ਹੁਣ ਕੈਦੀ ਜੇਲ੍ਹ 'ਚ ਨਹੀਂ ਲੁਕਾ ਸਕਣਗੇ ਮੋਬਾਇਲ, 3 ਮੀਟਰ ਹੇਠਾਂ ਲੁਕਾਏ ਗੈਜਟ ਦਾ ਵੀ ਲੱਗ ਜਾਵੇਗਾ ਪਤਾ

Monday, Oct 30, 2023 - 03:55 PM (IST)

ਹੁਣ ਕੈਦੀ ਜੇਲ੍ਹ 'ਚ ਨਹੀਂ ਲੁਕਾ ਸਕਣਗੇ ਮੋਬਾਇਲ, 3 ਮੀਟਰ ਹੇਠਾਂ ਲੁਕਾਏ ਗੈਜਟ ਦਾ ਵੀ ਲੱਗ ਜਾਵੇਗਾ ਪਤਾ

ਚੰਡੀਗੜ੍ਹ (ਸੰਦੀਪ) : ਜੇਲ੍ਹ 'ਚ ਬੰਦੀਆਂ ਤੋਂ ਮੋਬਾਇਲ ਫੋਨ ਅਤੇ ਸਿਮ ਕਾਰਡ ਮਿਲਣ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਜੇਲ੍ਹ ਪ੍ਰਸ਼ਾਸਨ ਹੁਣ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਐੱਨ. ਐੱਲ. ਜੇ. ਡੀ. (ਨਾਨ ਲੀਨੀਅਰ ਜੰਕਸ਼ਨ ਡਿਟੈਕਟਰ) ਖ਼ਰੀਦ ਰਿਹਾ ਹੈ। ਜੇਲ੍ਹ ਦੇ ਸੁਰੱਖਿਆ ਉਪਕਰਨਾਂ 'ਚ ਸ਼ਾਮਲ ਹੋਣ ਨਾਲ ਇਹ ਯੰਤਰ ਬੈਰਕ ਦੇ ਅੰਦਰ ਜ਼ਮੀਨ ਹੇਠਾਂ ਲੁਕੇ ਮੋਬਾਇਲਾਂ ਅਤੇ ਹੋਰ ਗੈਜੇਟਾਂ ਦਾ ਤੁਰੰਤ ਪਤਾ ਲਾ ਲਵੇਗਾ। ਇਸ ਤਰ੍ਹਾਂ ਹੁਣ ਕੈਦੀ ਜੇਲ੍ਹ ਦੇ ਕਿਸੇ ਵੀ ਹਿੱਸੇ 'ਚ ਮੋਬਾਇਲ ਫ਼ੋਨ, ਚਾਰਜਰ, ਸਿਮ ਕਾਰਡ ਅਤੇ ਹੋਰ ਯੰਤਰ ਨਹੀਂ ਲੁਕਾ ਸਕਣਗੇ। ਲੱਖਾਂ ਰੁਪਏ ਦੀ ਲਾਗਤ ਨਾਲ ਖ਼ਰੀਦੀ ਗਈ ਐੱਨ. ਐੱਲ. ਜੇ. ਡੀ. ਦੇ ਆਧਾਰ ’ਤੇ ਜੇਲ੍ਹ ਪ੍ਰਸ਼ਾਸਨ ਹੁਣ ਜੇਲ੍ਹ 'ਚ ਲੁਕੇ ਗੈਜੇਟਸ ਦਾ ਪਤਾ ਲਾ ਕੇ ਅਪਰਾਧ ’ਤੇ ਲਗਾਮ ਕੱਸਣ ਦਾ ਕੰਮ ਕਰੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਬਦਲ ਰਹੀ ਤਸਵੀਰ, ਲੱਖਾਂ ਰੁਪਏ ਕਮਾਉਣ ਦਾ ਸਾਧਨ ਬਣ ਰਹੀ 'ਪਰਾਲੀ'
ਸਮਰੱਥਾ ਅਨੁਸਾਰ ਹੁੰਦੀ ਹੈ ਕੀਮਤ
