ਪੰਜਾਬ 'ਚ ਇਕ ਹਫ਼ਤੇ ਦੌਰਾਨ ਕਾਰ 'ਚ ਜ਼ਿੰਦਾ ਸੜੇ 7 ਲੋਕ, ਬਣੇਗੀ ਐਡਵਾਇਜ਼ਰੀ

Saturday, Nov 21, 2020 - 10:32 AM (IST)

ਪੰਜਾਬ 'ਚ ਇਕ ਹਫ਼ਤੇ ਦੌਰਾਨ ਕਾਰ 'ਚ ਜ਼ਿੰਦਾ ਸੜੇ 7 ਲੋਕ, ਬਣੇਗੀ ਐਡਵਾਇਜ਼ਰੀ

ਚੰਡੀਗੜ੍ਹ/ਅੰਮ੍ਰਿਤਸਰ (ਰਮਨਜੀਤ): ਪਿਛਲੇ ਇਕ ਹਫ਼ਤੇ ਦੌਰਾਨ 2 ਵੱਡੀਆਂ ਘਟਨਾਵਾਂ ਨੇ ਪੰਜਾਬ ਦੇ ਹਰ ਬਾਸ਼ਿੰਦੇ ਦੇ ਮਨ ਵਿਚ ਦਹਿਸ਼ਤ ਜ਼ਰੂਰ ਭਰੀ ਹੈ। ਇਹ ਦੋਵੇਂ ਘਟਨਾਵਾਂ ਹਨ ਸੁਨਾਮ ਵਿਚ ਹਾਦਸੇ ਤੋਂ ਬਾਅਦ ਕਾਰ ਵਿਚ ਸਵਾਰ 5 ਦੋਸਤਾਂ ਦਾ ਜਿਉਂਦੇ ਸੜ ਜਾਣਾ ਅਤੇ ਦੂਜੀ ਹੈ ਹੁਸ਼ਿਆਰਪੁਰ ਦੇ ਵਕੀਲ ਅਤੇ ਉਨ੍ਹਾਂ ਦੀ ਸਹਿਯੋਗੀ ਦੀ ਇੰਜ ਹੀ ਕਾਰ ਵਿਚ ਸੜ ਕੇ ਹੋਈ ਦਰਦਨਾਕ ਮੌਤ। ਹਾਲਾਂਕਿ ਦੋਵੇਂ ਹੀ ਘਟਨਾਵਾਂ ਦੀ ਸਥਾਨਕ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਪੁਲਸ ਦੇ ਟ੍ਰੈਫਿਕ ਵਿਭਾਗ ਨੇ ਡੂੰਘੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਰਿੰਦਗੀ: ਫ਼ਾਜ਼ਿਲਕਾ ਤੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਕੁੜੀ ਨਾਲ 6 ਵਿਅਕਤੀਆਂ ਵਲੋਂ ਗੈਂਗਰੇਪ

ਇਸ ਤੋਂ ਇਲਾਵਾ ਇਸ ਮਹੀਨੇ ਦੌਰਾਨ ਚੰਡੀਗੜ੍ਹ ਘੁੰਮਣ ਪਹੁੰਚੇ ਗੁਰਦਾਸਪੁਰ ਦੇ ਇਕ 17 ਸਾਲਾ ਨੌਜਵਾਨ ਨੂੰ ਵੀ ਇੰਜ ਹੀ ਹਾਦਸੇ ਵਿਚ ਜਾਨ ਗਵਾਉਣੀ ਪਈ। ਉਥੇ ਹੀ ਕੀਰਤਪੁਰ ਸਾਹਿਬ ਕੋਲ ਇਕ ਪੁਲਸ ਅਧਿਕਾਰੀ ਦੀ ਕਾਰ ਨੂੰ ਚਲਦੇ ਸਮੇਂ ਅੱਗ ਲੱਗ ਗਈ ਪਰ ਸਮਾਂ ਰਹਿੰਦੇ ਕੀਤੇ ਗਏ ਯਤਨ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ ਵਲੋਂ ਅਜਿਹੀਆਂ ਹੀ ਘਟਨਾਵਾਂ ਦੀ ਜਾਂਚ ਦੇ ਕੰਮ ਵਿਚ ਰੋਡ ਸੇਫਟੀ, ਮੋਟਰ ਵਹੀਕਲ ਐਕਸਪਰਟ, ਟੈਕਨੀਕਲ ਅਤੇ ਮੈਕੇਨੀਕਲ ਮਾਹਿਰਾਂ ਦੀ ਸਹਾਇਤਾ ਲੈ ਕੇ ਵਿਸਥਾਰਿਤ ਜਾਂਚ ਕੀਤੀ ਜਾ ਰਹੀ ਹੈ। ਸਾਇੰਟੀਫਿਕ ਤਰੀਕੇ ਨਾਲ ਮਹੱਤਵਪੂਰਨ ਹਰ ਪਹਿਲੂ 'ਤੇ ਕੀਤੀ ਜਾਣ ਵਾਲੀ ਇਸ ਸਟੱਡੀ ਦੇ ਆਧਾਰ 'ਤੇ ਹੀ ਪੰਜਾਬ ਪੁਲਸ ਦਾ ਟ੍ਰੈਫਿਕ ਵਿੰਗ ਅੱਗੇ ਕਦਮ ਵਧਾਏਗਾ।

