ਕੈਪਟਨ ’ਤੇ ਵਰ੍ਹੇ ਚੰਦੂਮਾਜਰਾ ਤੇ ਤੋਤਾ ਸਿੰਘ, ਕਿਹਾ ‘ਝੂਠ ਬੋਲਣਾ ਮੁੱਖ ਮੰਤਰੀ ਲਈ ਆਮ ਗੱਲ’

02/09/2020 8:56:10 AM

ਚੰਡੀਗੜ੍ਹ (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਬਿਤ ਕਰ ਦਿੱਤਾ ਕਿ ਉਹ ਝੂਠੇ ਹਨ। ਉਨ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਬੋਲੇ ਝੂਠਾਂ ਨੂੰ ਸਹੀ ਠਹਿਰਾਉਣ ਲਈ ਸਰਕਾਰੀ ਨੌਕਰੀਆਂ ਦੇ ਝੂਠੇ ਅੰਕੜੇ ਪੇਸ਼ ਕਰ ਪ੍ਰਾਈਵੇਟ ਭਰਤੀ ਮੁਹਿੰਮਾਂ ਤਹਿਤ ਦਿੱਤੀਆਂ ਨੌਕਰੀਆਂ ਨੂੰ ਸਰਕਾਰੀ ਖਾਤੇ ’ਚ ਪਾ ਦਿੱਤਾ। ਇਸ ਤੋਂ ਇਲਾਵਾ ਮਨਰੇਗਾ ਤਹਿਤ ਦਿੱਤੇ ਕੰਮ ਨੂੰ ਨੌਕਰੀਆਂ ਵਾਲੇ ਅੰਕੜਿਆਂ ’ਚ ਜੋੜ ਕੇ ਸਾਬਿਤ ਕਰ ਦਿੱਤਾ ਕਿ ਉਹ ਕਿੰਨੇ ਵੱਡੇ ਝੂਠੇ ਹਨ। ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਥੇ. ਤੋਤਾ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਅਜਿਹੇ ਵਿਅਕਤੀ ਲਈ ਝੂਠ ਬੋਲਣਾ ਕਿੰਨਾ ਆਸਾਨ ਹੈ, ਜਿਹੜਾ ਦਸਮ ਪਿਤਾ ਅਤੇ ਪਾਵਨ ਸ੍ਰੀ ਗੁਟਕਾ ਸਾਹਿਬ ਦੇ ਨਾਂ ’ਤੇ ਝੂਠੀਆਂ ਸਹੁੰਆਂ ਖਾ ਚੁੱਕਾ ਹੈ। ਅਸੀਂ ਇਹ ਕਹਿਣਾ ਚਾਹਾਂਗੇ ਕਿ ਮੁੱਖ ਮੰਤਰੀ ਚਾਹੇ ਜੋ ਮਰਜ਼ੀ ਸੋਚੀ ਜਾਵੇ ਪਰ ਲੋਕ ਬੇਵਕੂਫ ਨਹੀਂ।

ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਨੇ ਮੁੱਖ ਮੰਤਰੀ ਨੂੰ ਸਿਰਫ਼ ਇਹ ਪੁੱਛਿਆ ਸੀ ਕਿ ਉਹ ਆਪਣੇ 11 ਲੱਖ ਨੌਕਰੀਆਂ ਦੇਣ ਦੇ ਦਾਅਵੇ ਨੂੰ ਸਾਬਿਤ ਕਰੇ। ਮੁੱਖ ਮੰਤਰੀ ਉਨ੍ਹਾਂ 11 ਲੱਖ ਨੌਜਵਾਨਾਂ ਦੇ ਨਾਂ, ਨੌਕਰੀਆਂ ਅਤੇ ਤਨਖਾਹਾਂ ਦੇ ਵੇਰਵਿਆਂ ਦੀ ਇਕ ਪੀ. ਡੀ. ਐੱਫ. ਫਾਈਲ ਜਾਰੀ ਕਰ ਸਕਦਾ ਸੀ। ਇਸ ਦੀ ਥਾਂ ਉਸ ਨੇ ਵਿਰੋਧੀ ਧਿਰ ਬਾਰੇ ਮਾੜੀ ਸ਼ਬਦਾਵਲੀ ਵਰਤ ਕੇ ਇਸ ਬੇਹੱਦ ਸੰਵੇਦਨਸ਼ੀਲ ਮਸਲੇ ਦਾ ਸਿਆਸੀਕਰਨ ਕਰ ਦਿੱਤਾ। ਇਕ ਮੁੱਖ ਮੰਤਰੀ ਨੂੰ ਅਜਿਹਾ ਵਿਵਹਾਰ ਸ਼ੋਭਾ ਨਹੀਂ ਦਿੰਦਾ। ਕੈ. ਅਮਰਿੰਦਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਕੁਝ ਜ਼ਰੂਰੀ ਅਸਾਮੀਆਂ ਭਰਨ ਤੋਂ ਇਲਾਵਾ ਪਿਛਲੇ 3 ਸਾਲਾਂ ਦੌਰਾਨ ਕਾਂਗਰਸ ਸਰਕਾਰ ਵਲੋਂ ਇਕ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 7.5 ਲੱਖ ਨੌਕਰੀਆਂ ਨੂੰ ਸਰਕਾਰੀ ਅੰਕੜਿਆਂ ’ਚ ਸ਼ਾਮਲ ਕਰ ਪੰਜਾਬ ਦੇ ਨੌਜਵਾਨਾਂ ਖ਼ਿਲਾਫ਼ ਆਪਣੇ ਪਾਪ ਨੂੰ ਹੋਰ ਵੱਡਾ ਕਰ ਲਿਆ ਹੈ। ਅਸੀਂ ਮੁੱਖ ਮੰਤਰੀ ਨੂੰ ਸਿਰਫ਼ ਇਕ ਗੱਲ ਪੁੱਛਣਾ ਚਾਹਾਂਗੇ ਕਿ ਤੁਹਾਡਾ ਇਸ ਵਿਚ ਕੀ ਯੋਗਦਾਨ ਹੈ?

