ਬੇਅੰਤ ਸਿੰਘ ਦੇ ਕਾਤਲ ਦੀ ਬਰਸੀ ’ਚ ਅਕਾਲੀਆਂ ਦੀ ਭੂਮਿਕਾ ਬਾਰੇ ਭਾਜਪਾ ਸਪੱਸ਼ਟ ਕਰੇ : ਬਿੱਟੂ

09/01/2019 9:56:37 AM

ਚੰਡੀਗਡ਼੍ਹ (ਭੁੱਲਰ)- ਸਵ. ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮੌਕੇ ਜਿੱਥੇ ਕਾਂਗਰਸ ਵਲੋਂ ਚੰਡੀਗਡ਼੍ਹ ਵਿਖੇ ਸਮਾਗਮ ਕਰਵਾਇਆ ਗਿਆ, ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਐੱਸ.ਜੀ.ਪੀ.ਸੀ. ਤੇ ਅਕਾਲੀ ਦਲ ਦੇ ਸਹਿਯੋਗ ਨਾਲ ਬੇਅੰਤ ਸਿੰਘ ਦੇ ਕਾਤਲ ਮਨੁੱਖੀ ਬੰਬ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਏ ਗਏ ਪ੍ਰੋਗਰਾਮ ਬਾਰੇ ਭਾਜਪਾ ਦੀ ਚੁੱਪੀ ’ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਵਾਲ ਉਠਾਏ ਹਨ। ਬੇਅੰਤ ਸਿੰਘ ਦੀ ਬਰਸੀ ਮੌਕੇ ਕਰਵਾਏ ਗਏ ਸਮਾਗਮ ’ਚ ਪਹੁੰਚੇ ਬਿੱਟੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪ੍ਰੋਗਰਾਮ ’ਚ ਅਕਾਲੀਆਂ ਤੇ ਐੱਸ.ਜੀ.ਪੀ.ਸੀ. ਦੀ ਭੂਮਿਕਾ ਬਾਰੇ ਭਾਜਪਾ ਦੇ ਕੇਂਦਰੀ ਆਗੂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਪਾਸੇ ਤਾਂ ਭਾਜਪਾ ਦੇਸ਼ ਭਰ ਵਿਚ ਰਾਸ਼ਟਰਵਾਦ ਦੇ ਨਾਂ ’ਤੇ ਅੱਤਵਾਦ ਵਿਰੋਧੀ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ’ਚ ਅੱਤਵਾਦੀਆਂ ਦੀ ਯਾਦ ’ਚ ਹੋ ਰਹੇ ਪ੍ਰੋਗਰਾਮ ਬਾਰੇ ਭਾਜਪਾ ਦੇ ਆਗੂ ਚੁੱਪ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਇਸ ਸਮੇਂ ਅੱਤਵਾਦ ਵਿਰੋਧੀ ਮੁਹਿੰਮ ਦੇ ਨਾਂ ਹੇਠ ਪਾਕਿਸਤਾਨ ਨੂੰ ਸਬਕ ਸਿਖਾਉਣ ਤੇ ਮਕਬੂਜਾ ਕਸ਼ਮੀਰ ਨੂੰ ਆਪਣੇ ਕਬਜ਼ੇ ਵਿਚ ਲੈਣ ਦੀਆਂ ਗੱਲਾਂ ਕਰ ਰਹੀ ਹੈ, ਪਰ ਪੰਜਾਬ ’ਚ ਸ਼ਰੇਆਮ ਭਾਜਪਾ ਦੀ ਭਾਈਵਾਲ ਅਕਾਲੀ ਦਲ ਦੇ ਆਗੂ ਐੱਸ.ਜੀ.ਪੀ.ਸੀ. ਦੀ ਅਗਵਾਈ ਹੇਠ ਪੰਜਾਬ ’ਚ ਅੱਤਵਾਦ ਨੂੰ ਖਤਮ ਕਰਨ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਦੀ ਯਾਦ ’ਚ ਉਨ੍ਹਾਂ ਦੇ ਸਮਰਥਕਾਂ ਵਲੋਂ ਖੁੱਲ੍ਹੇਆਮ ਕਰਵਾਏ ਜਾ ਰਹੇ ਪ੍ਰੋਗਰਾਮਾਂ ਨੂੰ ਭਾਜਪਾ ਨੇਤਾ ਚੁੱਪਚਾਪ ਦੇਖ ਰਹੇ ਹਨ। ਆਉਣ ਵਾਲੇ ਸਮੇਂ ਵਿਚ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਖੁੱਲ੍ਹਣਾ ਹੈ, ਜਿੱਥੇ ਪਾਕਿਸਤਾਨ ’ਚ ਬੈਠੇ ਅੱਤਵਾਦੀ ਸਮਰਥਕ ਚਾਵਲਾ ਤੇ ਖਾਲਿਸਤਾਨੀ ਸੰਗਠਨਾਂ ਦੇ ਆਗੂ ਵੀ ਸਰਗਰਮ ਹੋਣਗੇ। ਜੇਕਰ ਭਾਜਪਾ ਪੰਜਾਬ ’ਚ ਅੱਤਵਾਦੀ ਸੰਗਠਨਾਂ ਦੇ ਪ੍ਰੋਗਰਾਮਾਂ ਨੂੰ ਚੁੱਪਚਾਪ ਦੇਖਦੀ ਰਹੀ ਤੇ ਅਕਾਲੀਆਂ ਬਾਰੇ ਆਪਣੇ ਰੁਖ ਸਪੱਸ਼ਟ ਨਾ ਕੀਤਾ ਤਾਂ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਖੁੱਲ੍ਹਣ ਨਾਲ ਹੋਣ ਵਾਲੇ ਅਜਿਹੇ ਪ੍ਰੋਗਰਾਮਾਂ ਨੂੰ ਵੀ ਰੋਕਣਾ ਸੰਭਵ ਨਹੀਂ ਹੋਵੇਗਾ, ਜੋ ਕਿ ਪੰਜਾਬ ਦੇ ਅਮਨ ਤੇ ਸ਼ਾਂਤੀ ਲਈ ਕਿਸੇ ਵੀ ਤਰ੍ਹਾਂ ਹਿੱਤ ’ਚ ਨਹੀਂ ਹੋਵੇਗਾ।


rajwinder kaur

Content Editor

Related News