'ਸਟੱਡੀ ਤੋਂ ਬਾਅਦ ਹੀ ਅੱਗੇ ਵਧਾਂਗੇ : ਏ. ਡੀ. ਜੀ. ਪੀ. ਚੌਹਾਨ'
ਪੰਜਾਬ ਵਿਚ ਸੜਕ ਹਾਦਸਿਆਂ ਵਿਚ ਹਰ ਸਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਲੱਗੇ ਹੋਏ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. (ਟ੍ਰੈਫਿਕ) ਡਾ. ਸ਼ਰਦ ਸੱਤਿਆ ਚੌਹਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਹਨਾਂ ਵਿਚ ਅੱਗ ਲੱਗਣ ਅਤੇ ਮੁਸਾਫਰਾਂ ਦੇ ਜ਼ਿੰਦਾ ਸੜਨ ਵਰਗੀਆਂ ਘਟਨਾਵਾਂ ਦੀ ਮੋਟਰ ਵਹੀਕਲ ਐਕਟ ਦੀ ਧਾਰਾ 135 ਤਹਿਤ ਸਟੱਡੀ ਕਰਨ ਲਈ ਕਿਹਾ ਹੈ। ਅਜਿਹੀਆਂ ਘਟਨਾਵਾਂ ਪਿੱਛੇ ਮੁੱਖ ਕਾਰਨ ਕੀ ਰਹੇ ਅਤੇ ਉਨ੍ਹਾਂ ਲਈ ਸਹਾਇਕ ਮਾਹੌਲ ਕਿਵੇਂ ਬਣਿਆ, ਮੁਸਾਫ਼ਰਾਂ ਕੋਲ ਕਿੰਨਾ ਰੀਐਕਸ਼ਨ ਸਮਾਂ ਸੀ ਅਤੇ ਕੀ ਅਜਿਹੇ ਹਾਦਸਿਆਂ ਵਿਚ ਕੋਈ ਆਮ ਕਾਰਨ ਸੀ? ਇੰਜ ਦੇ ਕਈ ਸਵਾਲਾਂ ਦੇ ਜਵਾਬ ਲੱਭਣ ਅਤੇ ਉਨ੍ਹਾਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਉਮੀਦ ਹੈ ਕਿ ਇਕ ਮਹੀਨੇ ਅੰਦਰ ਟੀਮ ਵਲੋਂ ਆਪਣੀ ਜਾਂਚ ਅਤੇ ਸਟੱਡੀ ਰਿਪੋਰਟ ਦੇ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਕਿਹੜੀਆਂ ਚੀਜ਼ਾ ਨੂੰ ਰੈਗੂਲਰਾਈਜ਼ ਕਰਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ: ਕਪੂਰਥਲਾ 'ਚ ਮਾਨਸਿਕ ਤੌਰ 'ਤੇ ਬੀਮਾਰ ਕੁੜੀ ਨਾਲ ਜਬਰ-ਜ਼ਿਨਾਹ

