ਨੌਕਰੀਆਂ ਦੇਣ ਦੇ ਬਿਆਨ ’ਤੇ ਵਿਰੋਧੀ ਧਿਰਾਂ ਨੇ ਘੇਰੇ ਕੈਪਟਨ ਅਮਰਿੰਦਰ ਸਿੰਘ
Friday, Feb 07, 2020 - 02:12 PM (IST)
ਚੰਡੀਗੜ੍ਹ - 8 ਫਰਵਰੀ 2020 ਨੂੰ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੌਰਾਨ ਵਿਰੋਧੀ ਧਿਰਾਂ ਵਲੋਂ ਦਿੱਤੇ ਜਾ ਰਹੇ ਵੱਖ-ਵੱਖ ਬਿਆਨਾਂ ਦੇ ਕਾਰਨ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਦਿੱਲੀ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਇਕ ਬਿਆਨ ਦੇ ਕਾਰਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਜਾਣਕਾਰੀ ਅਨੁਸਾਰ ਕੈਪਟਨ ਵਿਧਾਨ ਸਭਾ ਖੇਤਰ ਹਰਿ ਨਗਰ ਤੋਂ ਖੜ੍ਹੇ ਹੋਏ ਕਾਂਗਰਸੀ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਨ ਦਿੱਲੀ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦਿੱਲੀ ਸਰਕਾਰ ਦੇ ਮੁਕਾਬਲੇ ਪੰਜਾਬ ਸਰਕਾਰ ਦੇ ਕੰਮ ਗਿਣਵਾ ਦਿੱਤੇ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ’ਚ ਕੈਪਟਨ ਦਿੱਲੀ ਅਤੇ ਪੰਜਾਬ ਸਰਕਾਰ ਦੇ ਕੰਮਾਂ ਦੀ ਤੁਲਨਾ ਕਰਦੇ ਹੋਏ ਪੰਜਾਬ ’ਚ 11 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਦਾਅਵਾ ਕਰ ਰਹੇ ਹਨ। ਕੈਪਟਨ ਦੇ ਇਸ ਦਾਅਵੇ ’ਤੇ ਵਿਰੋਧੀ ਧਿਰ ਦੇ ਲੋਕ ਉਨ੍ਹਾਂ ’ਤੇ ਨਿਸ਼ਾਨਾ ਵਿਨ੍ਹ ਰਹੇ ਹਨ।
ਝੂਠ ਬੋਲਣ ’ਤੇ ਕੈਪਟਨ ਖਿਲਾਫ ਮਾਮਲਾ ਦਰਜ ਹੋਵੇ : ਸੁਖਬੀਰ
ਕੈਪਟਨ ਦੀ ਵਾਇਰਲ ਵੀਡੀਓ ’ਤੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸ਼ਰੇਆਮ ਝੂਠ ਬੋਲ ਕੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਸਾਹਮਣੇ 11 ਲੱਖ ਨੌਕਰੀਆਂ ਦੇ ਅੰਕੜੇ ਪੇਸ਼ ਕਰ ਰਹੇ ਹਨ। ਪ੍ਰਚਾਰ ਦੌਰਾਨ ਝੂਠ ਬੋਲਣ ’ਤੇ ਚੋਣ ਆਯੋਗ ਨੂੰ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਨਾ ਚਾਹੀਦਾ ਹੈ।
ਝੂਠ ਬੋਲਣ ’ਤੇ ਮੁਆਫੀ ਮੰਗਣ ਕੈਪਟਨ : ਚੀਮਾ
ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਦੌਰਾਨ ਝੂਠ ਬੋਲਣ ’ਤੇ ਮੁਆਫੀ ਮੰਗਣੀ ਚਾਹੀਦੀ ਹੈ। ਕੈਪਟਨ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਨ੍ਹੇ ਕੁ ਲੋਕਾਂ ਨੂੰ ਨੌਕਰੀ ਦਿੱਤੀ ਹੈ।
ਕੈਪਟਨ ਦਾ ਦਾਅਵਾ ਝੂਠਾ : ਭੂੰਦੜ
ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਵੱਡੇ-ਵੱਡੇ ਝੂਠ ਬੋਲ ਕੇ ਆਏ ਹਨ। ਕੈਪਟਨ ਵਲੋਂ ਨੌਜਵਾਨਾਂ ਨੂੰ 11 ਲੱਖ ਨੌਕਰੀਆਂ ਦੇਣ ਦਾ ਕੀਤਾ ਦਾਅਵਾ ਵੀ ਝੂਠਾ ਹੈ। ਭੂੰਦੜ ਨੇ ਕਿਹਾ ਕਿ ਕੈਪਟਨ ਸਿਰਫ 11 ਹਜ਼ਾਰ ਨੌਕਰੀਆਂ ਹੀ ਗਿਣਵਾ ਦੇਣ ਕਿ ਉਨ੍ਹਾਂ ਨੇ ਕਿਹੜੇ ਨੌਜਵਾਨਾਂ ਨੂੰ ਦਿੱਤੀਆਂ ਹਨ।