ਖਹਿਰਾ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਜ਼ੋਰਦਾਰ ਵਿਰੋਧ

01/19/2020 9:33:11 AM

ਚੰਡੀਗੜ੍ਹ (ਭੁੱਲਰ) : ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਲੰਬੇ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਦੂਰ ਚੱਲ ਰਹੇ 'ਆਪ' ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੁੱਪ ਤੋੜਦਿਆਂ ਮੁੜ ਸਿਆਸੀ ਪਿੜ 'ਚ ਸਰਗਰਮ ਹੋਣ ਦੇ ਸੰਕੇਤ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਹਲਕੇ ਭੁਲੱਥ 'ਚ ਉਨ੍ਹਾਂ ਦੇ ਗੁੰਮ ਹੋਣ ਦੇ ਪੋਸਟਰ ਲੱਗਣ ਤੋਂ ਬਾਅਦ ਉਨ੍ਹਾਂ ਦੀ ਵਿਰੋਧੀ ਬੀਬੀ ਜਗੀਰ ਕੌਰ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਕਾਰਣ ਖਹਿਰਾ ਨੇ ਮੁੜ ਸਰਗਰਮ ਹੁੰਦਿਆਂ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਅਤੇ ਹੋਰ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ।

ਅੱਜ ਲਿਖਤੀ ਬਿਆਨ 'ਚ ਖਹਿਰਾ ਨੇ ਕਿਹਾ ਕਿ ਉਹ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਫੁੱਟਪਾਊ ਅਤੇ ਵਿਵਾਦਿਤ ਸੀ. ਏ. ਏ. ਕਾਨੂੰਨ ਦੇ ਵਿਰੋਧ 'ਚ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਮਤੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਕਾਨੂੰਨ ਨੇ ਧਾਰਮਿਕ ਤੌਰ 'ਤੇ ਲੋਕਾਂ ਨੂੰ ਵੰਡਦਿਆਂ ਦੇਸ਼ 'ਚ ਪੂਰੀ ਤਰ੍ਹਾਂ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਵਿਦਿਆਰਥੀਆਂ ਤੱਕ ਵੱਲੋਂ ਸੜਕਾਂ 'ਤੇ ਉੱਤਰ ਕੇ ਇਸ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਭਾਜਪਾ ਸਰਕਾਰ ਇਸ ਤਾਨਾਸ਼ਾਹੀ ਕਾਨੂੰਨ 'ਤੇ ਮੁੜ ਵਿਚਾਰ ਕਰਨ ਤੋਂ ਇਨਕਾਰੀ ਹੋ ਰਹੀ ਹੈ। ਸਰਕਾਰੀ ਸ਼ਹਿ ਪ੍ਰਾਪਤ ਨਕਾਬਪੋਸ਼ ਗੁੰਡਿਆਂ ਵੱਲੋਂ ਜੇ. ਐੱਨ. ਯੂ. ਦੇ ਵਿਦਿਆਰਥੀਆਂ 'ਤੇ ਕੀਤੇ ਬੇਰਹਿਮ ਹਮਲੇ ਦੀ ਵੀ ਖਹਿਰਾ ਨੇ ਸਖਤ ਨਿੰਦਾ ਕੀਤੀ।

ਇਸੇ ਦੌਰਾਨ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਹੋਇਆ ਹੈ ਕਿ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟਰੀਟ 'ਚ ਲੱਗੇ ਬੁੱਤਾਂ ਦੇ ਫਰਸ਼ਾਂ ਨੂੰ ਸਿਰਫ ਨੁਕਸਾਨ ਪਹੁੰਚਾਉਣ 'ਤੇ ਹੀ ਅੰਮ੍ਰਿਤਸਰ ਪੁਲਸ ਨੇ 7-8 ਨੌਜਵਾਨਾਂ ਖਿਲਾਫ ਇਰਾਦਾ ਕਤਲ (ਧਾਰਾ 307) ਦਾ ਮੁਕੱਦਮਾ ਦਰਜ ਕਰ ਦਿੱਤਾ ਹੈ। ਉਨ੍ਹਾਂ ਐੱਸ. ਜੀ. ਪੀ. ਸੀ. ਅਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਕਤ ਭੰਗੜਾ-ਗਿੱਧਾ ਵਾਲੇ ਬੁੱਤਾਂ ਨੂੰ ਹਟਾ ਕੇ ਮਾਈ ਭਾਗੋ ਅਤੇ ਭਾਈ ਜੈਤਾ ਜੀ ਵਰਗੀਆਂ ਸ਼ਖਸੀਅਤਾਂ ਦੇ ਬੁੱਤ ਲਾਏ ਜਾਣ, ਜੋ ਕਿ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਮੰਗ ਕੀਤੀ ਕਿ ਹਿਰਾਸਤ 'ਚ ਲਏ ਗਏ ਨੌਜਵਾਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।


cherry

Content Editor

Related News