ਪ੍ਰੋ. ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਜਦੋਂ ਤੁਸੀਂ 2002-07 ਦੌਰਾਨ ਮੁੱਖ ਮੰਤਰੀ ਸੀ ਤਾਂ ਸਿਰਫ 24,683 ਨੌਕਰੀਆਂ ਦਿੱਤੀਆਂ ਗਈਆਂ ਸਨ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ 10 ਸਾਲਾਂ ਦੌਰਾਨ 2,28,780 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ। ਇਸ ਪੀਰੀਅਡ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ 8 ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਸਨ।ਅਕਾਲੀ ਆਗੂਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਸ ਨੂੰ ਦੂਜਿਆਂ ਨੂੰ ਜ਼ਮੀਨੀ ਹਕੀਕਤਾਂ ਤੋਂ ਕੋਰੇ ਅਤੇ ਲੋਕਾਂ ਨਾਲੋਂ ਟੁੱਟੇ ਹੋਏ ਕਹਿਣ ਤੋਂ ਪਹਿਲਾਂ ਆਪਣੇ ਗਿਰੇਬਾਨ ’ਚ ਝਾਤ ਮਾਰਨੀ ਚਾਹੀਦੀ ਹੈ। ਪੰਜਾਬੀ ਸੁਖਬੀਰ ਬਾਦਲ ’ਤੇ ਨਹੀਂ ਸਗੋਂ ਮੁੱਖ ਮੰਤਰੀ ’ਤੇ ਲੋਕਾਂ ਕੋਲੋਂ ਦੂਰ ਰਹਿਣ ਦਾ ਦੋਸ਼ ਲਾਉਂਦੇ ਹਨ, ਜਿਸ ਨੇ ਪਿਛਲੇ 3 ਸਾਲਾਂ ਦੌਰਾਨ ਪੰਜਾਬ ਦੇ ਇਕ ਵੀ ਇਲਾਕੇ ’ਚ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਨਹੀਂ ਸੁਣੀਆਂ। ਆਪਣੀ ਇਸ ਗਲਤੀ ਨੂੰ ਸੁਧਾਰਨ ਦੀ ਬਜਾਏ ਤੁਸੀਂ ਇਕ ਹੋਰ ਝੂਠ ਘੜ ਰਹੇ ਹੋ।ਪ੍ਰੋ. ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਇਹ ਗੱਲ ਜਨਤਕ ਰਿਕਾਰਡ ’ਚ ਪਈ ਹੈ ਕਿ ਮੁੱਖ ਮੰਤਰੀ ਨੇ ਸਵੀਕਾਰ ਕੀਤਾ ਹੈ ਕਿ ਉਹ ਆਪਣੇ ਮੌਜੂਦਾ ਕਾਰਜਕਾਲ ਦੌਰਾਨ ‘ਘਰ-ਘਰ ਰੋਜ਼ਗਾਰ’ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਲ ਹੀ ’ਚ ਚੰਡੀਗੜ੍ਹ ਵਿਖੇ ਇਕ ਯੂਥ ਕਾਂਗਰਸ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ 5 ਸਾਲ ਹੋਰ ਮੰਗੇ ਹਨ। 


rajwinder kaur

Content Editor

Related News