'ਰੋਡ ਸੇਫਟੀ ਤੋਂ ਲੈ ਕੇ ਮੈਕੇਨੀਕਲ, ਕੁਝ ਵੀ ਹੋ ਸਕਦਾ ਹੈ ਕਾਰਨ : ਨਵਦੀਪ'
ਪੰਜਾਬ ਵਿਚ ਰੋਡ ਸੇਫਟੀ ਲਈ ਤਾਇਨਾਤ ਐਡਵਾਈਜ਼ਰ ਨਵਦੀਪ ਅਸੀਜਾ ਨੇ ਕਿਹਾ ਕਿ ਤਾਜ਼ਾ ਘਟਨਾਵਾਂ ਦੁੱਖਦਾਈ ਹਨ ਅਤੇ ਇਨ੍ਹਾਂ ਦਾ ਕਾਰਨ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਸੀਜਾ ਨੇ ਕਿਹਾ ਕਿ ਹਾਲੇ ਜਾਂਚ ਬਿਲਕੁਲ ਹੀ ਸ਼ੁਰੂਆਤੀ ਦੌਰ ਵਿਚ ਹੈ ਇਸ ਲਈ ਕੁਝ ਵੀ ਸਟੀਕ ਨਹੀਂ ਕਿਹਾ ਜਾ ਸਕਦਾ ਪਰ ਇਹ ਜ਼ਰੂਰ ਹੈ ਕਿ ਵਾਹਨਾਂ ਵਿਚ ਅੱਗ ਲੱਗਣ ਦਾ ਕਾਰਨ ਈਂਧਨ ਦੀ ਲੀਕੇਜ ਅਤੇ ਸਪਾਰਕ ਨਾਲ ਜੁੜਿਆ ਹੈ ਕਿਉਂਕਿ ਬਿਨਾਂ ਚਿੰਗਿਆੜੀ ਦੇ ਅੱਗ ਨਹੀਂ ਲੱਗ ਸਕਦੀ। ਚਿੰਗਿਆੜੀ ਗੱਡੀ ਦੀ ਵਾਇਰਿੰਗ ਤੋਂ ਵੀ ਹੋ ਸਕਦੀ ਹੈ ਅਤੇ ਕਈ ਵਾਰ ਮੁਸਾਫ਼ਰ ਵਲੋਂ ਕੀਤੀ ਜਾ ਰਹੀ ਸਮੋਕਿੰਗ ਨਾਲ ਵੀ। ਓਵਰ ਸਪੀਡ ਅਜਿਹੇ ਹਾਦਸਿਆਂ ਦੇ ਮੁੱਖ ਕਾਰਣਾਂ ਵਿਚ ਸ਼ੁਮਾਰ ਹੋ ਸਕਦੀ ਹੈ।

'ਸਕੂਲ ਵੈਨ ਵਿਚ ਜਿਉਂਦੇ ਸੜ ਗਏ ਸਨ ਮਾਸੂਮ'

ਸੰਗਰੂਰ ਜ਼ਿਲੇ ਦੇ ਲੌਂਗੋਵਾਲ ਦੇ ਨੇੜੇ ਇਸ ਸਾਲ ਫਰਵਰੀ ਵਿਚ ਹੋਏ ਇਕ ਦਰਦਨਾਕ ਹਾਦਸੇ ਵਿਚ 4 ਮਾਸੂਮਾਂ ਦੀ ਸਕੂਲ ਵੈਨ ਵਿਚ ਲੱਗੀ ਅੱਗ ਨੇ ਜ਼ਿੰਦਗੀਆਂ ਨਿਗਲ ਲਈਆਂ ਸਨ। ਹਾਦਸੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹੀ ਉਹ ਘਟਨਾ ਸੀ, ਜਿਸ ਤੋਂ ਬਾਅਦ ਰਾਜ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ ਜੰਗੀ ਪੱਧਰ 'ਤੇ ਸਕੂਲ ਵੈਨ ਚੈਕਿੰਗ ਦੀ ਮੁਹਿੰਮ ਚਲਾਈ ਸੀ ਅਤੇ ਸੈਂਕੜਿਆਂ ਸਕੂਲ ਵਾਹਨਾਂ ਨੂੰ ਕੰਡਮ ਸਥਿਤੀ ਜਾਂ ਨਿਯਮਾਂ ਦੇ ਉਲਟ ਸੜਕਾਂ 'ਤੇ ਭੱਜਦੇ ਪਾਇਆ ਗਿਆ ਸੀ।

ਇਹ ਵੀ ਪੜ੍ਹੋ :  ਸਿੱਖਿਆ ਵਿਭਾਗ ਵਲੋਂ ਅਧਿਕਾਰੀਆਂ ਦੀ ਸ਼ਿਫਟਿੰਗ, ਉਪ ਜ਼ਿਲ੍ਹਾ ਸਿੱਖਿਆ ਦੇ ਅਹੁਦਿਆਂ ਦੀ ਛਾਂਟੀ ਸ਼ੁਰੂ

