ਸਿੱਧੂ ਵੀ ਹੋਇਆ ਤਾਨਾਸ਼ਾਹੀ ਰਵੱਈਏ ਵਾਲੀ ਲੀਡਰਸ਼ਿਪ ਦਾ ਸ਼ਿਕਾਰ : ਸੇਖਵਾਂ

07/15/2019 9:20:59 AM

ਚੰਡੀਗੜ੍ਹ(ਅਸ਼ਵਨੀ) : ਨਵਜੋਤ ਸਿੰਘ ਸਿੱਧੂ ਵੀ ਤਾਨਾਸ਼ਾਹੀ ਰਵੱਈਏ ਵਾਲੀ ਲੀਡਰਸ਼ਿਪ ਦਾ ਸ਼ਿਕਾਰ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਰਨਲ ਤੇ ਮੁੱਖ ਬੁਲਾਰੇ, ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਦੇ ਤਾਨਾਸ਼ਾਹੀ ਰਵੱਈਏ ਕਾਰਨ ਹੀ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਸੇਖਵਾਂ ਨੇ ਕਿਹਾ ਕਿ ਸ਼ਾਇਦ ਜਿਸ ਦਿਨ ਕੈਪਟਨ ਤੋਂ ਬਿਨਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਸਿੱਧੇ ਸੰਪਰਕ ਰਾਹੀਂ ਸਿੱਧੂ ਕਾਂਗਰਸ 'ਚ ਸ਼ਾਮਲ ਹੋਇਆ ਉਸੇ ਦਿਨ ਤੋਂ ਹੀ ਉਹ ਕੈਪਟਨ ਦੀਆਂ ਅੱਖਾਂ 'ਚ ਰੜਕ ਰਿਹਾ ਹੈ। ਕਿਉਂਕਿ ਪੰਜਾਬ ਦੇ ਸੁਧਾਰ ਲਈ ਸਿੱਧੂ ਦੇ ਦਿੱਤੇ ਸੁਝਾਅ ਨਾ ਮੰਨਣਾ, ਕਰਤਾਰਪੁਰ ਲਾਂਘੇ ਦਾ ਸਿਹਰਾ ਸਿੱਧੂ ਦੀ ਥਾਂ ਭਾਜਪਾ ਨੂੰ ਜਾਣ ਦੇਣਾ ਤੇ ਵਧੀਆ ਤਰੀਕੇ ਨਾਲ ਮਹਿਕਮਾ ਚਲਾਉਣ ਦੇ ਬਾਵਜੂਦ ਧੱਕੇ ਨਾਲ ਮਹਿਕਮਾ ਬਦਲ ਦੇਣਾ ਇਸ ਗੱਲ ਦੀ ਗਵਾਹੀ ਭਰਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਗ ਜ਼ਾਹਿਰ ਹੈ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵਲੋਂ ਕੀਤੀ ਵਿਰੋਧਤਾ ਕਾਰਨ ਭਾਜਪਾ ਨੇ ਸਿੱਧੂ ਨੂੰ ਪੰਜਾਬ ਤੋਂ ਬਾਹਰ ਰੱਖਣ ਲਈ ਕੁਰੂਕਸ਼ੇਤਰ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਤੇ ਫਿਰ ਰਾਜ ਸਭਾ ਮੈਂਬਰ ਬਣਾ ਕੇ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹਿਆ। ਉਸ ਸਮੇਂ ਭਾਜਪਾ ਲਈ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਇਕ ਪਾਸੇ ਸਿੱਧੂ ਸੀ, ਭਾਜਪਾ ਨੇ ਅਕਾਲੀ ਦਲ ਨੂੰ ਤਰਜੀਹ ਦਿੱਤੀ, ਜਿਸ ਕਾਰਨ ਸਿੱਧੂ ਨੂੰ ਭਾਜਪਾ ਛੱਡਣੀ ਪਈ। ਜੇਕਰ ਅੱਜ ਦੇ ਹਾਲਾਤ ਨੂੰ ਵੀ ਗੌਰ ਨਾਲ ਦੇਖਿਆ ਜਾਵੇ ਤਾਂ ਕੈ. ਅਮਰਿੰਦਰ ਸਿੰਘ, ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਸਿੱਧੂ ਨੂੰ ਨੁੱਕਰੇ ਲਾਉਣ ਲਈ ਸਾਂਝੀ ਰਣਨੀਤੀ 'ਤੇ ਚੱਲ ਰਹੇ ਹਨ।


cherry

Content Editor

Related News