''ਘਰ-ਘਰ ਰੋਜ਼ਗਾਰ'' ਦੇਣ ਦੀ ਬਜਾਏ ''ਘਰ-ਘਰ ਸ਼ਰਾਬ'' ਪਹੁੰਚਾਉਣ ਦੀ ਯੋਜਨਾ ਬਣਾ ਰਹੀ ਸਰਕਾਰ : ਡਾ. ਚੀਮਾ
Sunday, Feb 02, 2020 - 09:42 AM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਸ਼ਰਾਬ ਦੀ ਹੋਮ ਡਲਿਵਰੀ ਸ਼ੁਰੂ ਕਰਨ ਦੇ ਪ੍ਰਸਤਾਵ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ 'ਘਰ-ਘਰ ਰੋਜ਼ਗਾਰ' ਦੇਣ ਦੇ ਵਾਅਦੇ ਤੋਂ ਭੱਜ ਚੁੱਕੀ ਸਰਕਾਰ ਹੁਣ 'ਘਰ-ਘਰ ਸ਼ਰਾਬ' ਪਹੁੰਚਾਉਣ ਦੀ ਯੋਜਨਾ ਬਣਾ ਰਹੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅੰਦਰ ਸ਼ਰਾਬ ਦੀ ਹੋਮ ਡਲਿਵਰੀ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਦੇ ਇਸ ਪ੍ਰਸਤਾਵ ਨੂੰ ਬੇਹੱਦ ਸ਼ਰਮਨਾਕ ਕਰਾਰ ਦਿੰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਿਸ ਤਰ੍ਹਾਂ ਇਸ ਪ੍ਰਸਤਾਵ ਦਾ ਪ੍ਰਚਾਰ ਕੀਤਾ ਗਿਆ ਹੈ, ਇਹ ਆਪਣੇ ਆਪ ਕਾਂਗਰਸ ਸਰਕਾਰ ਦੀ ਮਾਨਸਿਕਤਾ ਨੂੰ ਬਿਆਨ ਕਰਦਾ ਹੈ। ਇਹ ਬੇਰਹਿਮ ਸਰਕਾਰ ਆਪਣੇ ਚਹੇਤਿਆਂ ਦੇ ਖਜ਼ਾਨੇ ਭਰਨ ਲਈ ਕੁਝ ਵੀ ਕਰ ਸਕਦੀ ਹੈ ਪਰ ਉਨ੍ਹਾਂ ਲੱਖਾਂ ਬੇਰੋਜ਼ਗਾਰ ਨੌਜਵਾਨਾਂ ਦੀ ਜ਼ਿੰਦਗੀ ਸੁਧਾਰਨ ਲਈ ਇਕ ਕੰਮ ਨਹੀਂ ਕਰ ਸਕਦੀ, ਜਿਨ੍ਹਾਂ ਨਾਲ ਸਰਕਾਰ ਵੱਲੋਂ ਨੌਕਰੀ ਦਿੱਤੇ ਜਾਣ ਤੱਕ 2500 ਰੁਪਏ ਪ੍ਰਤੀ ਮਹੀਨਾ ਬੇਰੇਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਮੁੱਖ ਮੰਤਰੀ ਨੂੰ ਇਸ ਬੁਰਾਈ ਨੂੰ ਜੜ੍ਹ ਵਿਚ ਹੀ ਦਬਾ ਦੇਣ ਦੀ ਸਲਾਹ ਦਿੰਦਿਆਂ ਡਾ. ਚੀਮਾ ਨੇ ਉਨਾਂ ਅਧਿਕਾਰੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ, ਜਿਹੜੇ ਇਸ ਪ੍ਰਸਤਾਵ ਨੂੰ ਲਾਗੂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਕਿ ਕੀ ਇਹ ਫੈਸਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਕਾਂਗਰਸੀ ਮੰਤਰੀ ਨੂੰ ਫਾਇਦਾ ਪਹੁੰਚਾਉਣ ਲਈ ਲਿਆ ਗਿਆ ਹੈ, ਜੋ ਕਿ ਸ਼ਰਾਬ ਦਾ ਧੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੌਜਵਾਨਾਂ ਨੂੰ ਸ਼ਰਾਬ ਵੱਲ ਧੱਕੇ ਜਾਣ ਦੀ ਇਸ ਸਾਜ਼ਿਸ਼ ਨੂੰ ਕਿਸੇ ਵੀ ਕੀਮਤ ਉੱਤੇ ਕਾਮਯਾਬ ਨਹੀਂ ਹੋਣ ਦੇਵੇਗਾ।