ਜੇਕਰ ਅਜੇ ਵੀ ਨਾ ਜਾਗੇ ਤਾਂ ਏਡਜ਼ ਨਾਲ ਤਬਾਹ ਹੋ ਜਾਣਗੀਆਂ ਨਸਲਾਂ : ਹਰਪਾਲ ਚੀਮਾ

Friday, Jul 26, 2019 - 10:01 AM (IST)

ਜੇਕਰ ਅਜੇ ਵੀ ਨਾ ਜਾਗੇ ਤਾਂ ਏਡਜ਼ ਨਾਲ ਤਬਾਹ ਹੋ ਜਾਣਗੀਆਂ ਨਸਲਾਂ : ਹਰਪਾਲ ਚੀਮਾ

ਚੰਡੀਗੜ੍ਹ (ਰਮਨਜੀਤ) : ਸੂਬੇ ਅੰਦਰ ਨਸ਼ਿਆਂ ਦੇ ਨਾਲ-ਨਾਲ ਏਡਜ਼ ਦੇ ਕੇਸਾਂ 'ਚ ਹੋ ਰਹੇ ਖ਼ੌਫ਼ਨਾਕ ਵਾਧੇ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸਰਕਾਰਾਂ ਅਜੇ ਵੀ ਨਹੀਂ ਜਾਗੀਆਂ ਤਾਂ ਤਬਾਹਕੁੰਨ ਨਤੀਜੇ ਨਿਕਲਣਗੇ।

'ਆਪ' ਮੁੱਖ ਦਫ਼ਤਰ ਤੋਂ ਜਾਰੀ ਬਿਆਨ 'ਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2013-14 'ਚ 4537 ਕੇਸਾਂ ਦੇ ਮੁਕਾਬਲੇ ਸਾਲ 2018-19 'ਚ 8133 ਏਡਜ਼/ਐੱਚ. ਆਈ. ਵੀ. ਕੇਸਾਂ ਦਾ ਸਾਹਮਣੇ ਆਉਣਾ ਖ਼ਤਰਨਾਕ ਭਵਿੱਖ ਦੀ ਪੁਸ਼ਟੀ ਕਰਦਾ ਹੈ। ਇਸ ਰੁਝਾਨ ਨੂੰ ਥੰਮ੍ਹਣ ਲਈ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਜੰਗੀ ਪੱਧਰ 'ਤੇ ਉਪਾਅ ਅਤੇ ਬਚਾਅ ਲਈ ਸ਼ਹਿਰ-ਮੁਹੱਲਾ ਅਤੇ ਪਿੰਡ-ਪਿੰਡ ਜਾ ਕੇ ਦਰਵਾਜ਼ੇ ਖੜਕਾਉਣੇ ਚਾਹੀਦੇ ਹਨ। ਪੀੜਤ ਮਰੀਜ਼ਾਂ ਦੇ ਇਲਾਜ ਅਤੇ ਅਣਪਛਾਤੇ ਕੇਸਾਂ ਦੀ ਪਛਾਣ ਲਈ ਵਿਆਪਕ ਯੋਜਨਾ ਹੇਠਾਂ ਤੱਕ ਲਾਗੂ ਕਰਨੀ ਪਵੇਗੀ। ਹਰਪਾਲ ਚੀਮਾ ਨੇ ਕਿਹਾ ਕਿ ਇਸ ਜਾਨਲੇਵਾ ਬੀਮਾਰੀ ਤੋਂ ਬਚਣ ਲਈ ਸਮਾਜ ਨੂੰ ਵੀ ਇਕਜੁੱਟਤਾ ਨਾਲ ਅੱਗੇ ਆਉਣਾ ਪਵੇਗਾ।


author

cherry

Content Editor

Related News