ਵਿਧਵਾ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਆਤਮ-ਹੱਤਿਆ
Saturday, Mar 16, 2019 - 04:48 AM (IST)
ਚੰਡੀਗੜ੍ਹ (ਅਮਰਦੀਪ, ਰਣਬੀਰ)–ਖਰਡ਼ ਦੇ ਗਿਲਕੋ ਹਾਈਟਸ ਫਲੈਟਾਂ ਵਿਚ ਇਕ ਵਿਧਵਾ ਨੇ ਆਪਣੇ ਭਰਾਵਾਂ ਅਤੇ ਭਤੀਜਿਆਂ ਤੋਂ ਦੁਖੀ ਹੋ ਕੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਜਾਂਚ ਅਧਿਕਾਰੀ ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਸੰਤੋਸ਼ ਰਾਣੀ ਪਤਨੀ ਸਵਰਗੀ ਪ੍ਰਸ਼ੋਤਮ ਕੁਮਾਰ ਜੋ ਕਿ ਕਿਰਾਏ ਦੇ ਫਲੈਟ ਵਿਚ ਇਕੱਲੀ ਰਹਿ ਰਹੀ ਸੀ, ਉਸਦੇ ਭਰਾਵਾਂ ਅਤੇ ਭਤੀਜਿਆਂ ਵਲੋਂ ਉਸਦੀ ਸਾਰੀ ਪ੍ਰਾਪਰਟੀ ਵੇਚ ਕੇ ਉਸਨੂੰ ਲਾਚਾਰ ਕਰ ਦਿੱਤਾ ਸੀ ਅਤੇ ਉਹ ਵਧੇਰੇ ਮਾਨਸਿਕ ਤਣਾਅ ਵਿਚ ਰਹਿੰਦੀ ਸੀ। ਪੁਲਸ ਅਨੁਸਾਰ ਸੰਤੋਸ਼ ਰਾਣੀ ਦੇ ਕੋਈ ਸੰਤਾਨ ਨਹੀਂ ਸੀ ਅਤੇ ਉਸਦੇ ਪਤੀ ਨੇ ਮਰਨ ਤੋਂ ਪਹਿਲਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਾਰੀ ਪ੍ਰਾਪਰਟੀ ਦੀ ਪਾਵਰ ਆਫ ਅਟਾਰਨੀ ਆਪਣੇ ਸਾਲੇ ਦੇ ਨਾਮ ’ਤੇ ਕਰ ਦਿੱਤੀ ਸੀ ਕਿ ਉਹ ਆਪਣੀ ਭੈਣ ਦਾ ਖਿਆਲ ਰੱਖੇ ਪਰ ਭਰਾ ਅਤੇ ਉਸਦੇ ਭਤੀਜਿਆਂ ਨੇ ਮਿਲ ਕੇ ਸੰਤੋਸ਼ ਰਾਣੀ ਦੀ ਸਾਰੀ ਪ੍ਰਾਪਰਟੀ ਵੇਚ ਦਿੱਤੀ ਅਤੇ ਲਾਚਾਰ ਸੰਤੋਸ਼ ਰਾਣੀ ਆਪਣੇ ਪਤੀ ਦੀ ਮਿਲਦੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਅਤੇ ਪ੍ਰੇਸ਼ਾਨ ਰਹਿੰਦੀ ਸੀ। ਅੱਜ ਇਸ ਮਾਮਲੇ ਵਿਚ ਚੱਲਦੇ ਕੇਸ ਦੀ ਤਰੀਕ ਹੋਣ ਤੋਂ ਪਹਿਲਾਂ ਹੀ ਸੰਤੋਸ਼ ਰਾਣੀ ਨੇ ਆਪਣੇ ਭਰਾ, ਭਤੀਜਿਆਂ ਤੋਂ ਦੁਖੀ ਹੋ ਕੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ । ਮੌਕੇ ’ਤੇ ਐੱਸ. ਐੱਚ. ਓ. ਥਾਣਾ ਸਿਟੀ ਇੰਸਪੈਕਟਰ ਭਗਵੰਤ ਸਿੰਘ ਰਿਆਡ਼ ਪੁੱਜੇ ਅਤੇ ਉਨ੍ਹਾਂ ਲਾਸ਼ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਖਰਡ਼ ਪਹੁੰਚਾਈ। ਸੁਸਾਈਡ ਨੋਟ ਮਿਲਿਆ-ਮ੍ਰਿਤਕਾ ਸੰਤੋਸ਼ ਰਾਣੀ ਦੇ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਉਸਨੇ ਆਪਣੇ ਭਰਾ ਅਤੇ ਭਤੀਜਿਆਂ ਨੂੰ ਮੌਤ ਦਾ ਜ਼ਿੰਮੇਦਾਰ ਦੱਸਿਆ ਹੈ। ਥਾਣਾ ਸਿਟੀ ਪੁਲਸ ਨੇ ਮਿਲੇ ਸੁਸਾਈਡ ਨੋਟ ਦੇ ਆਧਾਰ ’ਤੇ ਮ੍ਰਿਤਕਾ ਦੇ ਭਰਾ ਰਾਮ ਸਰੂਪ ਪੁੱਤਰ ਰੋਸ਼ਨ ਲਾਲ, ਪ੍ਰਿੰਸ ਤੇ ਸੰਜੀਵ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।