ਪੰਜਾਬ ''ਚ ਬਠਿੰਡਾ ਸਭ ਤੋਂ ਠੰਡਾ
Thursday, Dec 19, 2019 - 11:02 AM (IST)

ਚੰਡੀਗੜ੍ਹ (ਯੂ. ਐੱਨ. ਆਈ.) : ਸਮੁੱਚਾ ਉੱਤਰੀ ਭਾਰਤ ਅੱਜਕਲ ਕੜਾਕੇ ਦੀ ਠੰਡ ਦੀ ਲਪੇਟ ਵਿਚ ਆਇਆ ਹੋਇਆ ਹੈ। ਸੀਤ ਲਹਿਰ ਕਾਰਣ ਆਮ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦਾ ਬਠਿੰਡਾ ਸ਼ਹਿਰ ਸੂਬੇ ਵਿਚ ਸਭ ਤੋਂ ਠੰਡਾ ਰਿਹਾ। ਇਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 8, ਰੋਹਤਕ ਵਿਚ 6, ਲੁਧਿਆਣਾ ਵਿਚ 7, ਪਟਿਆਲਾ ਵਿਚ 8, ਜਲੰਧਰ ਨੇੜੇ ਆਦਮਪੁਰ ਵਿਚ 6 ਅਤੇ ਗੁਰਦਾਸਪੁਰ ਵਿਚ 7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਤੱਕ ਸੀਤ ਲਹਿਰ ਜਾਰੀ ਰਹੇਗੀ।
ਜੰਮੂ ਵਿਚ ਰਹੀ ਮੌਸਮ ਦੀ ਸਭ ਤੋਂ ਠੰਡੀ ਰਾਤ
ਜੰਮੂ-ਕਸ਼ਮੀਰ ਵਿਚ ਵੀ ਸੀਤ ਲਹਿਰ ਦਾ ਪੂਰਾ ਜ਼ੋਰ ਹੈ। ਸ਼੍ਰੀਨਗਰ ਵਿਖੇ ਬੁੱਧਵਾਰ ਘੱਟੋ-ਘੱਟ ਤਾਪਮਾਨ ਮਨਫੀ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਵਿਚ ਇਹੀ ਤਾਪਮਾਨ 4.1 ਸੀ। ਇਥੇ ਮੰਗਲਵਾਰ ਦੀ ਰਾਤ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਰਹੀ। ਗੁਲਮਰਗ ਵਿਖੇ ਘੱਟੋ-ਘੱਟ ਤਾਪਮਾਨ ਮਨਫੀ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।