵਾਰ ਹਰ ਇਕ ਸੋਮਵਾਰ ਅਤੇ ਵੀਰਵਾਰ ਨੂੰ ਕਰਨ ਦੀ ਲੋੜ ਹੁੰਦੀ ਹੈ। ਨਾਲ ਹੀ ਹਫ਼ਤੇ ਵਿਚ ਇਕ ਵਾਰ ਡਸਟਬਿਨ ਦੀ ਧੁਆਈ ਕੀਤੀ ਜਾਂਦੀ ਹੈ। ਚੰਡੀਗੜ੍ਹ ਪਾਰਕਾਂ ਦਾ ਸ਼ਹਿਰ ਹੈ। ਲੀ ਕਾਰਬੂਰਜ਼ੀਏ ਨੇ ਯੋਜਨਾ ਬਣਾਈ ਕਿ ਸ਼ਹਿਰ ਵਿਚ ਖੁੱਲ੍ਹੇ ਅਤੇ ਹਰੇ-ਭਰੇ ਸਥਾਨ ਹੋਣ, ਤਾਂ ਕਿ ਸ਼ਹਿਰ ਵਿਚ ਹਰਿਆਲੀ ਬਣੀ ਰਹੇ। ਇਹ ਸ਼ਾਇਦ ਦੇਸ਼ ਦਾ ਇਕਮਾਤਰ ਸ਼ਹਿਰ ਹੈ, ਜਿਸ ਵਿਚ ਸੜਕਾਂ ਦੇ ਕੰਢੇ ਵੱਖ-ਵੱਖ ਕਿਸਮਾਂ ਦੇ ਦਰੱਖ਼ਤ ਲੱਗੇ ਹੋਏ ਹਨ। ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ (ਕ੍ਰਾਫਡ) ਦੇ ਚੇਅਰਮੈਨ ਹਿਤੇਸ਼ ਪੁਰੀ ਨੇ ਕਿਹਾ ਕਿ ਸ਼ਹਿਰ ਦੀਆਂ ਪਾਰਕਾਂ ਵਿਚ ਸਫ਼ਾਈ ਵਿਵਸਥਾ ਸੁਧਾਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਮੁਲਾਜ਼ਮਾਂ ਦੀ ਕਮੀ ਦੇ ਚੱਲਦੇ ਪਾਰਕਾਂ ਵਿਚ ਸਮੇਂ ’ਤੇ ਸਫ਼ਾਈ ਨਹੀਂ ਹੋ ਪਾਉਂਦੀ ਹੈ। ਉਹ ਕਈ ਵਾਰ ਨਿਗਮ ਦੇ ਸਾਹਮਣੇ ਇਹ ਮੁੱਦਾ ਉਠਾ ਚੁੱਕੇ ਹਨ। ਨਿਗਮ ਸਫ਼ਾਈ ਵਿਵਸਥਾ ਦੇ ਪ੍ਰਤੀ ਗੰਭੀਰਤਾ ਦਿਖਾ ਰਿਹਾ ਹੈ, ਜੋ ਚੰਗਾ ਕਦਮ ਹੈ। ਫੈਡਰੇਸ਼ਨ ਵਲੋਂ ਉਨ੍ਹਾਂ ਨੂੰ ਇਸ ਵਿਚ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕੁੜੀ ਦੀ ਦੋਸਤੀ ਨੇ ਕਰਵਾ ਛੱਡੀ ਤੌਬਾ-ਤੌਬਾ, ਅਜਿਹੇ ਚੱਕਰਾਂ 'ਚ ਪਾਇਆ ਕਿ ਹੁਣ ਵੇਲੇ ਨੂੰ ਪਛਤਾ ਰਿਹੈ ਸਾਬਕਾ ਫ਼ੌਜੀ
ਵੇਸਟ ਟੂ ਵੰਡਰ ਪਾਰਕ ਬਣਾ ਰਿਹਾ ਨਿਗਮ
ਵਾਰਡ ਨੰਬਰ-35 ਸੈਕਟਰ-48 ਵਿਚ ਇਕ ਵੇਸਟ ਟੂ ਵੰਡਰ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਵਿਚ ਪੂਰੇ ਪਾਰਕ ਨੂੰ ਸਿਰਫ਼ ਅਪਸਾਈਕਲ ਸਮੱਗਰੀ ਦੀ ਵਰਤੋਂ ਕਰਕੇ ਫਿਰ ਤੋਂ ਤਿਆਰ ਕੀਤਾ ਜਾ ਰਿਹਾ ਹੈ। ਗੇਟ ਤੋਂ ਲੈ ਕੇ ਰਸਤੇ ਤੱਕ, ਸਭ ਕੁੱਝ ਸੀ. ਐਂਡ ਡੀ. ਅਤੇ ਅਪਸਾਈਕਲ ਕੂੜੇ ਤੋਂ ਬਣਾਇਆ ਜਾਵੇਗਾ। ਨਾਲ ਹੀ ਨਿਗਮ ਨੇ ਪਾਰਕਾਂ ਵਿਚ 104 ਏਰੋਬਿਕ ਪਿਟਸ ਦਾ ਨਿਰਮਾਣ ਕੀਤਾ ਹੈ ਤਾਂ ਕਿ ਪਾਰਕਾਂ ਵਿਚ ਇਸਤੇਮਾਲ ਹੋਣ ਵਾਲੀ ਖਾਦ ਬਣਾਉਣ ਲਈ ਪਾਰਕਾਂ ਵਿਚ ਹੀ ਪੱਤਿਆਂ ਦੇ ਡਿੱਗਣ ਅਤੇ ਘਾਹ ਕੱਟਣ ਨਾਲ ਪੈਦਾ ਹੋਣ ਵਾਲੇ ਬਾਗਵਾਨੀ ਕੂੜੇ ਨੂੰ ਪ੍ਰੋਸੈੱਸ ਕੀਤਾ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News