ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਜਪਾ ਅਤੇ ਕੈਪਟਨ ਸਰਕਾਰ ਖੇਡ ਰਹੀ ਹੈ ਫ੍ਰੈਂਡਲੀ ਮੈਚ: ਮਾਨ
Monday, Jan 04, 2021 - 09:05 AM (IST)
ਚੰਡੀਗੜ੍ਹ, ਅੰਮ੍ਰਿਤਸਰ (ਸ਼ਰਮਾ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਵਲੋਂ ਅਧਿਕਾਰੀਆਂ ਨੂੰ ਤਲਬ ਕਰਨ ਨੂੰ ਇਕ ਸਿਆਸੀ ਡਰਾਮਾ ਦੱਸਦਿਆਂ ਕਿਹਾ ਕਿ ਅੱਜ ਹਰੇਕ ਪੰਜਾਬ ਵਾਸੀ ਕਿਸਾਨ ਅੰਦੋਲਨ ਨੂੰ ਆਪਣੇ ਢੰਗ ਨਾਲ ਸਮਰਥਨ ਕਰ ਰਿਹਾ ਹੈ ਪ੍ਰੰਤੂ ਪੰਜਾਬ ਦੀ ਕੈਪਟਨ ਸਰਕਾਰ ਅਤੇ ਭਾਜਪਾ ਇਕ ਸੋਚੀ-ਸਮਝੀ ਚਾਲ ਦੇ ਤਹਿਤ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਨੀਤੀ ’ਤੇ ਚੱਲਦਿਆਂ ਪੰਜਾਬ ਦੇ ਗਵਰਨਰ ਕਿਸਾਨ ਅੰਦੋਲਨ ਤੋਂ ਪੰਜਾਬੀ ਵਾਸੀਆਂ ਦਾ ਧਿਆਨ ਭੜਕਾਉਣ ਲਈ ਜੋ ਇੰਨੀ ਗੰਭੀਰਤਾ ਦਿਖਾ ਰਹੇ ਹਨ, ਉਹ ਉਨ੍ਹਾਂ ਉਦੋਂ ਕਿਉਂ ਨਹੀਂ ਦਿਖਾਈ ਜਦੋਂ ਮਾਝੇ ਖੇਤਰ ’ਚ ਜ਼ਹਿਰੀਲੀ ਸ਼ਰਾਬ ਨਾਲ ਸਵਾ ਸੌ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ, ਜਦੋਂ ਐੱਸ. ਸੀ. ਸਕਾਲਰਸ਼ਿਪ ਨਾ ਮਿਲਣ ਕਾਰਨ ਸੈਂਕੜੇ ਨੌਜਵਾਨ ਸਿੱਖਿਆ ਤੋਂ ਵਾਂਝੇ ਰਹਿ ਗਏ ਸਨ।
ਮਾਨ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਅੱਜ ਜੋ ਕਹਿ ਰਹੇ ਹਨ ਕਿ ਮੈਂ ਗ੍ਰਹਿ ਮੰਤਰੀ ਹਾਂ ਮੈਨੂੰ ਗਵਰਨਰ ਬੁਲਾਉਣ ਪਰ ਅਸਲ ’ਚ ਕੈਪਟਨ ਅਮਰਿੰਦਰ ਹਰ ਫਰੰਟ ’ਤੇ ਫ਼ੇਲ ਹੈ ਤੇ ਹੁਣ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਬੜ੍ਹਕ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕੈਪਟਨ ਸਰਕਾਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਫ੍ਰੈਂਡਲੀ ਮੈਚ ਖੇਡ ਰਹੀਆਂ ਤਾਂ ਜੋ ਲੋਕਾਂ ਨੂੰ ਗੰੁਮਰਾਹ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੋਹ ਨੂੰ ਦੇਖਦਿਆਂ ਕਾਂਗਰਸੀ ਤੇ ਭਾਜਪਾਈ ਆਪਣੀਆਂ ਗਲਤੀਆਂ ਦੀ ਪੰਜਾਬ ਵਾਸੀਆਂ ਤੋਂ ਮੁਆਫ਼ੀ ਮੰਗਣ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਨੂੰ ਫ਼ੇਲ ਕਰਨ ਲਈ ਕੈਪਟਨ-ਮੋਦੀ ਵਲੋਂ ਮਿਲ ਕੇ ਚੱਲੀਆਂ ਜਾ ਰਹੀਆਂ ਚਾਲਾਂ ਤੋਂ ਉਹ ਚੌਕਸ ਰਹਿਣ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