'ਵਿਸ਼ਵ ਪੁਲਸ ਖੇਡਾਂ' 'ਚ ਹਿੱਸਾ ਲਵੇਗਾ ਪੰਜਾਬ ਪੁਲਸ ਦਾ ਕਾਂਸਟੇਬਲ
Monday, Jul 29, 2019 - 12:18 PM (IST)

ਜਲੰਧਰ (ਵੈਬ ਡੈਸਕ)—ਪੀ. ਏ. ਪੀ. ਹੈੱਡਕੁਆਰਟਰ ਵਿਖੇ ਤਾਇਨਾਤ ਕਾਂਸਟੇਬਲ ਦਵਿੰਦਰ ਸਿੰਘ (28), ਜਿਨ੍ਹਾਂ ਨੇ ਹਾਲ ਹੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਜਿੱਤਿਆ ਸੀ, ਹੁਣ 27 ਅਗਸਤ ਨੂੰ ਲਖਨਊ 'ਚ ਸੀਨੀਅਰ ਅੰਤਰਰਾਜੀ ਐਥਲੈਟਿਕ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ। ਦਵਿੰਦਰ ਸਿੰਘ ਨੇ ਕਈ ਮੈਡਲ ਜਿੱਤੇ ਹਨ ਅਤੇ ਹੁਣ ਉਹ 400 ਮੀਟਰ ਦੀ ਦੌੜ ਅਤੇ 4*400 ਮੀਟਰ ਰਿਲੇਅ ਦੌੜ 'ਚ ਹਿੱਸਾ ਲੈਣਗੇ।
ਇਸ ਤੋਂ ਇਲਾਵਾ ਉਹ ਚੀਨ 'ਚ 13 ਤੋਂ 20 ਅਗਸਤ ਤੱਕ ਹੋਣ ਵਾਲੀਆਂ 'ਵਿਸ਼ਵ ਪੁਲਸ ਖੇਡਾਂ' 'ਚ ਵੀ ਹਿੱਸਾ ਲੈਣਗੇ। ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ 'ਚ ਆਲ ਇੰਡੀਆ ਪੁਲਸ ਖੇਡਾਂ ਦੌਰਾਨ 'ਵਿਸ਼ਵ ਪੁਲਸ ਖੇਡਾਂ' ਲਈ ਚੁਣਿਆ ਗਿਆ ਸੀ। ਜਾਣਕਾਰੀ ਮੁਤਾਬਕ ਦਵਿੰਦਰ ਨੇ 2004 'ਚ ਖੇਡਾਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੇ ਸਪੋਰਟਸ ਸਕੂਲ 'ਚ ਪੜ੍ਹਾਈ ਕੀਤੀ ਅਤੇ ਕਈ ਚੈਂਪੀਅਨਸ਼ਿਪਾਂ ਅਤੇ ਟੂਰਨਾਮੈਂਟਾਂ 'ਚ ਹਿੱਸਾ ਲਿਆ। ਫਿਰ ਉਨ੍ਹਾਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਐਥਲੈਟਿਕਸ ਚੈਂਪੀਅਨਸ਼ਿਪ 'ਚ ਖੇਡਿਆ ਅਤੇ 2009 'ਚ ਸੋਨੇ ਦਾ ਤਮਗਾ ਜਿੱਤਿਆ। ਉਹ ਪਿਛਲੇ ਸਾਲ ਹੀ ਪੰਜਾਬ ਪੁਲਸ 'ਚ ਭਰਤੀ ਹੋਏ ਸਨ।
ਦੱਸਣਯੋਗ ਹੈ ਕਿ ਦਵਿੰਦਰ ਸਿੰਘ ਨੇ ਵੱਖ-ਵੱਖ ਮੁਕਾਬਲਿਆਂ 'ਚ ਕਈ ਤਮਗੇ ਜਿੱਤੇ ਹਨ। 2013 'ਚ ਉਹ 20ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 4*400 ਮੀਟਰ ਰਿਲੇਅ ਦੌੜ 'ਚ ਚੌਥੇ ਸਥਾਨ 'ਤੇ ਰਹੇ ਸਨ। ਉਨ੍ਹਾਂ ਨੇ 51ਵੀਂ ਅੰਤਰਰਾਜੀ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਕ੍ਰਮਵਾਰ 400 ਮੀਟਰ ਅਤੇ 4*400 ਮੀਟਰ ਰਿਲੇਅ 'ਚ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ ਹੈ। 2013 ਅਤੇ 2014 'ਚ ਉਸ ਨੇ 4*400 ਮੀਟਰ ਦੇ ਇਵੈਂਟ 'ਚ ਕ੍ਰਮਵਾਰ 17ਵੀਂ ਅਤੇ 18ਵੀਂ ਸੀਨੀਅਰ ਫੈਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ 'ਚ ਕਾਂਸੀ ਦੇ ਤਮਗੇ ਜਿੱਤੇ ਸਨ।