'ਬਚਾਅ ਲਈ ਇਹ ਬਣ ਸਕਦੇ ਹਨ ਸਾਧਨ'
ਹਾਲਾਂਕਿ ਹੁਣ ਇਨ੍ਹਾਂ ਘਟਨਾਵਾਂ ਦੀ ਸਟੱਡੀ ਕੀਤੀ ਜਾਣੀ ਹੈ ਅਤੇ ਇਨ੍ਹਾਂ ਦੇ ਕਾਰਨ ਦਾ ਪਤਾ ਲਾਇਆ ਜਾਣਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਅਜਿਹੀਆਂ ਗੱਲਾਂ ਹਨ, ਜੋ ਅਜਿਹੇ ਹਾਦਸਿਆਂ ਵਿਚ ਜ਼ਿੰਦਗੀਆਂ ਬਚਾਉਣ ਵਿਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ ਹਨ।

ਮਾਲੇਰਕੋਟਲਾ ਵਿਚ ਇੰਦਰਜੀਤ ਮੋਟਰਜ਼ ਦੇ ਮਾਲਕ ਅਤੇ ਕਾਰਾਂ ਦੇ ਇੰਜਨ ਕੰਟਰੋਲ ਮਾਡਿਊਲ (ਈ. ਸੀ. ਐੱਮ.) ਦੇ ਮਾਹਰ ਇੰਦਰਜੀਤ ਸਿੰਘ ਕਹਿੰਦੇ ਹਨ ਕਿ ਆਧੁਨਿਕ ਵਾਹਨ ਕਈ ਤਰ੍ਹਾਂ ਦੇ ਸੈਂਸਰਾਂ ਨਾਲ ਲੈਸ ਹੁੰਦੇ ਹਨ ਅਤੇ ਕਈ ਸਿਸਟਮ ਆਟੋਮੈਟਿਕਲੀ ਆਪਰੇਟ ਹੁੰਦੇ ਹਨ। ਕਈ ਵਾਰ ਮੁਸਾਫ਼ਰ ਸੇਫਟੀ ਫੀਚਰਜ਼ ਵੀ ਖਤਰੇ ਦਾ ਕਾਰਨ ਸਾਬਤ ਹੁੰਦੇ ਹਨ, ਮਿਸਾਲ ਦੇ ਤੌਰ 'ਤੇ ਹਾਦਸੇ ਸਮੇਂ ਏਅਰਬੈਗ ਮੁਸਾਫ਼ਰ ਅਤੇ ਡਰਾਈਵਰ ਸੇਫਟੀ ਲਈ ਖੁੱਲ੍ਹਦੇ ਹਨ ਪਰ ਕਾਰ ਵਿਚ ਅੱਗ ਲੱਗਣ ਵਰਗੀ ਘਟਨਾ ਦੌਰਾਨ ਇਹੀ ਏਅਰਬੈਗ ਮੁਸਾਫ਼ਰ ਦੇ ਰੀਐਕਸ਼ਨ ਸਮੇਂ ਨੂੰ ਵਧਾ ਦਿੰਦੇ ਹਨ ਅਤੇ ਉਨ੍ਹਾਂ ਦੇ ਕਾਰ 'ਚੋਂ ਨਿਕਲਣ ਵਿਚ ਰੁਕਾਵਟ ਵੀ ਬਣਦੇ ਹਨ।

