ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀਆਂ ਹੋਣਗੀਆਂ 8 ਬੈਠਕਾਂ
Tuesday, Feb 05, 2019 - 09:22 AM (IST)

ਚੰਡੀਗੜ੍ਹ(ਭੁੱਲਰ)— 15ਵੀਂ ਪੰਜਾਬ ਵਿਧਨ ਸਭਾ ਦੇ 12 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੀਆਂ ਕੁਲ 8 ਬੈਠਕਾਂ ਹੋਣਗੀਆਂ। ਵਿਧਾਨ ਸਭਾ ਸਕੱਤਰੇਤ ਵੱਲੋਂ ਸੈਸ਼ਨ ਦਾ ਪ੍ਰੋਗਰਾਮ ਸੋਮਵਾਰ ਜਾਰੀ ਕਰ ਦਿੱਤਾ ਗਿਆ ਹੈ। 20 ਫਰਵਰੀ ਤੱਕ ਚੱਲਣ ਵਾਲੇ ਇਸ ਸੈਸ਼ਨ ਦੇ ਪ੍ਰਸਤਾਵ ਨੂੰ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਰਾਜਪਾਲ ਵੱਲੋਂ ਬੀਤੇ ਦਿਨੀਂ ਸੈਸ਼ਨ ਬੁਲਾਉਣ ਦਾ ਰਸਮੀ ਐਲਾਨ ਕੀਤਾ ਗਿਆ ਸੀ। ਸੈਸ਼ਨ ਦੇ ਜਾਰੀ ਹੋਏ ਪ੍ਰੋਗਰਾਮ ਅਨੁਸਾਰ 18 ਫਰਵਰੀ ਬਾਅਦ ਦੁਪਹਿਰ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਸੇ ਦਿਨ ਕੈਗ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣਗੀਆਂ। ਜ਼ਿਕਰਯੋਗ ਗੱਲ ਇਹ ਹੈ ਕਿ ਬਜਟ 'ਤੇ ਬਹਿਸ ਲਈ ਸਿਰਫ ਇਕ ਦਿਨ ਦਾ ਹੀ ਸਮਾਂ ਰੱਖਿਆ ਗਿਆ ਹੈ, ਜਦਕਿ ਆਮ ਤੌਰ 'ਤੇ ਬਜਟ 'ਤੇ 3 ਤੋਂ 4 ਦਿਨ ਤੱਕ ਬਹਿਸ ਚੱਲਦੀ ਹੈ।
12 ਫਰਵਰੀ ਨੂੰ ਸਵੇਰੇ ਰਾਜਪਾਲ ਦੇ ਭਾਸ਼ਣ ਨਾਲ ਸੈਸ਼ਨ ਦੀ ਸ਼ੁਰੂਆਤ ਹੋਵੇਗੀ ਅਤੇ ਇਸੇ ਦੌਰਾਨ ਬਾਅਦ ਦੁਪਹਿਰ ਦੀ ਬੈਠਕ 'ਚ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। 13 ਫਰਵਰੀ ਸਵੇਰੇ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਸ਼ੁਰੂ ਹੋਵੇਗੀ ਅਤੇ 14 ਫਰਵਰੀ ਨੂੰ ਗੈਰ ਸਰਕਾਰੀ ਕੰਮਕਾਜ ਹੋਵੇਗਾ। 15 ਫਰਵਰੀ ਸਵੇਰ ਦੇ ਸੈਸ਼ਨ 'ਚ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਮੁਕੰਮਲ ਕੀਤੀ ਜਾਵੇਗੀ। 16 ਅਤੇ 17 ਫਰਵਰੀ ਨੂੰ ਛੁੱਟੀ ਰਹੇਗੀ। 18 ਫਰਵਰੀ ਨੂੰ ਬਜਟ ਪੇਸ਼ ਕਰਨ ਤੋਂ ਬਾਅਦ 19 ਫਰਵਰੀ ਨੂੰ ਛੁੱਟੀ ਹੋਵੇਗੀ। 20 ਫਰਵਰੀ ਨੂੰ ਸਵੇਰ ਦੀ ਬੈਠਕ 'ਚ ਬਜਟ 'ਤੇ ਬਹਿਸ ਸ਼ੁਰੂ ਹੋਵੇਗੀ ਅਤੇ ਇਸੇ ਦਿਨ ਹੀ ਬਹਿਸ ਖਤਮ ਕੀਤੀ ਜਾਵੇਗੀ। ਇਸੇ ਦਿਨ ਬਾਅਦ ਦੁਪਹਿਰ ਦੀ ਬੈਠਕ 'ਚ ਬਜਟ ਨੂੰ ਪਾਸ ਕੀਤਾ ਜਾਵੇਗਾ ਅਤੇ ਵਿਧਾਨਕ ਕੰਮਕਾਜ ਵੀ ਹੋਵੇਗਾ।