ਜਾਣਕਾਰੀ ਅਨੁਸਾਰ ਐੱਨ. ਐੱਲ. ਜੇ. ਡੀ. ਇਕ ਉਹ ਯੰਤਰ ਹੈ, ਜੋ ਮੋਬਾਇਲ, ਚਾਰਜਰ, ਸਿਮ ਕਾਰਡ ਅਤੇ ਹੋਰ ਇਲੈਕਟ੍ਰੋਨਿਕ ਯੰਤਰਾਂ ਦਾ ਪਤਾ ਲਾਉਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਇਹ ਯੰਤਰ ਇੰਨਾ ਸ਼ਕਤੀਸ਼ਾਲੀ ਹੈ ਕਿ ਜੇਕਰ ਕੋਈ ਕੈਦੀ ਕਿਸੇ ਵੀ ਯੰਤਰ ਨੂੰ ਜ਼ਮੀਨ ਦੇ 3 ਮੀਟਰ ਹੇਠਾਂ ਦੱਬ ਕੇ ਵੀ ਲੁਕਾ ਦਿੰਦਾ ਹੈ ਤਾਂ ਉਸ ਦਾ ਤੁਰੰਤ ਪਤਾ ਲੱਗ ਜਾਵੇਗਾ। ਇਸ ਤਰ੍ਹਾਂ ਬੈਰਕਾਂ ਅਤੇ ਹੋਰ ਥਾਵਾਂ ’ਤੇ ਲੁਕਾਏ ਗਏ ਯੰਤਰ ਤੁਰੰਤ ਜਾਂਚ ਟੀਮ ਵਲੋਂ ਫੜ੍ਹ ਲਏ ਜਾਣਗੇ। ਇਸ ਲਈ ਜੇਲ੍ਹ ਪ੍ਰਸ਼ਾਸਨ ਹੁਣ ਇਸ ਉਪਕਰਨ ਦੇ ਆਧਾਰ ’ਤੇ ਜੇਲ੍ਹ ਦੀ ਸੁਰੱਖਿਆ ਹੋਰ ਮਜ਼ਬੂਤ ਬਣਾਉਣ ਦਾ ਦਾਅਵਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪਟਵਾਰੀ ਦੇ ਦਫ਼ਤਰ 'ਚ ਅਚਾਨਕ ਪੁੱਜੇ MLA ਦਿਆਲਪੁਰਾ, ਨੰਬਰਦਾਰ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜ੍ਹਿਆ
ਮਹਿਲਾ ਕੈਦੀ ਤੋਂ ਮਿਲਿਆ ਸੀ ਮੋਬਾਇਲ
ਕੁਝ ਸਮਾਂ ਪਹਿਲਾਂ ਜੇਲ੍ਹ 'ਚ ਇਕ ਮਹਿਲਾ ਕੈਦੀ ਕੋਲੋਂ ਮੋਬਾਇਲ ਫੋਨ ਬਰਾਮਦ ਹੋਇਆ ਸੀ, ਜਦੋਂ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੁਰੱਖਿਆ ਟੀਮ ਕੈਦੀਆਂ ਦੀਆਂ ਬੈਰਕਾਂ ਵਿਚੋਂ ਮੋਬਾਇਲ ਫ਼ੋਨ, ਸਿਮ ਕਾਰਡ ਅਤੇ ਚਾਰਜਰ ਬਰਾਮਦ ਕਰ ਚੁੱਕੀ ਹੈ। ਇਸ ਘਟਨਾ ਸਬੰਧੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਕੈਦੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਂਦੇ ਹਨ, ਜਿਨ੍ਹਾਂ ਤੋਂ ਇਹ ਮੋਬਾਇਲ ਅਤੇ ਸਾਮਾਨ ਬਰਾਮਦ ਹੋਇਆ ਹੈ, ਉਥੇ ਹੀ ਕੁਝ ਮਾਮਲਿਆਂ ਵਿਚ ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਜੇਲ੍ਹ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਸਜ਼ਾਵਾਂ ਵੀ ਦਿੱਤੀਆਂ ਹਨ ਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News