ਸੰਨੀ ਦਿਓਲ ਤੋਂ ਬਾਅਦ ਮਨੀਸ਼ ਤਿਵਾੜੀ ਦੇ ਚੋਣ ਖਰਚੇ ਦੀ ਕਮਿਸ਼ਨ ਵਲੋਂ ਜਾਂਚ ਜਾਰੀ

Friday, Jun 21, 2019 - 09:10 AM (IST)

ਸੰਨੀ ਦਿਓਲ ਤੋਂ ਬਾਅਦ ਮਨੀਸ਼ ਤਿਵਾੜੀ ਦੇ ਚੋਣ ਖਰਚੇ ਦੀ ਕਮਿਸ਼ਨ ਵਲੋਂ ਜਾਂਚ ਜਾਰੀ

ਚੰਡੀਗੜ੍ਹ (ਭੁੱਲਰ) : ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਤੋਂ ਬਾਅਦ ਹੁਣ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੌਰਾਨ ਨਿਰਧਾਰਿਤ ਖਰਚੇ ਤੋਂ ਜ਼ਿਆਦਾ ਖਰਚਾ ਕਰਨ ਦੇ ਮਾਮਲੇ 'ਚ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮੁਨੀਸ਼ ਤਿਵਾੜੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਜੇਤੂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਵੱਧ ਖਰਚੇ ਦੇ ਦੋਸ਼ਾਂ 'ਚ ਜ਼ਿਲਾ ਚੋਣ ਅਧਿਕਾਰੀ ਵਲੋਂ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਤਿਵਾੜੀ ਦੇ ਖਰਚੇ ਦੀ ਵੀ ਜ਼ਿਲਾ ਚੋਣ ਅਧਿਕਾਰੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਅਗਲੇ 3-4 ਦਿਨਾਂ ਦੌਰਾਨ ਦੋਸ਼ਾਂ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਹੀ ਕਮਿਸ਼ਨ ਕੋਈ ਅਗਲੀ ਕਾਰਵਾਈ ਕਰੇਗਾ। ਵੱਧ ਖਰਚੇ ਦੇ ਦੋਸ਼ ਸਾਬਤ ਹੋਣ 'ਤੇ ਜੇਤੂ ਮੈਂਬਰਾਂ ਨੂੰ ਅਯੋਗ ਠਹਿਰਾਇਆ ਜਾ ਸਕਦਾ ਹੈ।

ਇਸ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਨੋਟਿਸ ਜਾਰੀ ਹੋਣ ਦਾ ਅਰਥ ਕਾਰਵਾਈ ਨਹੀਂ ਮੰਨ ਲਿਆ ਜਾਣਾ ਚਾਹੀਦਾ। ਜ਼ਿਲਾ ਚੋਣ ਅਧਿਕਾਰੀਆਂ ਵਲੋਂ ਇਸ ਬਾਰੇ ਜਾਂਚ ਜਾਰੀ ਹੈ ਅਤੇ 30 ਜੂਨ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਸੱਚ ਕੀ ਹੈ। ਉਨ੍ਹਾਂ ਦੱਸਿਆ ਕਿ 45 ਦਿਨਾਂ ਤੱਕ ਇਸ ਦੀ ਰਿਪੋਰਟ ਭਾਰਤੀ ਚੋਣ ਕਮਿਸ਼ਨ ਤੱਕ ਭੇਜੀ ਜਾਏਗੀ।


author

Baljeet Kaur

Content Editor

Related News