ਫਰਜ਼ੀ ਨਤੀਜੇ ਦੇ ਕੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਧੋਖਾ ਦੇ ਰਹੀ ਸਰਕਾਰ : ਚੀਮਾ

Monday, Jul 22, 2019 - 09:26 AM (IST)

ਫਰਜ਼ੀ ਨਤੀਜੇ ਦੇ ਕੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਧੋਖਾ ਦੇ ਰਹੀ ਸਰਕਾਰ : ਚੀਮਾ

ਚੰਡੀਗੜ੍ਹ(ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2018-19 ਅਤੇ ਸਾਲ 2017-18 'ਚ 10ਵੀਂ ਜਮਾਤ ਦੇ ਨਤੀਜਿਆਂ 'ਚ ਪਾਸ ਪ੍ਰਤੀਸ਼ੱਤਤਾ ਫ਼ਰਜ਼ੀਵਾੜੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਫ਼ਰਜ਼ੀਵਾੜੇ ਨੂੰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਅਤੇ ਮਾਪਿਆਂ ਨਾਲ ਧੋਖਾ ਕਰਾਰ ਦਿੱਤਾ ਹੈ।

ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਕੈ. ਅਮਰਿੰਦਰ ਸਰਕਾਰ ਸਿਰਫ਼ ਆਪਣੇ ਚੋਣ ਵਾਅਦਿਆਂ ਤੋਂ ਹੀ ਨਹੀਂ ਮੁੱਕਰੀ, ਸਗੋਂ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ ਸ਼ਰੇਆਮ ਮੂਰਖ ਬਣਾਉਣ 'ਤੇ ਤੁਲੀ ਹੋਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਪਿਛਲੇ ਦੋ ਸਾਲਾਂ ਦੇ ਨਤੀਜੇ ਦਸਤਾਵੇਜ਼ੀ ਸਬੂਤਾਂ ਨਾਲ ਇਹ ਸਾਬਿਤ ਕਰਦੇ ਹਨ ਕਿ ਫੋਕੀ ਵਾਹ-ਵਾਹ ਖੱਟਣ ਲਈ ਸਰਕਾਰ ਭਵਿੱਖ ਦੀ ਪੀੜ੍ਹੀ ਦੇ ਬੌਧਿਕ ਪੱਧਰ ਨਾਲ ਵੀ ਖਿਲਵਾੜ ਕਰ ਸਕਦੀ ਹੈ।

ਆਰ. ਟੀ. ਆਈ. ਅਤੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਚੀਮਾ ਨੇ ਦੱਸਿਆ ਕਿ ਸਾਲ 2017-18 'ਚ ਦਸਵੀਂ ਦਾ ਅਸਲ ਨਤੀਜਾ 46.29 ਪ੍ਰਤੀਸ਼ਤ ਸੀ, ਜਿਸ ਨੂੰ ਮਾਰਕਸ ਮੋਡਰੇਸ਼ਨ ਪਾਲਿਸੀ (ਐੱਮ. ਐੱਮ. ਪੀ.) ਦੇ ਨਾਂ 'ਤੇ ਫ਼ਰਜ਼ੀਵਾੜੇ ਰਾਹੀਂ 62.10 ਪ੍ਰਤੀਸ਼ਤ ਦਿਖਾਇਆ ਗਿਆ ਜਦਕਿ ਇਸ ਸਾਲ 2018-19 ਦਾ 85.56 ਪ੍ਰਤੀਸ਼ਤ ਐਲਾਨ ਕੇ ਸਰਕਾਰੀ ਸਕੂਲੀ ਸਿੱਖਿਆ ਦੇ ਖੇਤਰ 'ਚ ਵੱਡਾ ਸੁਧਾਰ ਕਰਨ ਦੇ ਨਾਂ 'ਤੇ ਫੋਕੀ ਵਾਹ-ਵਾਹ ਲੈਣ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਅਸਲੀਅਤ 'ਚ ਇਹ ਨਤੀਜਾ 76.49 ਪ੍ਰਤੀਸ਼ਤ ਸੀ। ਇਹੋ ਫ਼ਰਜ਼ੀਵਾੜਾ ਪਿਛਲੀ ਬਾਦਲ ਸਰਕਾਰ 'ਚ ਵੀ ਹੁੰਦਾ ਰਿਹਾ। ਉਦੋਂ 2015-16 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 25 ਤੋਂ 30 ਗਰੇਸ ਮਾਰਕਸ (ਨੰਬਰ) ਦੇ ਕੇ ਮਹਿਜ਼ 54 ਪ੍ਰਤੀਸ਼ਤ ਅਸਲ ਨੰਬਰਾਂ ਨੂੰ 76.77 ਪ੍ਰਤੀਸ਼ਤ ਕਰ ਕੇ ਦਿਖਾਇਆ ਸੀ। ਸ. ਚੀਮਾ ਨੇ ਕਿਹਾ ਕਿ ਇਸ ਫ਼ਰਜ਼ੀਵਾੜੇ 'ਚ ਸ਼ਾਮਲ ਸਿੱਖਿਆ ਮੰਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਤੋਂ ਅਸਤੀਫ਼ਾ ਲਿਆ ਜਾਵੇ ਅਤੇ ਇਸ ਪੂਰੇ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਜਾਂਚ ਕਰਵਾ ਕੇ ਦੋਸ਼ੀ ਅਫ਼ਸਰਾਂ ਸਮੇਤ ਸਭ 'ਤੇ ਕਾਰਵਾਈ ਹੋਵੇ।


author

cherry

Content Editor

Related News