ਕੈਪਟਨ ਕਰਤਾਰਪੁਰ ਲਾਂਘੇ ''ਚ ਅੜਿੱਕੇ ਪਾਉਣ ਦੇ ਯਤਨ ਨਾ ਕਰਨ : ਸੁਖਬੀਰ

Tuesday, Nov 05, 2019 - 12:28 PM (IST)

ਕੈਪਟਨ ਕਰਤਾਰਪੁਰ ਲਾਂਘੇ ''ਚ ਅੜਿੱਕੇ ਪਾਉਣ ਦੇ ਯਤਨ ਨਾ ਕਰਨ : ਸੁਖਬੀਰ

ਚੰਡੀਗੜ੍ਹ (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਤਾਰਪੁਰ ਲਾਂਘੇ 'ਚ ਅੜਿੱਕਾ ਪਾਉਣ ਦੇ ਮੰਤਵ ਨਾਲ ਸਿਆਸੀ ਬਿਆਨ ਜਾਰੀ ਕਰਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੀ ਪਵਿੱਤਰਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਨਿਖੇਧੀ ਕੀਤੀ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਕਰਤਾਰਪੁਰ ਲਾਂਘੇ ਦੀ ਹੋਂਦ ਬਾਰੇ ਸੁਆਲ ਖੜ੍ਹੇ ਕਰਕੇ ਕਰੋੜਾਂ ਸਿੱਖਾਂ ਦੀ ਆਸਥਾ ਨਾਲ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਾਰ-ਵਾਰ ਲਾਂਘੇ ਬਾਰੇ ਆਪਣੇ ਬਿਆਨ ਬਦਲ ਰਿਹਾ ਹੈ। ਪਹਿਲਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਫਿਰ ਸਵਾਗਤ ਅਤੇ ਇਸ ਤੋਂ ਬਾਅਦ ਕਿਹਾ ਕਿ ਉਹ ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ ਦੀ ਅਗਵਾਈ ਕਰਨਗੇ। 

ਇਸ ਇਤਿਹਾਸਕ ਲਾਂਘੇ ਨੂੰ ਖੋਲ੍ਹੇ ਜਾਣ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਦੁਬਾਰਾ ਇਸ ਲਾਂਘੇ ਨੂੰ ਅਮਲ ਵਿਚ ਲਿਆਂਦੇ ਜਾਣ ਬਾਰੇ ਸੁਆਲ ਉਠਾਏ ਹਨ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ। ਇਹ ਕੈਪਟਨ ਦੀ ਸਿੱਖ ਮਾਮਲਿਆਂ 'ਚ ਸਿੱਧੀ ਦਖ਼ਲ-ਅੰਦਾਜ਼ੀ ਹੈ। ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਲਈ ਆਖਦਿਆਂ ਸੁਖਬੀਰ ਨੇ ਕਿਹਾ ਕਿ ਤੁਹਾਡੀਆਂ ਹਰਕਤਾਂ ਨਾ ਸਿਰਫ ਤੁਹਾਡਾ ਅਕਸ ਖਰਾਬ ਕਰ ਰਹੀਆਂ ਹਨ, ਸਗੋਂ ਸਿੱਖਾਂ ਅੰਦਰ ਫਿਕਰ ਤੇ ਭੰਬਲਭੂਸਾ ਪੈਦਾ ਕਰ ਰਹੀਆਂ ਹਨ। ਤੁਸੀਂ ਵਾਰ ਵਾਰ ਆਈ.ਐੱਸ.ਆਈ. ਦੀਆਂ ਧਮਕੀਆਂ ਦੇ ਹਵਾਲੇ ਦੇ ਕੇ ਬਿਨਾਂ ਲੋੜ ਤੋਂ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਨ੍ਹਾਂ ਧਮਕੀਆਂ ਤੋਂ ਕੇਂਦਰ ਸਰਕਾਰ ਚੰਗੀ ਤਰ੍ਹਾਂ ਜਾਣੂ ਹੈ ਤੇ ਸਾਡੇ ਸੁਰੱਖਿਆ ਦਸਤੇ ਇਨ੍ਹਾਂ ਨਾਲ ਨਜਿੱਠਣਾ ਜਾਣਦੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 12 ਨਵੰਬਰ ਨੂੰ ਐੱਸ.ਜੀ.ਪੀ.ਸੀ. ਵਲੋਂ ਆਯੋਜਿਤ ਕੀਤੇ ਜਾ ਰਹੇ ਮੁੱਖ ਸਮਾਗਮ ਨੂੰ ਸਾਂਝੇ ਤੌਰ 'ਤੇ ਮਨਾਉਣ ਦੇ ਦਿੱਤੇ ਆਦੇਸ਼ ਨੂੰ ਠੁਕਰਾਉਣ ਦੇ ਆਪਣੇ ਪਾਪ ਨੂੰ ਲੁਕਾਉਣ ਲਈ ਮੁੱਖ ਮੰਤਰੀ ਜਾਣ-ਬੁੱਝ ਕੇ ਅਜਿਹੇ ਉਲਟੇ ਸਿੱਧੇ ਬਿਆਨ ਜਾਰੀ ਕਰ ਰਿਹਾ ਹੈ। ਸਿੱਖ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਂਗਰਸ ਇਕ ਸਿੱਖ-ਵਿਰੋਧੀ ਪਾਰਟੀ ਹੈ ਅਤੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਤਹਿਤ ਸਾਰੀਆਂ ਸਿੱਖ ਸੰਸਥਾਵਾਂ ਦੀ ਮਰਿਆਦਾ ਅਤੇ ਸਨਮਾਨ ਨੂੰ ਠੇਸ ਪਹੁੰਚਾਉਣਾ ਚਾਹੁੰਦੀ ਹੈ। ਸਿੱਖ ਪੰਥ ਇਨ੍ਹਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸਾਂਝੇ ਤੌਰ 'ਤੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮਨਾਏਗਾ।


author

rajwinder kaur

Content Editor

Related News