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ

ਕਾਰ ਦਾ ਸੈਂਟਰ ਲਾਕਿੰਗ ਸਿਸਟਮ ਵੀ ਸਹੂਲਤ ਲਈ ਹੈ ਪਰ ਸਰਕਿਟ ਬ੍ਰੇਕ ਹੋਣ 'ਤੇ ਇਹ ਘਾਤਕ ਸਾਬਤ ਹੋ ਸਕਦਾ ਹੈ। ਹਾਦਸੇ ਦੇ ਸਮੇਂ ਕਈ ਵਾਰ ਕਾਰ ਵਿਚ ਸਵਾਰ ਲੋਕ ਸੱਟ ਕਾਰਨ ਜਾਂ ਬੇਹੋਸ਼ੀ ਕਾਰਨ ਅੰਦਰ ਫਸ ਸਕਦੇ ਹਨ ਅਤੇ ਸੈਂਟਰ ਲਾਕਿੰਗ ਸਿਸਟਮ ਸਹਾਇਤਾ ਲਈ ਪਹੁੰਚੇ ਲੋਕਾਂ ਨੂੰ ਜ਼ਖ਼ਮੀਆਂ ਤੱਕ ਪਹੁੰਚਣ ਵਿਚ ਰੁਕਾਵਟ ਬਣ ਜਾਂਦਾ ਹੈ। ਅਜਿਹਾ ਵੀ ਹੁੰਦਾ ਹੈ ਕਿ ਹਾਦਸੇ ਤੋਂ ਬਾਅਦ ਹਲਕੀ ਸੱਟ ਲੱਗਣ ਦੇ ਬਾਵਜੂਦ ਕਈ ਵਾਰ ਲੋਕ ਹੜਬੜਾਹਟ ਕਾਰਨ ਕਾਰ 'ਚੋਂ ਬਾਹਰ ਨਹੀਂ ਨਿਕਲ ਪਾਉਂਦੇ ਅਤੇ ਸੈਂਟਰ ਲਾਕ ਕਾਰਨ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕਿਵੇਂ ਬਾਹਰ ਨਿਕਲਣ। ਇੰਦਰਜੀਤ ਕਹਿੰਦੇ ਹਨ ਕਿ ਕਾਰ ਵਿਚ ਸਫਰ ਕਰਨ ਵਾਲੇ ਹਰ ਮੁਸਾਫ਼ਰ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸੈਂਟਰ ਲਾਕ ਸਿਸਟਮ ਫੇਲ ਹੋਣ ਦੀ ਸਥਿਤੀ ਵਿਚ ਜੇਕਰ ਜ਼ੋਖਮ ਬਹੁਤ ਜ਼ਿਆਦਾ ਹੋ ਤਾਂ ਕਾਰ ਸੀਟਾਂ 'ਤੇ ਲੱਗੇ ਹੈੱਡ-ਰੈਸਟ ਕੱਢਕੇ ਉਨ੍ਹਾਂ ਦੇ ਸਪਾਈਕਸ ਨਾਲ ਸ਼ੀਸ਼ਾ ਤੋੜ ਕੇ ਬਾਹਰ ਨਿਕਲਿਆ ਜਾ ਸਕਦਾ ਹੈ।

'ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ'
-ਵਾਹਨ ਦੇ ਆਧਿਕਾਰਿਕ ਈਂਧਣ ਨਾਲ ਛੇੜਛਾੜ ਨਾ ਕੀਤੀ ਜਾਵੇ। ਲਾਗਤ ਘੱਟ ਕਰਨ ਲਈ ਅਣਅਧਿਕਾਰਿਕ ਤਰੀਕੇ ਨਾਲ ਗੈਸ ਕਿੱਟਾਂ ਫਿਟ ਨਾ ਕਰਵਾਈਆਂ ਜਾਣ।
-ਸਫ਼ਰ ਕਰਦੇ ਸਮੇਂ ਵਾਹਨ ਦੇ ਅੰਦਰ ਸਿਗਰੇਟ ਪੀਣ ਦੀ ਮਨਾਹੀ ਦੇ ਨਿਯਮ ਦੀ ਉਲੰਘਣਾ ਨਾ ਕੀਤੀ ਜਾਵੇ।
-ਵਾਹਨ ਦੇ ਅੰਦਰ ਅਣਅਧਿਕਾਰਿਕ ਅਤੇ ਬੇਲੌੜੀ ਮੋਡੀਫਿਕੇਸ਼ਨ ਨਾ ਕਰਵਾਈ ਜਾਵੇ। ਮਿਊਜ਼ਿਕ ਸਿਸਟਮ ਵਰਗੀ ਆਮ ਮੋਡੀਫਿਕੇਸ਼ਨ ਵੀ ਵਾਇਰਿੰਗ ਵਿਚ ਸਪਾਰਕ ਦੇ ਖਤਰੇ ਨੂੰ ਕਈ ਗੁਣਾ ਤੱਕ ਵਧਾ ਦਿੰਦੀ ਹੈ।
-ਹਾਦਸੇ ਦੇ ਸਮੇਂ ਜੇਕਰ ਜ਼ਰੂਰੀ ਹੋਵੇ ਤਾਂ ਕਿਸੇ ਵੀ ਤਿੱਖੀ ਚੀਜ਼, ਹੈੱਡ ਰੈਸਟ ਦੇ ਸਰੀਏੇ ਆਦਿ ਨਾਲ ਸ਼ੀਸ਼ਾ ਤੋੜਕੇ ਬਾਹਰ ਨਿਕਲਣ ਦਾ ਰਾਹ ਬਣਾ ਲਿਆ ਜਾਵੇ।
 


author

Baljeet Kaur

Content Editor

Related News