ਸਿੱਧੂ ''ਤੇ ਬਿਜਲੀ ਸੁੱਟਣ ਤੋਂ ਬਾਅਦ ਕੈਪਟਨ ਨੇ ਐਲਾਨਿਆ ਨਵਾਂ ਬਿਜਲੀ ਮੰਤਰੀ (ਵੀਡੀਓ)

Sunday, Jul 21, 2019 - 06:41 PM (IST)

ਚੰਡੀਗੜ੍ਹ (ਬਿਊਰੋ) - ਪੰਜਾਬ ਵਜ਼ਾਰਤ 'ਚੋਂ ਨਵਜੋਤ ਸਿੰਘ ਸਿੱਧੂ ਦੀ ਛਾਂਟੀ ਹੋ ਜਾਣ ਤੋਂ ਬਾਅਦ ਬਿਜਲੀ ਮੰਤਰੀ ਦੀ ਖਾਲੀ ਕੁਰਸੀ 'ਤੇ ਕੌਣ ਬੈਠੇਗਾ, ਇਹੀ ਗੱਲ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਰਸੀ ਦੀ ਇਸ ਦੌੜ 'ਚ ਕਈ ਆਗੂ ਸ਼ਾਮਲ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਦੀ ਕੁਰਸੀ ਲਈ ਦੌੜ ਲਾ ਰਹੇ ਸਾਰੇ ਆਗੂਆਂ ਨੂੰ ਝਟਕਾ ਦਿੰਦੇ ਹੋਏ ਹਾਲ ਹੀ ਦੀ ਘੜੀ 'ਚ ਖੁਦ ਬਿਜਲੀ ਮੰਤਰਾਲਾ ਸੰਭਾਲਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਸਾਰੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠਕੁਰਾਲ ਵਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਲਿਖਿਆ ਕਿ ਗਵਰਨਰ ਵੀ.ਪੀ. ਬਦਨੌਰ ਵਲੋਂ ਵੀ ਨਵਜੋਤ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ, ਜਿਸ ਸਦਕਾ ਬਿਜਲੀ ਮੰਤਰਾਲਾ ਫਿਲਹਾਲ ਦੇ ਲਈ ਮੁੱਖ ਮੰਤਰੀ ਕੋਲ ਹੀ ਰਹੇਗਾ। 

ਦੱਸ ਦੇਈਏ ਕਿ ਵਿਧਾਇਕ ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਰਾਕੇਸ਼ ਪਾਂਡੇ. ਡਾ. ਰਾਜਕੁਰਮਾਰ ਵੇਰਕਾ ਬਿਜਲੀ ਮੰਤਰੀ ਦੀ ਖਾਲੀ ਕੁਰਸੀ ਲੈਣ ਲਈ ਆਪਣਾ ਜ਼ੋਰ ਅਜ਼ਮਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕੈਪਟਨ ਦੇ ਕਰੀਬੀ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਵੀ ਮੁੜ ਤੋਂ ਇਸ ਦਾ ਮੰਤਰੀ ਬਣਨ ਲਈ ਪੂਰੀ ਵਾਹ ਲਗਾ ਰਹੇ ਹਨ। ਦੂਜੇ ਪਾਸੇ ਉਮੀਦ ਜਤਾਈ ਜਾ ਰਹੀ ਹੈ ਕਿ ਕਾਂਗਰਸ ਦਾ ਨਵਾਂ ਕੌਮੀ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਹੀ ਪੰਜਾਬ ਨੂੰ ਨਵਾਂ ਬਿਜਲੀ ਮੰਤਰੀ ਮਿਲ ਸਕਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ 'ਚ ਫੇਰ ਬਦਲ ਤੋਂ ਬਾਅਦ ਮੰਤਰਾਲਾ ਖੋਹੇ ਜਾਣ ਕਾਰਨ ਨਵਜੋਤ ਸਿੰਘ ਸਿੱਧੂ ਨਾਰਾਜ਼ ਸਨ, ਜਿਸ ਕਾਰਨ ਉਨ੍ਹਾਂ ਨੇ 15 ਜੁਲਾਈ ਨੂੰ ਪੰਜਾਬ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣੇ ਅਸਤੀਫੇ ਦੀ ਜਾਣਕਾਰੀ ਟਵਿੱਟਰ 'ਤੇ ਸਾਂਝੀ ਕੀਤੀ ਸੀ। ਸਿੱਧੂ ਮੁਤਾਬਕ ਉਸ ਨੇ 10 ਜੂਨ ਨੂੰ ਹੀ ਪੰਜਾਬ ਮੰਤਰੀ ਮੰਡਲ 'ਚੋਂ ਆਪਣਾ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਬਕਾਇਦਾ ਰਾਹੁਲ ਗਾਂਧੀ ਨੂੰ ਇਹ ਅਸਤੀਫਾ ਸੌਂਪਿਆ ਸੀ।


author

rajwinder kaur

Content Editor

Related News